Sunday, July 26, 2020

Dharam Singh and Gurbani

ਧਰਮ ਸਿੰਘ ਅਤੇ ਗੁਰਬਾਣੀ

 

ਗੁਰਬਾਣੀ ਦੇ ਅਰਥ ਕਈ ਪ੍ਰਕਾਰ ਨਾਲ ਕੀਤੇ ਗਏ ਨੇ । ਇਸ ਨਾਲ ਅਰਥਾਂ ਦੇ ਭੰਡਾਰ ਸਾਹਮਣੇ ਆਏ ਨੇ । ਕੁਝ ਉਹ ਪ੍ਰਣਾਲੀਆਂ ਹਨ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਭਾਈ ਮਨੀ ਸਿੰਘ ਜੀ ਵਾਲੀ ਤੇ ਬਾਬਾ ਦੀਪ ਸਿੰਘ ਜੀ ਵਾਲੀਆਂ ਟਕਸਾਲਾਂ ਪ੍ਰਸਿੱਧ ਹਨ । ਇਨ੍ਹਾਂ ਸੰਪਰਦਾਵਾਂ ਦੇ ਅਰਥ ਬਹੁਤ ਮਾਨਤਾ ਪ੍ਰਾਪਤ ਇਸ ਲਈ ਬਣ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅਰਥ ਕੀਤੇ ਸਨ ਅਤੇ ਸਿੰਘਾਂ ਨੂੰ ਪੜ੍ਹਾਏ ।

ਕਈ ਅਰਥ ਉਹ ਵੀ ਬਣ ਗਏ ਜੋ ਵਿਆਕਰਣ ਵਿੱਚੋਂ ਆਏ । ਬਹੁਤ ਸਾਰੇ ਟੀਕੇ ਇਸ ਤਰ੍ਹਾਂ ਕੀਤੇ ਹੋਏ ਵੀ ਮਿਲਦੇ ਹਨ । ਕੁਝ ਅਰਥ ਉਹ ਵੀ ਬਣ ਗਏ ਜੋ ਭਗਤੀ ਵਿੱਚੋਂ ਆਏ, ਜੋ ਗੁਰੂ ਨਾਲ ਲੱਗੀ ਪ੍ਰੀਤ ਵਿੱਚੋਂ ਉਪਜੇ । ਇਹ ਉਹ ਡੂੰਗੇ ਅਰਥ ਹਨ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੁੰਦੇ ਹਨ । ਇਨ੍ਹਾਂ ਅਰਥਾਂ ਨਾਲ ਉਹ ਗੁੱਝੇ ਭੇਦ ਪਤਾ ਚੱਲਦੇ ਆ ਜੋ ਸ਼ਾਇਦ ਹੋਰ ਤਰੀਕੇ ਨਾਲ ਪਤਾ ਵੀ ਨਾ ਲੱਗਣ ।

ਜੋ ਵੀ ਅਰਥ ਹੋਣ, ਧਿਆਨ ਪਰਮਾਤਮਾ ਵਿੱਚ ਜੁੜਨਾ ਚਾਹੀਦਾ ਹੈ । ਜੇਕਰ ਧਿਆਨ ਪਰਮਾਤਮਾ ਵਿੱਚ ਨਹੀਂ ਜੁੜ ਰਿਹਾ ਤਾਂ ਕੋਈ ਫ਼ਾਇਦਾ ਨਹੀਂ ।

ਕਈਆਂ ਦੇ ਅਰਥ ਸਿਵਾਏ ਦਲੀਲਾਂ ਦੇ ਹੋਰ ਕੁਝ ਨਹੀਂ ਹੁੰਦੇ । ਉਹ ਆਪਣੀ ਹੀ ਦੁਨੀਆਂ ਦੇ ਵਿੱਚ ਹੁੰਦੇ ਨੇ । ਉਨ੍ਹਾਂ ਨੂੰ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਸਾਡੇ ਤੋਂ ਵੱਡਾ ਕੋਈ ਵਿਆਖਿਆਕਾਰ ਹੋਰ ਹੈ ਹੀ ਨਹੀਂ, ਸਾਰੇ ਲੋਕ ਬਸ ਭਰਮ ਵਿੱਚ ਹੀ ਰਹਿ ਰਹੇ ਸੀ । ਅਸੀਂ ਹੀ ਸਹੀ ਅਰਥ ਕੀਤੇ ਆ । ਇਹੋ ਜਾ ਹੀ ਭਰਮ ਪਾਲ ਕੇ ਬੈਠਾ ਧਰਮ ਸਿੰਘ ਜੋ ਸੱਚ ਖੋਜ ਨਾਮੀ ਸੰਸਥਾ ਚਲਾਉਂਦਾ । ਵਿਆਖਿਆਕਾਰ ਬਹੁਤ ਨੇ, ਪਰ ਜੋ ਘੁਮੰਡ ਤੇ ਹਉਮੈ ਧਰਮ ਸਿੰਘ ਵਿੱਚ ਹੈ ਉਹ ਦੂਰੋਂ ਹੀ ਝਲਕਦੀ ਹੈ । ਉਸਦੀ ਆਵਾਜ਼ ਵਿੱਚ ਹਉਮੈ ਭਰ-ਭਰ ਕੇ ਬਾਹਰ ਆਉਂਦੀ ਹੈ ।

ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਅਵਾਜ਼ ਉਠਾਈ ਕਿ ਇਹ ਸਿਧਾਂਤਾਂ ਤੇ ਇਕ ਵਾਰ ਤੋਂ ਘੱਟ ਨਹੀਂ ਹੈ । ਧਰਮ ਸਿੰਘ ਨੇ ਜੋ ਸਿੱਖਾਂ ਦੀ ਬੁਨਿਆਦੀ ਮਰਯਾਦਾ ਹੈ ਉਸ ਤੇ ਹੀ ਕਿੰਤੂ ਕਰ ਦਿੱਤਾ ਹੈ । ਉਹ ਹੈ ਨਾਮ ਸਿਮਰਨ । ਧਰਮ ਸਿੰਘ ਦਾ ਕਹਿਣਾ ਹੈ ਕਿ ਬਾਰ-ਬਾਰ ਵਾਹਿਗੁਰੂ-ਵਾਹਿਗੁਰੂ ਕਹਿਣਾ ਨਾਮ ਸਿਮਰਨ ਨਹੀਂ । ਇਹ ਉਸੇ ਸੰਦਰਭ ਵਿੱਚ ਹੈ ਜਿਵੇਂ ਮਿਸ਼ਨਰੀ ਪ੍ਰਚਾਰ ਕਰਦੇ ਹਨ । ਇਥੇ ਇਹ ਭਾਵ ਨਹੀਂ ਕਿ ਇਨ੍ਹਾਂ ਦੋਨਾਂ ਦਾ ਇਕੋ ਭਾਵ ਹੈ । ਮਿਸ਼ਨਰੀ ਤੇ ਧਰਮ ਸਿੰਘ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ । ਹਾਲਾਂਕਿ ਦੋਨਾਂ ਵਿੱਚ ਸਮਾਨਤਾਵਾਂ ਵੀ ਕਾਫ਼ੀ ਹਨ ।

ਕੁਝ ਅਜਿਹੇ ਵੀ ਹਨ ਜੋ ਧਰਮ ਸਿੰਘ ਨੂੰ ਮੁਲੋਂ ਹੀ ਰੱਦ ਕਰ ਦਿੰਦੇ ਨੇ । ਇਹ ਵੀ ਇੱਕ ਗ਼ਲਤ ਤਰੀਕਾ ਹੈ । ਰੱਦ ਉਹ ਚੀਜ਼ ਕਰੋ ਜੋ ਗ਼ਲਤ ਹੋਵੇ । ਧਰਮ ਸਿੰਘ ਦੀਆਂ ਸਾਰੀਆਂ ਗੱਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ । ਤੇ ਨਾ ਹੀ ਸਾਰੀਆਂ ਨੂੰ ਮੰਨਿਆ ਜਾ ਸਕਦਾ ਹੈ ।

ਜਦੋਂ ਵੀ ਕੋਈ ਉਸਨੂੰ ਪਹਿਲੀ ਵਾਰੀ ਸੁਣਦਾ ਹੈ ਉਹ ਜ਼ਰੂਰ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਮੈਂ ਹੁਣ ਤੱਕ ਗ਼ਲਤ ਹੀ ਸੁਣਦਾ ਆ ਰਿਹਾ ਸੀ ਅਰਥ । ਗੱਲਾ ਜ਼ਰੂਰ ਅਗੰਮੀ ਲੱਗਦੀਆਂ । ਪਰ ਹੌਲੀ-ਹੌਲੀ ਸਮਝ ਵਿੱਚ ਪੈਂਦਾ ਕਿ ਇਸ ਦੀਆਂ ਗੱਲਾਂ ਜਾਂ ਅਰਥ ਸਹੀ ਨਹੀਂ ਹਨ । ਜੋ ਇਹ ਆਪਣੀਆਂ ਗੱਲਾਂ ਵਿੱਚ ਇਹ ਦਰਸਾਉਣ ਦਾ ਯਤਨ ਕਰਦਾ ਹੈ ਕਿ ਸਹੀ ਹਨ, ਉਹ ਬਾਕੀ ਤੁਕਾਂ ਰਾਹੀਂ ਗ਼ਲਤ ਹੋ ਜਾਂਦੀਆਂ ਹਨ । ਇਥੇ ਆਪਾਂ ਛੋਟੀ ਜਿਹੀ ਉਦਾਹਰਣ ਦੇਖ ਲੈਂਦੇ ਹਾਂ ।

1.  ਕਾਲੁ ਅਕਾਲੁ ਖਸਮ ਕਾ kIn@w ਇਹੁ ਪਰਪੰਚੁ ਬਧਾਵਨੁ ॥ - ਅੰਗ 1104

ਧਰਮ ਸਿੰਘ ਹੋਣਾ ਦਾ ਇਹ ਕਹਿਣਾ ਹੈ ਕਿ ਕੀਨਾ ਕਾਲ ਅਤੇ ਅਕਾਲ ਦੋਨਾਂ ਲਈ ਨਹੀਂ ਬਲਕਿ ਸਿਰਫ਼ ਅਕਾਲ ਲਈ ਹੈ ਕਿ ਅਕਾਲ ਨੇ ਕਾਲ ਕੀਤਾ ।  ਇਸ ਨੂੰ ਲੈ ਕੇ ਉਹ ਏਨੇ ਹਉਮੈ ਗ੍ਰਸਤ ਦਿਖੇ ਕਥਾ ਕਰਦੇ ਹੋਏ ਕਿ ਬਿਆਨ ਨੀ ਕੀਤਾ ਜਾ ਸਕਦਾ । ਭਾਵ ਇਸਦਾ ਇਹ ਹੈ ਕਿ ਮੌਤ ਤੇ ਜਨਮ ਪਰਮਾਤਮਾ ਨੇ ਬਣਾਏ ਹੋਏ ਨੇ । ਜੇ ਸਿਰਫ਼ ਮੌਤ ਹੀ ਬਣਾਈ ਆ ਪਰਮਾਤਮਾ ਨੇ ਤਾਂ ਜ਼ਿੰਦਗੀ ਦੇਣ ਵਾਲਾ ਕੋਈ ਹੋਰ ਹੈ ? ਪਰ ਉਨ੍ਹਾਂ ਦਾ ਕਹਿਣਾ ਕਿ ਕੀਨਾ ਇਕ ਵਚਨ ਹੈ, ਇਸ ਲਈ ਇਹ ਕਾਲ ਤੇ ਅਕਾਲ ਦੋਨਾਂ ਲਈ ਨਹੀਂ ਹੋ ਸਕਦਾ । ਜੇ ਹੁੰਦਾ ਤਾਂ ਲਫ਼ਜ਼ ਕੀਨੇ ਹੋਣਾ ਸੀ । ਕੁਝ ਇਸ ਤਰ੍ਹਾਂ ਦੇ ਵਿਚਾਰ ਸਨ ਧਰਮ ਸਿੰਘ ਹੋਣਾ ਦੇ ।

ਪਰ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਸਤਰਾਂ ਮਿਲਦੀਆਂ ਹਨ ਜੋ ਇਸ ਤਰ੍ਹਾਂ ਦੀ ਵਿਆਖਿਆ ਨੂੰ ਨਕਾਰਦੀਆਂ ਹਨ ।

2.  ਕੀਆ ਦਿਨਸੁ ਸਭ ਰਾਤੀ ॥ - ਅੰਗ 1003

ਜੇਕਰ ਆਪਾਂ ਇਸੇ ਤਰ੍ਹਾਂ ਨਾਲ ਚੱਲੀਏ ਤਾਂ ਉਪਰਲੀ ਸਤਰ ਵਿਚ ਕੀਏ ਹੋਣਾ ਚਾਹੀਦਾ ਸੀ । ਪਰ ਅਜਿਹਾ ਨਹੀਂ ਹੈ (ਯਾ ਫਿਰ ਇਹ ਅਰਥ ਲਾ ਲਈਏ ਕਿ ਸਾਰੇ ਦਿਨ ਨੂੰ ਰਾਤ ਕਰ ਦਿੱਤੀ ? ਪਰ ਫਿਰ ਪੂਰੇ ਸ਼ਬਦ ਦਾ ਅਰਥ ਇਹ ਭਾਵ ਨਹੀਂ ਦਿੰਦਾ ।) । ਇਸ ਤਰ੍ਹਾਂ ਦੇ ਕਈ ਸ਼ਬਦ ਗੁਰਬਾਣੀ ਵਿਚ ਮਿਲ ਜਾਣਗੇ । ਸੋ ਕਹਿਣ ਤੋਂ ਭਾਵ ਇਹ ਕਿ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਪਤਾ ਚਲ ਜਾਂਦਾ ਹੈ । ਤੁਸੀਂ ਖ਼ੁਦ ਬਾਣੀ ਪੜ੍ਹੋ, ਨਾਮ ਸਿਮਰਨ ਕਰੋ, ਇਤਿਹਾਸ ਸੁਣੋ, ਫਿਰ ਤੁਹਾਨੂੰ ਖ਼ੁਦ ਪਤਾ ਚੱਲੇਗਾ ਕਿ ਕੌਣ ਪਰਚਾਰ ਸਹੀ ਕਰਦਾ ਤੇ ਕੌਣ ਗ਼ਲਤ । ਪਰ ਆਪਣੀ ਸਭ ਤੋਂ ਵੱਡੀ ਤ੍ਰਾਸਦੀ ਇਹੋ ਰਹੀ ਹੈ ਕਿ ਆਪਾਂ ਕੁਝ ਵੀ ਨਹੀਂ ਕਰਦੇ । ਜਾਂ ਤਾਂ ਹੋਵੇ ਕੋਈ ਸੰਤ-ਮਹਾਤਮਾ, ਫਿਰ ਤਾਂ ਬੰਦਾ ਗੱਲ ਮੰਨ ਵੀ ਸਕਦਾ ਹੈ । ਪਰ ਉਨ੍ਹਾਂ ਲੋਕਾਂ ਦੀਆਂ ਸੁਣਨੀਆਂ ਜੋ ਖ਼ੁਦ ਅੱਧ-ਪਚੱਦੀਆ ਗੱਲਾਂ ਦੱਸਦੇ ਨੇ ਕੋਈ ਸਿਆਣਪ ਵਾਲੀ ਗੱਲ ਨਹੀਂ ।

ਧਰਮ ਸਿੰਘ ਤੇ ਮਿਸ਼ਨਰੀਆਂ ਵਿਚ ਇਕ ਗੱਲ ਸਾਂਝੀ ਆ ਉਹ ਇਹ ਕਿ ਇਹ ਦੋਨੋਂ ਨਾਮ-ਸਿਮਰਨ ਨੂੰ ਨਹੀਂ ਮੰਨਦੇ । ਧਰਮ ਸਿੰਘ ਅਜੱਪਾ-ਜਾਪ ਕਹਿੰਦਾ ਹੈ । ਪਰ ਇਹ ਕਿੰਨੇ ਲੋਕਾਂ ਨੇ ਬਿਨਾਂ ਮੂੰਹ ਨਾਲ ਜਪੇ ਚਲਾ ਲਿਆ ਹੈ ? ਕੀ ਇਹ ਚਲਾਉਣਾ ਏਨਾ ਸੌਖਾ ਹੁੰਦਾ ?  ਨਾਲੇ ਇਹ ਇੱਦਾਂ ਨਹੀਂ ਕਿ ਇਹ ਵਿਚਾਰਧਾਰਾ ਸਾਰੇ ਨਿਹੰਗ ਸਿੰਘਾਂ ਦੀ ਹੈ । ਬਹੁਤ ਸਾਰੇ ਨਿਹੰਗ ਸਿੰਘ ਸਿਮਰਨ ਕਰਦੇ ਹਨ, ਹੱਥ ਵਿੱਚ ਮਾਲਾ ਵੀ ਹੁੰਦੀ ਹੈ, ਮੂਲ ਮੰਤਰ ਵੀ ਕਰਦੇ ਹਨ । ਧਰਮ ਸਿੰਘ ਇਹ ਨਹੀਂ ਕਿ ਸੱਚਖੰਡ ਨੂੰ ਨਹੀਂ ਮੰਨਦਾ ਜਾਂ ਆਤਮਾ ਨੂੰ ਨਹੀਂ ਮੰਨਦਾ । ਉਹ ਮੰਨਦਾ ਹੈ । ਪਰ ਜੋ ਕੰਧ ਹੈ ਸਿੱਖੀ ਦੀ ਉਸ ਤੋਂ ਮੁਨਕਰ ਹੈ ।

ਦੂਜੀ ਗੱਲ ਜੋ ਸਾਂਝੀ ਹੈ ਇਨ੍ਹਾਂ ਵਿੱਚ ਉਹ ਇਹ ਕਿ ਜੋ ਇਨ੍ਹਾਂ ਦੀ ਗੱਲ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਹ ਪੰਡਤਾਂ ਵਾਲੇ ਅਰਥ ਕਰਦਾ ਪਿਆ । ਢੱਡਰੀਆਂਵਾਲਾ, ਨੇਕੀ, ਬਲਜੀਤ ਦਿੱਲੀ ਕੁਝ ਉਭਰਦੇ ਚਿਹਰੇ ਹਨ, ਜੋ ਇਹ ਕਹਿੰਦੇ ਨਹੀਂ ਥੱਕਦੇ ਕਿ ਮੈਂ ਪੁਜਾਰੀ ਵਾਲੇ ਰੱਬ ਨੂੰ ਨਹੀਂ ਮੰਨਦਾ । ਧਰਮ ਸਿੰਘ ਦਾ ਇਹ ਬਿਆਨ ਨਹੀਂ, ਪਰ ਉਹ ਇਹ ਜ਼ਰੂਰ ਕਹਿੰਦਾ ਹੈ ਕਿ ਇਹ ਪੰਡਤਾਂ ਵਾਲੇ ਅਰਥ ਹਨ । ਏਂਦੇ ਮੁਤਾਬਕ ਜੋ ਅਰਥ ਇਹ ਕਰਦਾ ਹੈ, ਜਿਵੇਂ ਕਿ ਹਰ ਇਕ ਸ਼ਬਦ ਨਾਲ ਮਨ, ਚਿੱਤ, ਹੁਕਮ, ਆਦਿ ਜੋੜ ਦੇਣਾ, ਓਹੀਓ ਹੀ ਸਹੀ ਹੈ, ਬਾਕੀ ਸਭ ਗ਼ਲਤ ।

ਸਿੱਖ ਧਰਮ ਅੰਦਰ ਬਹੁਤ ਸਾਰੇ ਲੋਕਾਂ ਨੇ ਅਰਥ ਕੀਤੇ ਗੁਰਬਾਣੀ ਦੇ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਮੇਰੇ ਅਰਥ ਹੀ ਸਹੀ ਨੇ । ਪਰ ਧਰਮ ਸਿੰਘ ਦੀਆਂ ਗੱਲਾਂ ਤੋਂ ਇਹ ਜਾਪਦਾ ਹੈ ਕਿ ਹੈ ਕਿ ਸਾਰੀ ਦੁਨੀਆਂ ਨੇ ਹੀ ਗ਼ਲਤ ਅਰਥ ਕੀਤੇ ਨੇ ਸਿਰਫ਼ ਇਹੀਓ ਸਹੀ ਅਰਥ ਕਰਦਾ ਹੈ । ਇਹੋ ਜਿਹੀ ਹਉਮੈ ਨੂੰ ਤਿਆਗਣਾ ਚਾਹੀਦਾ ਹੈ ਤੇ ਨਿਮਾਣੇ ਜੇ ਬਣ ਕੇ ਕਥਾ ਕਰਨੀ ਚਾਹੀਦੀ ਹੈ । ਬਹੁਤ ਸਾਰੀਆਂ ਗੱਲਾਂ ਉਸ ਦੀਆਂ ਸਹੀ ਹਨ ਪਰ ਜੋ ਗੁਰਬਾਣੀ ਵਿਰੁੱਧ ਗੱਲਾਂ ਨੇ ਉਹ ਜ਼ਰੂਰ ਉਸਨੂੰ ਵਾਚਣੀਆਂ ਚਾਹੀਦੀਆਂ ਹਨ । ਤੇ ਗੁਰਇਤਿਹਾਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ, ਜਿਵੇਂ ਮਿਸ਼ਨਰੀ ਕਰਦੇ ਨੇ । ਇਹ ਤੀਜੀ ਸਮਾਨਤਾ ਹੈ ।

Tuesday, July 14, 2020

Brahm kavach, panth and tu-tu main-main

ਬ੍ਰਹਮ ਕਵਚ, ਪੰਥ, ਅਤੇ ਤੂੰ-ਤੂੰ ਮੈਂ-ਮੈਂ

 

ਪਿਛਲੇ ਕੁਝ ਸਮੇਂ ਤੋਂ ਪੰਥ ਵਿਚ 'ਬ੍ਰਹਮ ਕਵਚ' ਬਾਰੇ ਚਰਚਾ ਚੱਲ ਰਹੀ ਹੈ । ਇਸ ਵਿਚ ਬ੍ਰਹਮ ਕਵਚ ਦਾ ਬਾਣੀ ਹੋਣ ਜਾਂ ਨਾ ਹੋਣ ਬਾਰੇ ਤੇ ਚਰਚਾ ਘੱਟ ਤੇ ਇਕ ਦੂਜੇ ਉੱਤੇ ਵਾਰ ਅਤੇ ਤੂੰ-ਤੂੰ ਮੈਂ-ਮੈਂ ਜ਼ਿਆਦਾ ਹੋ ਰਹੀ ਹੈ । ਇਹ ਬਹੁਤ ਹੀ ਚਿੰਤਾਜਨਕ ਮੁੱਦਾ ਹੈ । ਪੂਰੇ ਸੰਸਾਰ ਦੇ ਵਿਚ ਇਹ ਗੱਲਾਂ ਜਾ ਰਹੀਆਂ ਹਨ, ਅਤੇ ਇਸ ਨਾਲ ਪੰਥ ਦਾ ਕੋਈ ਜ਼ਿਆਦਾ ਇੱਜ਼ਤ-ਮਾਣ ਨਹੀਂ ਵੱਧ ਰਿਹਾ ਸਗੋਂ ਉਹ ਲੋਕ ਜੋ ਸਿੱਖਾਂ ਨੂੰ ਆਪਸ ਵਿਚ ਲੜ੍ਹਨਾ ਦੇਖਣਾ ਚਾਹੁੰਦੇ ਹਨ ਉਹ ਜ਼ਰੂਰ ਖ਼ੁਸ਼ ਹੋ ਰਹੇ ਨੇ ।

ਗਿਆਨੀ ਹਰਨਾਮ ਸਿੰਘ ਧੁੰਮਾ ਹੋਣਾ ਨੇ ਕਥਾ ਕਰਦੇ ਹੋਏ ਇਹ ਕਿਹਾ ਸੀ ਕਿ ਬ੍ਰਹਮ ਕਵਚ, ਉਗਰਦੰਤੀ ਅਤੇ ਗੋਬਿੰਦ ਗੀਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨਹੀਂ ਹਨ ।[1] ਇਸ ਤੋਂ ਇਹ ਸਾਰਾ ਮੁੱਦਾ ਸ਼ੁਰੂ ਹੋਇਆ । ਜੋ ਇਨ੍ਹਾਂ ਨੂੰ ਬਾਣੀਆਂ ਮੰਨਦੇ ਨੇ ਉਨ੍ਹਾਂ ਬਾਬਾ ਹਰਨਾਮ ਸਿੰਘ ਹੋਣਾ ਨੂੰ ਮੰਦਾ ਬੋਲਿਆ ਕਿ ਸ਼ਹੀਦੀ ਦਿਨਾਂ ਦੇ ਵਿਚ ਇਹ ਮੁੱਦੇ ਨਹੀਂ ਚੁੱਕਣੇ ਚਾਹੀਦੇ ਸਨ । ਪਰ ਇਹ ਕਹਿਣਾ ਕਿ ਇਹ ਜਾਣਬੁਝ ਕੇ ਕੀਤਾ ਗਿਆ ਸੀ, ਇਹ ਮੰਨਣਯੋਗ ਨਹੀਂ ਜਾਪਦਾ ।

ਸੂਰਜ ਪ੍ਰਕਾਸ਼ ਦੀ ਰਾਸ ਤੀਸਰੀ ਅਤੇ ਅਧਿਆਇ ਛਿਆਹਠਵੇਂ ਦੀ ਕਥਾ ਕਰਦੇ ਹੋਏ ਹਰਬੰਸ ਤਪੇ ਦਾ ਪ੍ਰਸੰਗ ਆਇਆ ਕਿ ਕੁਝ ਸਿੱਖਾਂ ਨੇ ਉਸਨੂੰ ਕਿਹਾ ਕਿ ਭਾਈ ਗੁਰਦਾਸ ਜੀ ਦੀ ਬਾਣੀ ਨਹੀਂ ਪੜ੍ਹਨੀ ਚਾਹੀਦੀ, ਸਿਰਫ਼ ਗੁਰਬਾਣੀ ਪੜ੍ਹੀ ਜਾਵੇ । ਇਸਨੂੰ ਸੁਲਝਾਉਣ ਦੇ ਲਈ ਉਹ ਗੁਰੂ ਅਰਜਨ ਦੇਵ ਜੀ ਕੋਲ ਚਲੇ ਗਏ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਪੜ੍ਹਨੀ ਚਾਹੀਦੀ ਹੈ । ਜਦੋਂ ਇਸ ਲੈਅ ਦੇ ਵਿਚ ਦੇਖੀਏ ਤਾਂ ਉਨ੍ਹਾਂ ਬਾਣੀਆਂ ਨੂੰ ਜੋ ਟਕਸਾਲ ਪ੍ਰਵਾਨ ਨਹੀਂ ਕਰਦੀ, ਜਾਂ ਜੋ ਟਕਸਾਲ ਮੁਖੀ ਨੂੰ ਸਹੀ ਨਹੀਂ ਲੱਗਦੀਆਂ, ਉਹ ਆਪਣੇ ਆਪ ਇਥੇ ਆ ਜੁਣਨਗੀਆਂ । ਇਹ ਕੋਈ ਨਵੀਂ ਗੱਲ ਨਹੀਂ । ਕਥਾ ਦੇ ਨਾਲ ਜੁੜ੍ਹਦੀਆਂ ਕਈ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਹਨ । ਜਾਣਬੁਝ ਕੇ ਇਹ ਕਿਹਾ ਗਿਆ ਜਾਂ ਸ਼ਹੀਦੀਆਂ ਦੇ ਦਿਨਾਂ ਵਿਚ ਕਿਹਾ ਗਿਆ ਨਿਰਮੂਲ ਜਿਹਾ ਲੱਗਦਾ ਹੈ ਜਦੋਂ ਪੂਰੀ ਕਥਾ ਨੂੰ ਸੁਣਿਆ ਜਾਵੇ ।

ਜਦ ਮੁੱਦਾ ਥੋੜ੍ਹਾ ਜਾ ਗ਼ਰਮਾਇਆ ਤਾਂ ਬਾਬਾ ਹਰਨਾਮ ਸਿੰਘ ਹੋਣਾ ਨੇ ਇਹ ਕਹਿ ਕੇ ਆਪਣੀ ਗੱਲ ਨੂੰ ਸਹੀ ਦਰਸਾਇਆ ਕਿ ਇਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਨਹੀਂ ਹਨ । ਜੇਕਰ ਇਹ ਬਾਣੀਆਂ ਗੁਰੂ ਸਾਹਿਬ ਦੀਆਂ ਹੁੰਦੀਆਂ ਤਾਂ ਸੋਧਕ ਕਮੇਟੀ ਵੱਲੋਂ ਇਹ ਬਾਣੀਆਂ ਦਰਜ਼ ਕੀਤੀਆਂ ਜਾਣੀਆਂ ਸਨ, ਪਰ ਅਜਿਹਾ ਨਹੀਂ ਹੋਇਆ । ਹਾਂ, ਪਹਿਲੀ ਜੂਨ ਦੀ ਕਥਾ ਵਿਚ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਬ੍ਰਹਮ ਕਵਚ ਦੀ ਹੋਂਦ ਕਿਵੇਂ ਹੋਈ । ਗੋਬਿੰਦ ਗੀਤਾ ਬਾਰੇ ਕਿਹਾ ਕਿ ਇਹ ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ ਓਵੇਂ ਹੀ ਇਹ ਹੈ । ਪਰ ਇਹ ਇਸ ਕਰਕੇ ਰੱਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਭਗਵਤ ਗੀਤਾ ਨਾਲ ਮਿਲਦੀ ਹੈ । ਗੁਰੂ ਸਾਹਿਬ ਨੇ ਦਸਮ ਗੁਰੂ ਗ੍ਰੰਥ ਸਾਹਿਬ ਵਿਚ ਕਈ ਤਰ੍ਹਾਂ ਦੇ ਅਨੁਵਾਦ ਕਰਕੇ ਲਿਖੇ ਹਨ, ਜੋ ਹੈ ਤਾਂ ਪੁਰਾਣੇ ਗ੍ਰੰਥਾਂ ਵਿਚੋਂ ਹੀ, ਪਰ ਗੁਰੂ ਸਾਹਿਬ ਨੇ ਲਿਖਿਆ ਆਪਣੇ ਤਰੀਕੇ ਨਾਲ ।

ਖ਼ੈਰ, ਇਹ ਮੁੱਦਾ ਬਾਣੀਆਂ ਨੂੰ ਨਾ ਲੈ ਕੇ ਇਕ-ਦੂਜੇ ਉੱਪਰ ਬਿਆਨਬਾਜ਼ੀ ਕਰਨ ਦਾ ਬਣ ਗਿਆ । ਇਸ ਵਿਚ ਕਈ ਤਰ੍ਹਾਂ ਦੇ ਨਾਂ ਜ਼ਰੂਰ ਆਏ: ਗੁਰਪ੍ਰੀਤ ਸਿੰਘ ਕੈਲੀਫ਼ੋਰਨੀਆਂ, ਬਾਬਾ ਬੰਤਾ ਸਿੰਘ, ਬਾਬਾ ਜੀਵਾ ਸਿੰਘ, ਮਨਿੰਦਰ ਸਿੰਘ ਮਾਹਲ, ਆਦਿ । ਗੁਰਪ੍ਰੀਤ ਸਿੰਘ ਹੋਣਾ ਬਾਰੇ ਵੀ ਬਹੁਤ ਕੁਝ ਬੋਲਿਆ ਗਿਆ ਸੀ ਕੁਝ ਸਮਾਂ ਪਹਿਲਾਂ । ਉਸ ਦੀਆਂ ਪੁਰਾਣੀਆਂ ਕੱਟੇ ਹੋਏ ਵਾਲਾਂ ਦੀਆਂ ਫ਼ੋਟੋਆਂ ਪਾ ਕੇ ਇਹ ਦਰਸਾਇਆ ਗਿਆ ਸੀ ਕਿ ਇਹ ਆਰ.ਐੱਸ.ਐੱਸ ਦਾ ਬੰਦਾ ਹੈ ਤੇ ਇਸਦਾ ਨਾਉਂ ਨੀਰਜ ਸ਼ਰਮਾ ਹੈ । ਇਹ ਇਕ ਵਾਰ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਜਾਪਦਾ ਤੇ ਨਾ ਹੀ ਇਸ ਵਿਚ ਕੋਈ ਸੱਚਾਈ ਜਾਪਦੀ ਹੈ । ਸਿਰਫ਼ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਨ ਕਰਕੇ ਗੁਰਪ੍ਰੀਤ ਸਿੰਘ ਨੂੰ ਆਰ.ਐੱਸ.ਐੱਸ ਦਾ ਬੰਦਾ ਕਿਹਾ ਗਿਆ । ਆਰ.ਐੱਸ.ਐੱਸ ਇਕ ਹਊਆ ਜਾ ਬਣਾ ਦਿੱਤਾ ਹੈ । ਜਦੋਂ ਵੀ ਕੋਈ ਗੱਲ ਹੋਵੇ ਜਿਸ ਨਾਲ ਤੁਸੀਂ ਸਹਿਮਤ ਨਾ ਹੋਵੋਂ ਤਾਂ ਇਸਨੂੰ ਆਰ.ਐੱਸ.ਐੱਸ ਦੀ ਦੇਣ ਕਹਿਣ ਲੱਗ ਜਾਂਦੇ ਹੋ । ਹਾਂ, ਇਨ੍ਹਾਂ ਤੇ ਧਿਆਨ ਵੀ ਰੱਖਣਾ ਚਾਹੀਦਾ ਹੈ ਤੇ ਇਨ੍ਹਾਂ ਦੀਆਂ ਕੁਤਰਕਾਂ ਦਾ ਮੂੰਹ-ਭੰਨ ਜਵਾਬ ਵੀ ਦੇਣਾ ਚਾਹੀਦਾ ਹੈ, ਪਰ ਹਰ ਇਕ ਗੱਲ ਏਜੰਸੀਆਂ ਤੇ ਆਰ.ਐੱਸ.ਐੱਸ ਨਾਲ ਨਹੀਂ ਜੋੜ੍ਹੀ ਜਾ ਸਕਦੀ ।

ਗੁਰਪ੍ਰੀਤ ਸਿੰਘ ਅਤੇ ਇਨ੍ਹਾਂ ਦੀ ਘਰਵਾਲੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ, ਜੋ ਇਨ੍ਹਾਂ ਮੁਤਾਬਕ ਮਹਿਤੇ ਵਾਲਿਆਂ ਦੇ ਬੰਦਿਆਂ ਦੇ ਕੰਮ ਸਨ । ਫਿਰ ਗੁਰਪ੍ਰੀਤ ਸਿੰਘ ਹੋਣਾ ਵਲੋਂ ਵੀ ਕਈ ਪ੍ਰਕਾਰ ਦੀਆਂ ਗੱਲਾਂ ਕੀਤੀਆਂ ਗਈਆਂ ਬਾਬਾ ਬੰਤਾ ਸਿੰਘ, ਬਾਬਾ ਜੀਵਾ ਸਿੰਘ ਤੇ ਬਾਬਾ ਹਰਨਾਮ ਸਿੰਘ ਜੀ ਦੀਆਂ ਨਿੱਜੀ ਜ਼ਿੰਦਗੀਆਂ ਬਾਰੇ । ਕੁਝ ਤਾਂ ਅਜਿਹੀਆਂ ਗੱਲਾਂ ਸਨ ਜੋ ਸੁਨਣਯੋਗ ਨਹੀਂ ਸਨ ਤੇ ਨਾ ਹੀ ਲਿਖੀਆਂ ਜਾ ਸਕਦੀਆਂ ਹਨ । ਜਿਨ੍ਹਾਂ ਵੀ ਲੋਕਾਂ ਨੇ ਬਿਆਨਬਾਜ਼ੀ ਕੀਤੀ ਇਸ ਸਾਰੇ ਮੁੱਦੇ ਵਿਚ, ਲੋਕਾਂ ਦੀਆਂ ਨਿੱਜੀ ਜ਼ਿੰਦਗੀਆਂ ਬਾਰੇ, ਇਹ ਬਹੁਤ ਹੀ ਘਟੀਆਂ ਤਰੀਕੇ ਦੀ ਹਰਕਤ ਸੀ । ਕੋਈ ਵੀ ਪੰਥ ਦਾ ਮੁੱਦਾ ਹੋਵੇ, ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ । ਘਰਵਾਲੀ ਜਾਂ ਪਿਤਾ ਨੂੰ ਘਸੀਟਨਾ ਇਸ ਵਿਚ ਕੋਈ ਸਮਝਦਾਰੀ ਵਾਲੀ ਗੱਲ ਨਹੀਂ ।

ਆਪਣੀਆਂ ਕੁਝ ਗੱਲਾਂ ਨੂੰ ਲੈ ਕੇ ਵਖਰੇਵੇਂ ਹੋ ਸਕਦੇ ਨੇ, ਪਰ ਪੂਰੀ ਸੰਪਰਦਾ ਨੂੰ ਹੀ ਨਕਾਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਬਹੁਤ ਘਟੀਆਂ ਗੱਲ ਹੈ । ਹੁਣ ਜਦ ਕਈਆਂ ਦਾ ਬ੍ਰਹਮ ਕਵਚ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਹੋਣਾ ਨਾਲ ਵਿਰੋਧ ਹੋ ਗਿਆ, ਤਾਂ ਉਨ੍ਹਾਂ ਨੇ ਬਾਬਾ ਹਰਨਾਮ ਸਿੰਘ ਹੋਣਾ ਨੂੰ ਏਜੰਸੀਆਂ ਦਾ ਬੰਦਾ ਤੇ ਗੁੰਡਾ ਕਹਿਣਾ ਵੀ ਸ਼ੁਰੂ ਕਰ ਦਿੱਤਾ । ਜਾਂ ਟਕਸਾਲ ਦੀ ਹੋਂਦ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਈ ਤੋਂ ਹੀ ਮੁਕਰ ਰਹੇ ਨੇ । ਕਿਹੋ ਜਿਹੀ ਮਾਨਸਿਕਤਾ ਦਾ ਸ਼ਿਕਾਰ ਹੋ ਗਏ ਹਾਂ ਆਪਾਂ ਕਿ ਆਪਾਂ ਨੂੰ ਸਹੀ ਤੇ ਗ਼ਲਤ ਵਿਚ ਕੋਈ ਫ਼ਰਕ ਹੀ ਨਹੀਂ ਦਿਖ ਰਿਹਾ । ਜੋ ਗੱਲਾਂ ਕਰਕੇ ਲੋਕ ਸਿੱਖਾਂ ਵਿਚ ਪਾੜਾ ਪਾਉਣਾ ਚਾਹੁੰਦੇ ਸਨ, ਓਹੀ ਗੱਲਾਂ ਨੂੰ ਆਪਾਂ ਸੱਚ ਮੰਨ ਲਿਆ ਤੇ ਆਪਣੀ ਕੁੱਛੜ ਚੁੱਕ ਲਿਆ !

ਟਕਸਾਲ ਮਹਿਤਾ ਵੱਲੋਂ ਦੋ ਬਿਆਨ ਆਪਣੇ ਫ਼ੇਸਬੁਕ ਪੇਜ ਤੇ ਪਾਏ ਗਏ । ਇਹ ਪੇਜ ਤੋਂ ਹੀ ਸਿੱਧਾ ਪ੍ਰਸਾਰਣ ਹੁੰਦਾ ਹੈ, ਇਸ ਕਰਕੇ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਆਪਣਾ ਨਿੱਜੀ ਪੇਜ ਹੈ । ਪਹਿਲਾ ਬਿਆਨ (ਬਾਬਾ ਬਲਵੀਰ ਸਿੰਘ) ਬੁੱਢਾ ਦਲ ਵਲੋਂ ਹੈ ਕਿ ਗੁਰਪ੍ਰੀਤ ਸਿੰਘ ਹੋਣਾ ਵੱਲੋਂ ਹੱਦੋਂ ਬਾਹਰ ਜਾ ਕੇ ਬਿਆਨਬਾਜ਼ੀ ਕੀਤੀ ਗਈ । ਦੂਜਾ ਬਿਆਨ ਬਾਬਾ ਹਰਨਾਮ ਸਿੰਘ ਵਲੋਂ ਹੈ, ਇਸ ਵਿਚ ਵੀ ਗੁਰਪ੍ਰੀਤ ਸਿੰਘ ਬਾਰੇ ਗੱਲ ਹੋਈ ਹੈ ਕਿ ਉਹ ਅਖੌਤੀ ਵਿਦਵਾਨ ਹੈ ਅਤੇ ਕਿਹਾ ਗਿਆ ਹੈ ਕਿ ਬੁੱਢੇ ਦਲ ਅਤੇ ਬਾਬਾ ਬਲਵੀਰ ਸਿੰਘ ਬਾਰੇ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ ।

ਨਵੀਂ ਖ਼ਬਰ ਇਹ ਹੈ ਕਿ ਜਸਵਿੰਦਰ ਸਿੰਘ ਕੈਲੀਫ਼ੋਰਨੀਆਂ ਤੇ ਕੋਈ ਕੇਸ ਪਾ ਦਿੱਤਾ ਗਿਆ ਹੈ, ਜੋ ਹੁਣ ਪੰਜਾਬ ਆਇਆ ਹੋਇਆ ਹੈ । ਇਹ ਕੇਸ ਗੁਟਕਾ ਸਾਹਿਬ ਦੀ ਬੇਅਦਬੀ ਬਾਰੇ ਕਿਹਾ ਜਾ ਰਿਹਾ ਹੈ । ਇਕ ਗੁਟਕਾ ਦਿਖਾਇਆ ਗਿਆ ਸੀ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਇਹ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਹੈ ਅਤੇ ਇਸ ਵਿਚ ਬ੍ਰਹਮ ਕਵਚ ਵੀ ਹੈ । ਫਿਰ ਕੁਝ ਸਮੇਂ ਬਾਅਦ ਗਿਆਨੀ ਮੋਹਣ ਸਿੰਘ ਉਰਲਾਣਾ ਨੇ ਇਸਦਾ ਖੰਡਣ ਕੀਤਾ ਤੇ ਕਿਹਾ ਕਿ ਜੋ ਲੋਗੋ ਹੈ ਦਮਦਮੀ ਟਕਸਾਲ ਦਾ ਉਹ ੧੯੯੬ ਵਿਚ ਤਿਆਰ ਹੋਇਆ ਹੈ, ਫਿਰ ਉਹ ਜਸਵਿੰਦਰ ਸਿੰਘ ਹੋਣਾ ਨੇ ਜੋ ਗੁਟਕਾ ਦਿਖਾਇਆ ਸੀ ਉਸ ਵਿਚ ਕਿਵੇਂ ਆ ਗਿਆ । ਦੂਜਾ ਨੁਕਤਾ ਇਹ ਉਠਾਇਆ ਗਿਆ ਕਿ ਜੋ ਗੁਟਕਾ ਸਾਹਿਬ ਜਸਵਿੰਦਰ ਸਿੰਘ ਹੋਣਾ ਨੇ ਦਿਖਾਇਆ ਸੀ ਉਸਦੇ ਅੰਗ ਅਜੇ ਵੀ ਚਿੱਟੇ ਪਏ ਸਨ, ਜੋ ਕੇ ਸੰਭਵ ਨਹੀਂ ਹੋ ਸਕਦਾ ਇੰਨੇ ਸਾਲਾਂ ਬਾਅਦ ।

ਜਸਵਿੰਦਰ ਸਿੰਘ ਕੈਲੀਫ਼ੋਰਨੀਆਂ ਨੇ ਅਲੱਗ-ਅਲੱਗ ਨੁੱਕਤਿਆਂ ਤੇ ਗੱਲਾਂ ਕੀਤੀਆਂ ਹਨ ਜਿਸ ਵਿਚ ਇਤਿਹਾਸ, ਗੁਰਬਾਣੀ ਤੇ ਮਰਯਾਦਾ ਦਾ ਕਈ ਵਾਰੀ ਜ਼ਿਕਰ ਹੋਇਆ ਉਸ ਦੀਆਂ ਵੀਡੀਓਆਂ ਦੇ ਵਿਚ । ਢੱਡਰੀ ਤੇ ਵੀ ਉਸ ਨੇ ਕਈ ਵੀਡੀਓਆਂ ਬਣਾਈਆਂ ਜਿਸ ਵਿਚ ਉਸ ਦੀਆਂ ਕੁਤਰਕਾਂ ਦੇ ਜਵਾਬ ਹੁੰਦੇ ਸਨ । ਕੈਲੰਡਰ ਬਾਰੇ ਉਸ ਦੀਆਂ ਵੀਡੀਓਆਂ ਬਾ-ਕਮਾਲ ਸੀ । ਪਰ ਇਥੇ ਕੁਝ ਸਹੀ ਜਾ ਨਹੀਂ ਲੱਗਿਆ ਉਹਨਾਂ ਦਾ, ਮੋਹਣ ਸਿੰਘ ਉਰਲਾਣਾ ਹੋਣਾ ਦੀਆਂ ਦਲੀਲਾਂ ਸੁਣਕੇ । ਹਾਂ, ਜਸਵਿੰਦਰ ਸਿੰਘ ਹੋਣਾ ਨੇ ਇਕ ਪੁਰਾਤਨ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨ ਜ਼ਰੂਰ ਕਰਾਏ ਸਨ ਜੋ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕਹੀ ਜਾਂਦੀ ਹੈ ਜਿਸ ਵਿਚ ਗੋਬਿੰਦ ਗੀਤਾ ਸੀ ।

ਇਸਦੇ ਨਾਲ ਹੀ ਕਈ ਲੋਕਾਂ ਨੇ ਇਕ ਖ਼ਬਰ ਦੀ ਫ਼ੋਟੋ ਵੀ ਦਿਖਾਈ ਜਿਸ ਵਿਚ ਇਹ ਕਿਹਾ ਗਿਆ ਕਿ ਬਾਬਾ ਹਰਨਾਮ ਸਿੰਘ ਧੁੰਮਾ ਹੋਣਾ ਨੇ ਕਿਹਾ ਕਿ ੧੧੦੦ ਤੋਂ ਉੱਤੇ ਅੰਗ ਦਸਮ ਦੀ ਬਾਣੀ ਦੇ ਗੁਰੂ ਸਾਹਿਬ ਦੀ ਰਚਨਾ ਨਹੀਂ । ਪਰ ਜਦ ਉਹ ਖ਼ਬਰ ਧਿਆਨ ਨਾਲ ਪੜ੍ਹੀ ਜਾਵੇ ਤਾਂ ਇਹ ਸਿੱਧ ਹੁੰਦਾ ਹੈ ਕਿ ਉਹ ਇਹ ਕਹਿ ਰਹੇ ਨੇ ਕੇ ਗੁਰੂ ਸਾਹਿਬ ਨੇ ਪੁਰਾਣੇ ਗ੍ਰੰਥਾਂ ਦਾ ਅਨੁਵਾਦ ਕੀਤਾ ਹੈ । ਬੜੀ ਮਾੜੀ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਹੋਣਾ ਨੇ ਵੀ ਇਹ ਖ਼ਬਰ ਨੂੰ ਸਾਂਝਾ ਕੀਤਾ ਜਸਵਿੰਦਰ ਸਿੰਘ ਹੋਣਾ ਵਾਲੀ ਖ਼ਬਰ ਨਾਲ । ਅਨਮੋਲ ਸਿੰਘ ਨੇ ਇਕ ਬਹੁਤ ਵਧੀਆ ਗੱਲ ਕਹੀ ਸੀ ਜਸਵਿੰਦਰ ਸਿੰਘ ਬਾਰੇ ਕਿ ਨਫ਼ਰਤ ਵੱਸ ਹੋਕੇ ਕੰਮ ਨਹੀਂ ਕਰਨੇ ਚਾਹੀਦੇ । ਮੈਂ ਸਮਝਦਾ ਕਿ ਇਹ ਸਭ ਤੇ ਲਾਗੂ ਹੁੰਦੀ ਹੈ ।

ਕਈ ਸਿੰਘ ਇਹ ਕਹਿ ਦਿੰਦੇ ਨੇ ਕਿ ਮਰਯਾਦਾ ਕਦੇ ਵੀ ਇਕ ਨਹੀਂ ਹੋ ਸਕਦੀ । ਜੇਕਰ ਇਸ ਨੂੰ ਮੰਨ ਲਿਆ ਜਾਵੇ ਤਾਂ ਇਹ ਮੁੱਦੇ ਜੋ ਹੁਣ ਖੜ੍ਹੇ ਹੋ ਰਹੇ ਨੇ ਇਸਦਾ ਕੋਈ ਵੀ ਰਾਹ ਨਹੀਂ ਲੱਭੇਗਾ । ਕੋਈ ਕਿਸੇ ਨੂੰ ਮੰਨ ਲਵੇਗਾ, ਕੋਈ ਕਿਸੇ ਨੂੰ । ਸੋ ਮੇਰਾ ਇਹ ਮੰਨਣਾ ਹੈ ਕਿ ਸਾਰੀਆਂ ਧਿਰਾਂ ਨੂੰ ਆਪਸ ਦੇ ਵਿਚ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਤੇ ਸੰਪਰਦਾਵਾਂ ਉੱਤੇ ਬਿਆਨਬਾਜ਼ੀ ਬੰਦ ਹੋਣੀ ਚਾਹੀਦੀ ਹੈ । ਇਸ ਨਾਲ ਕੋਈ ਨਾ ਕੋਈ ਰਾਹ ਜ਼ਰੂਰ ਨਿੱਕਲ ਜਾਵੇਗਾ । ਔਨਲਾਈਨ ਸੋਸ਼ਲ ਮੀਡੀਏ ਤੇ ਹਰ ਦਿਨ 'ਲਾਈਵ' ਆ ਕੇ ਬਿਆਨ ਦੇਣਾ ਤੇ ਭੰਡੀਪ੍ਰਚਾਰ ਕਰਨਾ ਕੋਈ ਗੁਰਮੁਖਾਂ ਵਾਲੇ ਕੰਮ ਨਹੀਂ ਹਨ । ਜੋ ਮੰਨਦਾ ਹੈ ਬ੍ਰਹਮ ਕਵਚ, ਉਗਰਦੰਤੀ ਤੇ ਗੋਬਿੰਦ ਗੀਤਾ ਨੂੰ ਉਹ ਆਪਣੀ ਦਲੀਲ ਦੇਵੇ, ਜੋ ਨਹੀਂ ਮੰਨਦਾ ਉਹ ਆਪਣਾ ਪੱਖ ਰੱਖੇ ।

ਅਖ਼ੀਰ ਤੇ ਇਹ ਕਹਾਂਗਾ ਕਿ ਉਗਰਦੰਤੀ ਤੇ ਬ੍ਰਹਮ ਕਵਚ ਬਾਰੇ ਇਹ ਸੁਣਿਆ ਸੀ ਕਿ ਇਹ ਬਾਣੀਆਂ ਸ਼ਹੀਦ ਸਿੰਘਾਂ ਵੱਲੋਂ ਪ੍ਰਗਟ ਕੀਤੀਆਂ ਗਈਆਂ ਸਨ । ਤੇ ਓਦੋਂ ਤੋਂ ਹੀ ਪੰਥ ਇਹ ਪੜ੍ਹ ਰਿਹਾ ਹੈ । ਹਾਂ ਇਹ ਸ਼ਾਇਦ ਹੋ ਸਕਦਾ ਹੈ ਕਿ ਟਕਸਾਲ ਵਿਚ ਇਹ ਨਾ ਪੜ੍ਹਾਈਆਂ ਜਾਂਦੀਆਂ ਹੋਣ ਜਾਂ ਸੰਥਿਆ ਇਨ੍ਹਾਂ ਦੀ ਨਾ ਦਿੱਤੀ ਜਾਂਦੀ ਹੋਵੇ । ਇਹ ਗੁਪਤ ਬਾਣੀਆਂ ਕਰਕੇ ਵੀ ਜਾਣੀਆਂ ਜਾਂਦੀਆਂ ਹਨ । ਦੋਨਾਂ ਧਿਰਾਂ ਨੇ ਆਪਣੇ-ਆਪਣੇ ਵਿਚਾਰ ਤੇ ਨੁੱਕਤੇ ਰੱਖ ਦਿੱਤੇ ਨੇ, ਪਰ ਫਿਰ ਵੀ ਕਈ ਇਹੋ ਜਿਹੇ ਲੋਕ ਨੇ ਜੋ ਹਰ ਰੋਜ਼ 'ਲਾਈਵ' ਆ ਕੇ ਇਕ-ਦੂਜੇ ਨੂੰ ਨੀਚਾ ਦਿਖਾਉਣ ਲੱਗ ਜਾਂਦੇ ਨੇ ਜੋ ਕਿ ਬਹੁਤ ਮਾੜੇ ਤੇ ਹਉਮੈ-ਗ੍ਰਸਤ ਲੋਕਾਂ ਦੀ ਨਿਸ਼ਾਨੀ ਹੈ ।



[1] ਇਹ ਪਹਿਲੀ ਜੂਨ ੨੦੨੦ ਦੀ ਵਿਡੀਉ ਦੇ ਵਿਚ ਹੈ ।

Popular posts