ਪੰਜਾਬ ਪੱਛਮ ਦੇ ਵਿਚੋਂ ਆ ਰਹੇ ਹਮਲਾਵਾਰਾਂ ਦਾ ਮੂਲ
ਦਰਵਾਜ਼ਾ ਰਿਹਾ ਹੈ ਭਾਰਤ ਦੇ ਵਿਚ ਆਉਣ ਦਾ । ਉਸ ਸਮੇਂ ਤਾਂ ਖ਼ੈਰ ਭਾਰਤ ਇਕ ਦੇਸ਼ ਨਾ ਹੋ ਕਰ ਕਾਫ਼ੀ
ਦੇਸ਼ਾਂ ਦੇ ਵਿਚ ਵੰਡਿਆ ਹੋਇਆ ਸੀ । ਪਰ ਪੰਜਾਬ ਦੇ ਲੋਕਾਂ ਨੂੰ ਇਸਦਾ ਸਭ ਤੋਂ ਵੱਧ ਸੰਤਾਪ ਭੋਗਣਾ
ਪਿਆ । ਜਦੋਂ ਵੀ ਗੱਲ ਮੌਜੂਦਾ ਭਾਰਤ ਦੀ ਚੱਲੇਗੀ ਤਾਂ ਪੰਜਾਬੀ ਲੋਕਾਂ ਦਾ ਨਾਂਅ ਜ਼ਰੂਰ ਆਵੇਗਾ ।
ਚਾਹੇ ਪੁਰਾਣੇ ਸਮਿਆਂ ਦੇ ਵਿਚ ਚੱਲ ਰਹੀਆਂ ਲੁੱਟਾਂ-ਮਾਰਾਂ ਦੀ ਗੱਲ ਹੋਵੇ ਜਾਂ ਭਾਰਤ ਦੀ ਵੰਡ ਦੀ
ਦਾਸਤਾਨ, ਪੰਜਾਬ ਨੇ ਬਹੁਤ ਕੁਝ ਸਹਿਆ ਹੈ ਜਿਸਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ
ਕੀਤਾ ਜਾ ਸਕਦਾ ।
ਪੰਜਾਬ ਦੇ ਵਿਚ ਰਹਿਣ ਵਾਲੇ ਲੋਕ, ਚਾਹੇ ਉਹ ਕਿਸੇ ਵੀ ਖ਼ਿੱਤੇ ਜਾਂ
ਧਰਮ ਨਾਲ ਸੰਬੰਧਿਤ ਹੋਵੇ, ਉਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਆਪਣੇ ਪਿੰਡੇ ਤੇ ਹੰਢਾਈਆਂ ਹਨ । ਪੁਰਾਣਿਆਂ
ਸਮਿਆਂ ਦੇ ਵਿਚ ਵੀ ਤੇ ਹੁਣ ਦੇ ਸਮੇਂ ਦੇ ਵਿਚ ਵੀ । ਅਲੱਗ-ਅਲੱਗ ਲੋਕਾਂ ਦਾ ਸ਼ਾਸਨ ਪੰਜਾਬ ਦੇ
ਰਾਹੀਂ ਹੀ ਹੋਇਆ ਹੈ । ਇਹ ਰਸਤਾ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ।
ਇੰਨਾਂ ਕੁਝ ਦੇਖਣ ਤੋਂ ਬਾਅਦ ਵੀ
ਪੰਜਾਬੀ ਹਜੇ ਵੀ ਭੋਲੇ ਬਣ ਕੇ ਬੈਠੇ ਹਨ । ਉਹ ਓਨੇ ਸੁਚੇਤ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸੀ ।
ਖ਼ਾਸ ਕਰ ਜਦੋਂ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪੁਰਖਿਆਂ ਨੇ ਇੰਨਾ ਕੁਝ ਹੰਢਾਇਆ ਹੈ । ਇਹ ਅਜੋਕੇ
ਸਮੇਂ ਦੀ ਮਾਰ ਹੀ ਸਮਝੋ ਕਿ ਲੋਕਾਂ ਨੂੰ ਦੁਨੀਆਂ ਦੀ ਕੋਈ ਸਮਝ ਹੀ ਨਹੀਂ ਹੈ । ਉਹ ਇਹ ਵੀ ਨਹੀਂ
ਸਮਝ ਸਕਦੇ ਕਿ ਕੌਣ ਉਨ੍ਹਾਂ ਨੂੰ ਉਲਝਾ ਰਿਹਾ ਹੈ ਤੇ ਕੌਣ ਸਹੀ ਰਸਤਾ ਦਿਖਾ ਰਿਹਾ ਹੈ । ਇਹ ਇਸ
ਕਰਕੇ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਕਿਤਾਬਾਂ ਤੋਂ ਬਹੁਤ ਦੂਰ ਹੋ ਚੁੱਕੇ ਨੇ । ਮੈਂ ਕਿੰਨੇ
ਹੀ ਸਾਲ ਪੰਜਾਬ ਦੇ ਵਿਚ ਕੱਢੇ ਨੇ । ਪਰ ਮੈਨੂੰ ਆਪਣੇ ਦੋਸਤਾਂ-ਮਿੱਤਰਾਂ ਵਿਚੋਂ ਕੋਈ ਅਜਿਹਾ ਨਹੀਂ
ਮਿਲਿਆ ਜੋ ਕਿਤਾਬਾਂ ਪੜ੍ਹਦਾ ਹੋਵੇ, ਚਾਹੇ ਉਹ ਸ਼ੌਂਕੀਆ ਤੌਰ ਤੇ ਹੋਵੇ ਜਾਂ ਕਿਸੇ ਖ਼ਾਸ ਮਕਸਦ ਲਈ ।
ਉਨ੍ਹਾਂ ਲੋਕਾਂ ਨੂੰ ਗੁੰਮਰਾਹ
ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਜੋ ਕਿਤਾਬਾਂ ਨਹੀਂ ਪੜ੍ਹਦੇ, ਜੋ ਇਤਿਹਾਸ ਤੋਂ ਦੂਰ ਹੁੰਦੇ ਹਨ
।
ਦੁਨੀਆਂ ਦੀਆਂ ਬਹੁਤ ਭਾਸ਼ਾਵਾਂ
ਹਨ । ਪੰਜਾਬੀ ਭਾਸ਼ਾ ਵੀ ਬਹੁਤ ਹੱਦ ਤੱਕ ਬੋਲੀ ਜਾਂਦੀ ਹੈ । ਦੁਨੀਆਂ ਦੇ ਕੋਨੇ-ਕੋਨੇ ਵਿਚ ਪੰਜਾਬੀ
ਵਸੇ ਹੋਏ ਹਨ । ਪਰ ਕਿੰਨੇ ਅਜਿਹੇ ਪੰਜਾਬੀ ਲੇਖਕ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਆਪਣੇ
ਪੰਜਾਬੀ ਸਾਹਿਤ ਦੇ ਰਾਹੀਂ ਦੂਜੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਕੀਲ ਲਿਆ ਹੈ ? ਕਿੰਨੇ ਅਜਿਹੇ ਦੂਜੀਆਂ ਭਾਸ਼ਾਵਾਂ ਦੇ ਲੋਕ ਨੇ ਜੋ ਪੰਜਾਬੀ ਸਾਹਿਤ ਪੜ੍ਹਨਾ
ਚਾਹੁੰਦੇ ਨੇ ?
ਜਦੋਂ ਆਪਾਂ ਆਪਣੀ ਭਾਸ਼ਾ ਦੀਆਂ
ਕਿਤਾਬਾਂ ਨਹੀਂ ਪੜ੍ਹਦੇ ਤਾਂ ਦੂਜੇ ਕਿਵੇਂ ਆਪਣੀਆਂ ਕਿਤਾਬਾਂ ਪੜ੍ਹਨਗੇ । ਇਨ੍ਹਾਂ ਕਿਤਾਬਾਂ ਦੇ
ਰਾਹੀਂ ਹੀ ਆਪਾਂ ਨੂੰ ਬਹੁਤ ਕੁਝ ਮਿਲਣਾ ਹੈ । ਰਾਜਨੀਤੀ ਵੀ ਇਨ੍ਹਾਂ ਰਾਹੀਂ ਹੀ ਸਮਝਣੀ ਪੈਣੀ ਆ ।
ਆਪਣੇ ਤੇ ਹੋਈਆਂ ਅਣਹੋਈਆਂ ਵੀ ਇਨ੍ਹਾਂ ਨੇ ਹੀ ਬਿਆਨ ਕਰਨੀਆਂ ਨੇ । ਜੇ ਇਹ ਨਹੀਂ ਪੜ੍ਹੀਆਂ ਤਾਂ
ਫਿਰ ਜੋ ਲੋਕ ਆਪਾਂ ਨੂੰ ਦੱਸਣਗੇ ਉਹੀ ਆਪਣੇ ਕੋਲ ਰਹਿ ਜਾਵੇਗਾ । ਮੈਂ ਇਹ ਨਹੀਂ ਕਹਿੰਦਾ ਕਿ
ਸਾਰੀਆਂ ਕਿਤਾਬਾਂ ਦੇ ਵਿਚ ਠੀਕ ਹੀ ਲਿਖਿਆ ਹੋਵੇਗਾ । ਪਰ ਜਦੋਂ ਤੁਸੀਂ ਕਿਤਾਬਾਂ ਪੜ੍ਹਨੀਆਂ ਸ਼ੁਰੂ
ਕਰ ਦਿੰਦੇ ਹੋ ਤਾਂ ਫਿਰ ਤੁਸੀਂ ਇਸ ਤਾਂਘ ਦੇ ਵਿਚ ਰਹਿੰਦੇ ਹੋ ਕਿ ਇਹ ਚੀਜ਼ ਸਹੀ ਹੈ ਜਾਂ ਨਹੀਂ, ਤੁਸੀਂ ਹੋਰ ਘੋਖ ਕਰਦੇ ਹੋ ਫਿਰ
ਕਿਸੇ ਠੀਕ ਸਿੱਟੇ ਤੇ ਪਹੁੰਚਦੇ ਹੋ ।
ਇਹ ਲਿਖੇ ਜਾਣ ਦਾ ਕਾਰਣ ਕੁਝ ਕੁ
ਪੰਜਾਬੀ ਨੌਜਵਾਨ ਹਨ, ਜੋ ਇਹ ਸਭ ਕੁਝ ਸਮਝ ਨਹੀਂ ਸਕੇ । ਫ਼ੇਸਬੁੱਕ ਤੇ ਬਹੁਤ ਸਾਰੇ ਪੰਜਾਬੀਆਂ ਨੇ
ਪੰਜਾਬ ਤੇ ਸਿੱਖੀ ਦੀ ਗੱਲ ਕਰਨ ਦੇ ਲਈ ਆਪਣੇ ਪੇਜ ਬਣਾਏ ਨੇ । ਇਨ੍ਹਾਂ ਦੇ ਵਿਚ ਪਾਣੀਆਂ ਦੇ
ਮੁੱਦੇ ਦੀ ਵੀ ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ । ਹੁਣ ਦੀ ਨੌਜਵਾਨ ਪੀੜ੍ਹੀ ਨੂੰ
ਤਾਂ ਪਤਾ ਵੀ ਨੀ ਹੋਣਾ ਕਿ ਕਦੋਂ ਤੇ ਕਿਹੜੇ ਕਾਗਜ਼ ਤੇ ਦਸਤਖ਼ਤ ਕੀਤੇ ਗਏ ਸਨ ਤੇ ਉਸਦੇ ਕੀ ਸਿੱਟੇ
ਨਿਕਲੇ ।
ਪੰਜਾਬ ਦੇ ਪਾਣੀਆਂ ਦਾ ਮੁੱਦਾ
ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ । ਨੌਜਵਾਨ ਪੀੜ੍ਹੀ ਨੂੰ ਇਸਦੀ ਕੋਈ ਸੁੱਝ-ਬੁੱਝ ਨਹੀਂ ਹੈ । ਕਿਸੇ
ਨੇ ਟਿੱਪਣੀ ਕੀਤੀ ਕਿ ਇਹ ਪਾਣੀਆਂ ਦੇ ਮੁੱਦੇ ਕੋਈ ਮੁੱਦੇ ਨਹੀਂ, ਸਾਨੂੰ ਕੇਜਰੀਵਾਲ ਵਾਂਗ ਸਕੂਲਾਂ
ਦੀ ਤੇ ਸਿਹਤ ਸੰਬੰਧੀ ਚੀਜ਼ਾਂ ਦੀ ਗੱਲ ਕਰਨੀ ਚਾਹੀਦੀ ਹੈ । ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ
ਨੌਜਵਾਨਾਂ ਨੂੰ ਆਪਣੇ ਸਭਿਆਚਾਰ ਤੇ ਇਤਿਹਾਸ ਨਾਲ ਕੋਈ ਮਤਲਬ ਹੀ ਨਹੀਂ ਹੈ । ਸ਼ਾਇਦ ਉਨ੍ਹਾਂ ਨੂੰ
ਫ਼ਰਕ ਨੀ ਪੈਂਦਾ ਕਿ ਪੰਜਾਬ ਨੂੰ ਕਿਸ-ਕਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਹੈ । ਜਿਨ੍ਹਾਂ ਚੀਜ਼ਾਂ
ਲਈ ਆਪਣੇ ਪੁਰਖਿਆਂ ਨੇ ਸ਼ਹੀਦੀਆਂ ਦਿੱਤੀਆਂ, ਉਹ ਹੁਣ ਮੁੱਦੇ ਨਹੀਂ ਰਹੇ ? ਕਮਾਲ ਹੋ ਗਈ ।
ਮੇਰਾ ਇਹ ਮਤਲਬ ਨਹੀਂ ਕਿ ਵਧੀਆ
ਸਕੂਲ ਤੇ ਹਸਪਤਾਲਾਂ ਦੀ ਗੱਲ ਨਹੀਂ ਕਰਨੀ ਚਾਹੀਦੀ । ਪਹਿਲੀ ਚੀਜ਼ ਉਹ ਹੋਣੀ ਚਾਹੀਦੀ ਹੈ ਜਿਸ ਵਿਚ
ਤੁਹਾਡੇ ਰਹਿਣ ਨਾਲ ਸੰਬੰਧਿਤ ਚੀਜ਼ਾਂ ਹੋਣ । ਮੰਨ ਲੋ ਕਿ ਸਰਕਾਰ ਕਹਿੰਦੀ ਹੈ ਕਿ ਸਾਰੀ ਜ਼ਮੀਨ ਹੀ
ਉਨ੍ਹਾਂ ਦੀ ਹੈ ਤੇ ਤੁਹਾਨੂੰ ਆਪਣੇ ਬਣਾਏ ਘਰ ਦੇ ਵਿਚ ਰਹਿਣ ਲਈ ਸਰਕਾਰ ਨੂੰ ਹਰ ਸਾਲ ਕਰਾਇਆ ਦੇਣਾ
ਪਵੇਗਾ, ਤੇ ਆਪਾਂ ਇਸ ਗੱਲ ਵੱਲ ਧਿਆਨ ਦੇਈਏ ਕਿ ਸਾਨੂੰ ਸਕੂਲ ਚਾਹੀਦੇ ਨੇ ਤਾਂ ਆਪਾਂ
ਬੇਵਕੂਫ਼ਾਂ ਦੇ ਗਰੁੱਪ ਦੇ ਵਿਚ ਆਉਂਦੇ ਹਾਂ । ਜਿਹੜੇ ਆਪਣੇ ਘਰ ਨੂੰ ਹੀ ਲੁੱਟਣ ਦੀ ਗੱਲ ਕਰ ਰਹੇ
ਹੋਣ, ਉਨ੍ਹਾਂ ਬਾਰੇ ਗੱਲ ਕਰਨੀ ਲਾਜ਼ਮੀ ਬਣ ਜਾਂਦੀ ਹੈ ।
ਸ਼ਾਇਦ ਇਹ ਵੀ ਕਾਰਣ ਹੋਵੇ ਕਿ ਆਪਾਂ
ਕਿਸਾਨ ਨਹੀਂ ਹਾਂ ਤੇ ਸਾਨੂੰ ਫ਼ਰਕ ਨਹੀਂ ਪੈਂਦਾ ਕਿ ਕਿਹੜਾ ਪਾਣੀ ਕਿੱਧਰ ਨੂੰ ਜਾਂਦਾ ਹੈ, ਕਿਉਂਕਿ ਹੁਣ ਤਾਂ ਘਰ-ਘਰ ਬੋਰ
ਹੁੰਦੇ ਹਨ । ਆਪਣੇ ਘਰ ਪਾਣੀ ਆਉਂਦਾ ਹੈ, ਠੀਕ ਹੈ । ਦੂਜੇ ਤੋਂ ਆਪਾਂ ਕੀ
ਲੈਣਾ । ਇਹ ਵਰਤੀਰਾ ਆਪਾਂ ਨੂੰ ਬਦਲਣਾ ਪਵੇਗਾ । ਇਸਦੇ ਨਾਲ-ਨਾਲ ਕਿਸਾਨ ਭਰਾਵਾਂ ਨੂੰ ਵੀ ਧਿਆਨ
ਦੇਣਾ ਪਵੇਗਾ ਕਿਉਂਕਿ ਧਰਤੀ ਵਿਚੋਂ ਪਾਣੀ ਇਕ-ਨਾ-ਇਕ ਦਿਨ ਮੁੱਕ ਹੀ ਜਾਵੇਗਾ ਜਿਸ ਹਿਸਾਬ ਨਾਲ
ਆਪਾਂ ਵਰਤ ਰਹੇ ਹਾਂ । ਫਿਰ ਕੀ ਕਰਾਂਗੇ ਆਪਾਂ ? ਜਦੋਂ ਹੱਥੋਂ ਸਾਰਾ ਕੁਝ ਖੁੱਸ
ਗਿਆ ਓਦੋਂ ਸਮਝਾਂਗੇ ?
ਆਉ ਸਭ ਮਿਲ ਕੇ ਅੱਖਾਂ ਖੋਲ ਕੇ
ਵਿਚਰੀਏ ਇਸ ਦੁਨੀਆਂ ਦੇ ਵਿਚ ਨਹੀਂ ਤਾਂ ਆਪਾਂ ਆਪਣੇ ਵਿਰਸੇ ਤੋਂ ਅਣਜਾਣ ਹੋ ਜਾਵਾਂਗੇ । ਆਪਣੇ
ਪੁਰਖਿਆਂ ਵੱਲੋਂ ਦਿੱਤੀਆਂ ਸ਼ਹੀਦੀਆਂ ਭੁੱਲ ਜਾਵਾਂਗੇ । ਆਪਣਾ ਘਰ ਲੁੱਟਿਆ ਜਾ ਰਿਹਾ ਹੋਵੇਗਾ ਤੇ
ਆਪਾਂ ਨੂੰ ਫ਼ਰਕ ਹੀ ਨਹੀਂ ਪਵੇਗਾ ।