Showing posts with label Sikh Youth. Show all posts
Showing posts with label Sikh Youth. Show all posts

Wednesday, July 24, 2019

ਖੁਸ਼ਕ ਗਿਆਨੀ


ਕੁਝ ਕੁ ਸਮੇਂ ਤੋਂ ਸਿੱਖ ਪੰਥ ਅੰਦਰ ਖ਼ੁਸ਼ਕ ਗਿਆਨੀਆਂ ਦੀ ਗਿਣਤੀ ਬਹੁਤ ਵੱਧ ਗਈ ਹੈ । ਪਹਿਲਾਂ ਪਹਿਲ ਸਿੱਖੀ ਤੇ ਹਮਲੇ ਕਰਨ ਦੇ ਲਈ ਤਲਵਾਰਾਂ ਦਾ ਜ਼ੋਰ ਚੱਲਿਆ, ਫਿਰ ਆਏ ਗੁਰਬਾਣੀ ਨੂੰ ਗੁਰਬਾਣੀ ਨਾ ਮੰਨਣ ਵਾਲੇ । ਜਦ ਹੁਣ ਸਭ ਕੁਝ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਬਦਲਿਆ ਸਿੱਖਾਂ ਦੇ ਵਿਚ ਤਾਂ ਸਿੱਖ-ਵਿਰੋਧੀਆਂ ਨੇ ਇਹ ਖ਼ੁਸ਼ਕ ਗਿਆਨੀ ਪੰਥ ਦੇ ਵਿਚ ਵਾੜ੍ਹ ਦਿੱਤੇ ਨੇ ।
ਖ਼ੁਸ਼ਕ ਗਿਆਨੀ ਉਹ ਨੇ ਜੋ ਗੁਰਬਾਣੀ ਨੂੰ ਬਸ ਇਕ ਆਮ ਜਿਹੀ ਕਵਿਤਾ ਦੇ ਰੂਪ ਦੇ ਵਿਚ ਦੇਖਦੇ ਹਨ, ਤੇ ਗੁਰਬਾਣੀ ਨੂੰ ਲਿਆਉਣ ਵਾਲੇ ਗੁਰੂਆਂ ਨੂੰ ਆਮ ਇਨਸਾਨ ਸਮਝਦੇ ਨੇ । ਇਹ ਰੀਤ ਜੋ ਤੁਰੀ ਹੋਈ ਹੈ ਇਹ ਉਸੇ ਰਸਤੇ ਤੇ ਸਿੱਖਾਂ ਨੂੰ ਪਹੁੰਚਾਉਣ ਦਾ ਯਤਨ ਕਰੇਗੀ ਜਿਸ ਤੇ ਪਹਿਲਾਂ ਦੇ ਪੰਥ-ਦੋਖੀਆਂ ਨੇ ਪਹੁੰਚਾਉਣਾ ਸੀ । ਮਨੋਰਥ ਇਕੋ ਹੀ ਸੀ ਸਭ ਦਾ । ਜਦੋਂ ਹੁਣ ਉਹ ਮਨੋਰਥ ਪੂਰਾ ਨਹੀਂ ਹੋ ਸਕਿਆ ਤਾਂ ਇਨ੍ਹਾਂ ਖ਼ੁਸ਼ਕ ਗਿਆਨੀਆਂ ਦੀ ਮਦਦ ਲਿੱਤੀ ਜਾ ਰਹੀ ਹੈ ।
ਇਹ ਖ਼ੁਸ਼ਕ ਗਿਆਨੀਆਂ ਦੀ ਜੋ ਬਹੁਤ ਵੱਡੀ ਸੱਟ ਹੈ ਪੰਥ ਤੇ ਉਹ ਹੈ ਗੁਰਬਾਣੀ ਦੇ ਅਰਥ ਆਪਣੀ ਬੁੱਧੀ ਨਾਲ ਕਰਨੇ । ਇਨ੍ਹਾਂ ਖ਼ੁਸ਼ਕ ਗਿਆਨੀਆਂ ਵਿਚ ਜੋ ਦੋ ਪ੍ਰਮੁੱਖ ਲੋਕ ਹਨ ਉਹ ਹਨ ਢੱਡਰੀਆਂ ਵਾਲਾ ਤੇ ਧਰਮ ਸਿੰਘ ਨਿਹੰਗ । ਢੱਡਰੀਆਂ ਵਾਲਿਆਂ ਦੀਆਂ ਗੱਲਾਂ ਤਾਂ ਹਾਸੋ-ਹੀਣ ਲੱਗਦੀਆਂ ਹਨ । ਪਰ ਇਸ ਵਿਚ ਉਹ ਤਰਕ ਕਰਕੇ ਆਪਣੀ ਹਾਸੋ-ਹੀਣੀ ਗੱਲ ਨੂੰ ਵੀ ਇਕ ਗੁੱਝਾ ਹੋਇਆ ਭੇਦ ਦੱਸਣ ਦਾ ਯਤਨ ਕਰਦਾ ਹੈ । ਇਸ ਗੁੱਝੇ ਹੋਏ ਬੇਮਤਲਬੀ ਭੇਦ ਨੂੰ ਸਮਝਣ ਦੇ ਲਈ ਕੁਝ ਸਿੱਖ ਇਸਦੇ ਨਾਲ ਜੁੜ ਗਏ ਨੇ । ਇਞੇ ਹੀ ਧਰਮ ਸਿੰਘ ਦੀ ਗੱਲ ਹੈ । ਧਰਮ ਸਿੰਘ ਆਪਣੇ ਭਾਅਦਾ ਬਹੁਤ ਡੂੰਗੀ ਗੱਲ ਕਰਨ ਦਾ ਯਤਨ ਕਰਦਾ ਹੈ, ਪਰ ਕਿਤੇ ਨਾ ਕਿਤੇ ਇਹ ਵੀ ਆਪਣੀਆਂ ਬੇ-ਤੁਕੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਜਿੱਤਣ ਦਾ ਯਤਨ ਕਰਦਾ ਹੈ ।
ਧਰਮ ਸਿੰਘ ਤੇ ਢੱਡਰੀਆਂ ਵਾਲੇ ਦੇ ਵਿਚ ਥੋੜ੍ਹਾ ਜਾ ਫਰਕ ਤਾਂ ਹੈ । ਢੱਡਰੀ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਮੂਰਖ਼ ਬਣਾ ਰਿਹਾ ਹੈ ਆਪਣੀਆਂ ਦਲੀਲਾਂ ਨਾਲ, ਪਰ ਧਰਮ ਸਿੰਘ ਮੂਰਖ਼ ਦੇ ਨਾਲ-ਨਾਲ ਇਕ ਕਾਫ਼ਲਾ ਵੀ ਬਣਾ ਰਿਹਾ ਹੈ ਜੋ ਉਸ ਦੀਆਂ ਗੱਲਾਂ ਸੁਣ ਲੋਕਾਂ ਨਾਲ ਬਹਿਸਣ ਲੱਗ ਜਾਂਦੇ ਨੇ ।
ਇਨ੍ਹਾਂ ਦੋਹਾਂ ਦੇ ਵਿਚੋਂ ਕਿਸੇ ਇਕ ਨੇ ਵੀ ਗੁਰਬਾਣੀ ਪੂਰੀ ਨਹੀਂ ਪੜ੍ਹੀ ਕਿਉਂਕਿ ਜੇਕਰ ਪੜ੍ਹੀ ਹੁੰਦੀ ਤਾਂ ਇਨ੍ਹਾਂ ਨੂੰ ਇਹ ਸਮਝ ਲੱਗ ਜਾਣਾ ਸੀ ਕਿ ਇਹ ਕਿੰਨੇ ਗ਼ਲਤ ਨੇ । ਕੁਝ ਕੁ ਲੋਕਾਂ ਨੇ ਧਰਮ ਸਿੰਘ ਨੂੰ ਏਜੰਸੀਆਂ ਦਾ ਬੰਦਾ ਵੀ ਦੱਸਿਆ ਹੈ । ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਇਹ ਕਿੰਨੀ ਕੁ ਸਹੀ ਗੱਲ ਹੈ, ਪਰ ਧਰਮ ਸਿੰਘ ਆਪਣੀ ਕੀਤੀ ਹੋਈ ਵੀਚਾਰ ਨਾਲ ਲੋਕਾਂ ਨੂੰ ਗੁੰਮਰਾਹ ਜ਼ਰੂਰ ਕਰ ਰਿਹਾ ਹੈ ਤੇ ਇਹ ਗੱਲ ਬਹੁਤਿਆਂ ਨੇ ਖੋਲ੍ਹ ਕੇ ਵੀ ਦੱਸੀ ਹੈ ਸਾਰਿਆਂ ਨੂੰ ।
ਜੋ ਇਕ ਗੱਲ ਦੀ ਹਮੇਸ਼ਾ ਤਕਲੀਫ਼ ਰਹੀ ਹੈ ਉਹ ਇਹ ਕਿ ਸਿੱਖ ਬਹੁਤ ਹੀ ਜ਼ਲਦ ਇਨ੍ਹਾਂ ਲੋਕਾਂ ਦੇ ਅੜਿੱਕੇ ਚੜ੍ਹ ਜਾਂਦੇ ਨੇ । ਸ਼ਾਇਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਮਾਮਲੇ ਦੇ ਵਿਚ ਸਿੱਖ ਨੌਜਵਾਨਾਂ ਦਾ 'ਬ੍ਰੇਨਵਾਸ਼' ਕਰਨਾ ਬਹੁਤ ਸੌਖਾ ਹੈ । ਨਾ ਹੀ ਬਹੁਤੇ ਸਿੱਖ ਆਪਣੇ ਇਤਿਹਾਸ ਨੂੰ ਪੜ੍ਹਦੇ ਹਨ, ਨਾ ਹੀ ਗੁਰਬਾਣੀ ਨੂੰ, ਨਾ ਹੀ ਖੋਜੀ ਵਿਦਵਾਨਾਂ ਨੂੰ, ਬਸ ਇਨ੍ਹਾਂ ਖ਼ੁਸ਼ਕ ਗਿਆਨੀਆਂ ਨੂੰ ਸੁਣਕੇ ਸਿੱਖਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕਿਹੜੀ ਹੀਰਿਆਂ ਦੀ ਖਾਣ ਹੱਥ ਦੇ ਵਿਚ ਲੱਗ ਗਈ । ਫਿਰ ਇਸ ਕੋਲੇ ਨੂੰ ਹੀਰਾ ਸਮਝਣ ਦਾ ਯਤਨ ਕਰ ਰਹੇ ਲੋਕ ਨਾ ਸਿਰਫ਼ ਆਪਣਾ ਨੁਕਸਾਨ ਕਰਦੇ ਹਨ ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਗ਼ਲਤ ਰਾਹ ਉੱਤੇ ਤੋਰਦੇ ਹਨ ।
ਮੈਂ ਅਜੇ ਇਨ੍ਹਾਂ ਲੋਕਾਂ ਵਲੋਂ ਪੈਦਾ ਕੀਤੇ ਹੋਏ ਨੌਜਵਾਨਾਂ ਨੂੰ ਇਹ ਕਹਿੰਦੇ ਹੋਏ ਸੁਨਣਾ ਹੈ ਕਿ ਆਉ ਆਪਾਂ ਮਿਲਕੇ ਗੁਰਬਾਣੀ ਪੜ੍ਹੀਏ ਜਾਂ ਫਿਰ ਗੁਰਮੰਤ੍ਰ ਦਾ ਅਭਿਆਸ ਕਰੀਏ । ਇਨ੍ਹਾਂ ਕਰਕੇ ਇਕ ਆਦਮੀ ਨੂੰ ਬਹੁਤ ਸੋਝੀ ਆ ਜਾਂਦੀ ਹੈ । ਗੁਰਮੰਤ੍ਰ ਦਾ ਅਭਿਆਸ ਹੋਵੇ ਜਾਂ ਫਿਰ ਗੁਰਬਾਣੀ ਗਾਉਣ ਦਾ, ਇਸ ਕਰਕੇ ਇਕ ਆਦਮੀ ਦੀ ਉਸ ਪਰਮਾਤਮਾ ਨਾਲ ਮਿਲਣ ਦੀ ਕੋਸ਼ਿਸ਼ ਦੇ ਵਿਚ ਉਹ ਸਭ ਸਮਝਣ ਲੱਗ ਜਾਂਦਾ ਹੈ । ਉਸਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਗੁਰੂ ਜੋ ੧੫੨੬ ਬਿਕਰਮੀ ਨੂੰ ਇਸ ਧਰਤੀ ਤੇ ਆਇਆ ਸੀ ਉਹ ਇਕ ਆਮ ਇਨਸਾਨ ਵਾਂਙ ਭਗਤੀ ਕਰਨ ਆਇਆ ਸੀ ਜਾਂ ਫਿਰ ਪਰਮਾਤਮਾ ਦਾ ਨਿਜ-ਸਰੂਪ ਸੀ ।
ਤੁਸੀਂ ਖ਼ੁਦ ਦੇਖ ਸਕਦੇ ਹੋ ਸੰਤ-ਮਹਾਤਮਾਂ ਦੀਆਂ ਜੀਵਨੀਆਂ ਦੇ ਵਿਚ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਨੇ, ਉਨ੍ਹਾਂ ਨੂੰ ਗੁਰੂ ਤੇ ਪਰਮਾਤਮਾ ਦੀ ਅਭੇਦਤਾ ਦਾ ਪਤਾ ਹੈ, ਪਰ ਜੋ ਲੋਕ ਸਿਰਫ਼ ਗੱਲ ਤਰਕ ਤੇ ਰੱਖ ਦਿੰਦੇ ਨੇ ਬਿਨਾਂ ਅਭਿਆਸ ਕੀਤੇ ਉਨ੍ਹਾਂ ਲਈ ਇਹ ਜਾਨਣਾ ਬਹੁਤ ਮੁਸ਼ਕਲ ਹੈ । ਇਸ ਲਈ ਮੈਂ ਪਹਿਲਾਂ ਕਿਹਾ ਕਿ ਅਭਿਆਸ ਕਰਨ ਦੇ ਵਿਚ ਧਰਮ ਤੇ ਢੱਡਰੀ ਨੂੰ ਪਸੰਦ ਕਰਨ ਵਾਲੇ ਲੋਕ ਅਸਮਰਥ ਜਾਪਦੇ ਹਨ ।
ਸਿੱਖੀ ਦਾ ਮਾਰਗ ਜਿੰਨਾ ਅਸਾਨ ਹੈ ਓਨਾਂ ਮੁਸ਼ਕਲ ਵੀ ਹੈ । ਅਸਾਨ ਇਸ ਕਰਕੇ ਕਿ ਗੁਰਬਾਣੀ ਪੜ੍ਹਨੀ ਹੈ ਤੇ ਗੁਰਮੰਤ੍ਰ ਦਾ ਅਭਿਆਸ ਕਰਨਾ ਹੈ; ਮੁਸ਼ਕਲ ਇਸ ਲਈ ਕਿਉਂਕਿ ਇਹ ਕੋਈ ਅਸਾਨ ਤਰੀਕਾ ਨਹੀਂ ਹੈ, ਅੰਮ੍ਰਿਤ ਵੇਲੇ ਉੱਠਣਾ, ਵਿਸ਼ੇ-ਵਿਕਾਰਾਂ ਤੇ ਕਾਬੂ ਰੱਖਣਾ, ਗੁਰੂ ਲਈ ਆਦਰ ਹੋਣਾ, ਨਿਤਨੇਮ ਦੇ ਪੱਕੇ ਹੋਣਾ, ਇਤਿਆਦਿ ਬਹੁਤ ਕਠਿਨ ਚੀਜ਼ਾਂ ਹਨ । ਜਾਣੇ-ਅਨਜਾਣੇ ਦੇ ਵਿਚ ਆਪਣੇ ਤੋਂ ਬਹੁਤ ਭੁੱਲਾਂ ਹੋ ਜਾਂਦੀਆਂ ਹਨ । ਫਿਰ ਸਮਾਂ ਪਾ ਕਰ ਸਮਝ ਲੱਗਦਾ ਹੈ ਕਿ ਗ਼ਲਤੀ ਕਿਥੇ ਤੇ ਕਿਵੇਂ ਹੋਈ ।
ਆਉ ਇਨ੍ਹਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ । ਕਿਉਂਕਿ ਜੇਕਰ ਹੁਣ ਗੁਰਬਾਣੀ ਤੇ ਸਿੱਧੇ ਹਮਲੇ ਨਹੀਂ ਹੋ ਰਹੇ ਤਾਂ ਅਸਿੱਧੇ ਤੌਰ ਤੇ ਹਮਲਾ ਕਰਨ ਦੇ ਲਈ ਇਨ੍ਹਾਂ ਖ਼ੁਸ਼ਕ ਗਿਆਨੀਆਂ ਵਲੋਂ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਨੇ, ਜਿਸ ਨਾਲ ਇਕ ਇਨਸਾਨ ਤਰਕਵਾਦੀ ਤਾਂ ਬਣ ਸਕਦਾ ਹੈ, ਪਰ ਗੁਰਬਾਣੀ ਪ੍ਰਤੀ ਪ੍ਰੇਮ ਤੇ ਸ਼ਰਧਾ ਉਸਦੇ ਮਨ ਦੇ ਵਿਚ ਕਦੇ ਵੀ ਸਥਾਪਿਤ ਨਹੀਂ ਹੋ ਸਕਦੀ । ਜੇ ਸ਼ਰਧਾ ਨਹੀਂ ਗੁਰਬਾਣੀ ਪ੍ਰਤੀ, ਗੁਰੂਆਂ ਪ੍ਰਤੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਰਫ਼ ਇਕ ਮਾਰਗ-ਦਰਸ਼ਕ ਬਣਕੇ ਰਹਿ ਜਾਵੇਗੀ । ਜੋ ਖ਼ੁਦ ਖ਼ੁਦਾ ਦਾ ਰੂਪ ਹੈ ਬਾਣੀ, ਸ਼ਬਦ ਰੂਪ, ਉਹ ਫਿਰ ਬਸ ਇਕ ਆਮ ਕਵਿਤਾ ਵਾਲੀ ਕਿਤਾਬ ਬਣ ਜਾਵੇਗੀ ।

Thursday, July 4, 2019

ਸਿੱਖ ਨੌਜਵਾਨੀ



ਪਿਛਲੇ ਦਿਨੀਂ ਇਕ ਘਟਨਾ ਸਾਹਮਣੇ ਆਈ ਜਿਸ ਵਿਚ ਕੁਝ ਕੁ ਨੌਜਵਾਨ ਮੁੰਡੇ ਅੰਮ੍ਰਿਤ ਦੀ ਨਕਲ ਕਰਦੇ ਹੋਏ ਸ਼ਰਾਬ ਨੂੰ ਇਕ ਬਰਤਨ ਦੇ ਵਿਚ ਪਾ ਕਰ ਪੀ ਰਹੇ ਸਨ । ਉਨ੍ਹਾਂ ਨੌਜਵਾਨਾਂ ਵਿਚੋਂ ਇਕ ਸਿੱਖ ਘਰਾਣੇ ਨਾਲ ਸਬੰਧ ਰੱਖਣ ਵਾਲਾ ਵੀ ਸੀ । ਬਹੁਤੀ ਹੈਰਾਨੀ ਉਸ ਨੌਜਵਾਨ ਤੇ ਹੋਈ, ਜੋ ਸ਼ਾਇਦ ਗੁਰੂ ਸਾਹਿਬ ਦੇ ਖਾਲਸਾ ਪੰਥ ਸਾਜਣ ਤੋਂ ਵਾਕਫ਼ ਹੋਵੇਗਾ ।
ਕੀ ਨੌਜਵਾਨੀ ਦਾ ਨਸ਼ਾ ਏਨਾਂ ਜ਼ਿਆਦਾ ਚੜ੍ਹ ਜਾਂਦਾ ਹੈ ਕਿ ਇਕ ਇਨਸਾਨ ਨੂੰ ਕੁਝ ਵੀ ਸੁੱਧ-ਬੁੱਧ ਨਹੀਂ ਰਹਿੰਦੀ ਸਹੀ ਗ਼ਲਤ ਦੀ ? ਦੇਖਣ 'ਚ ਤੇ ਬੋਲਣ ਦੇ ਵਿਚ ਉਹ ਸਾਰੇ ਪੰਜਾਬੀ ਹੀ ਲੱਗਦੇ ਸਨ । ਜਦੋਂ ਸੋਸ਼ਲ ਮੀਡਿਏ ਤੇ ਉਨ੍ਹਾਂ ਦੀ ਵੀਡੀਉ ਬਹੁਤ ਲੋਕਾਂ ਨੇ ਦੇਖ ਲਈ ਤਾਂ ਉਨ੍ਹਾਂ ਨੇ ਮੁਆਫ਼ੀ ਵੀ ਮੰਗੀ ਸਾਰਿਆਂ ਤੋਂ । ਸ਼ਾਇਦ ਇਸ ਦੀ ਵਜ੍ਹਾ ਡਰ ਸੀ । ਕਿ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ ?
ਇਹ ਗੱਲ ਸਿਰਫ਼ ਉਸ ਸਿੱਖ ਘਰਾਣੇ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਜਾਂ ਜੋ ਹੋਰ ਮੁੰਡੇ ਸੀ ਉਨ੍ਹਾਂ ਤੇ ਹੀ ਸੀਮਤ ਨਹੀਂ ਰਹਿੰਦੀ । ਸਿੱਖ ਘਰਾਂ ਦੇ ਵਿਚ ਜੰਮੇ ਨੌਜਵਾਨ ਕੁਰਾਹੇ ਵਾਲੇ ਰਸਤੇ ਤੇ ਚੱਲ ਰਹੇ ਨੇ । ਉਨ੍ਹਾਂ ਨੂੰ ਇਸ ਦੁਨੀਆਂ ਦਾ, ਸਿੱਖੀ ਦਾ, ਸਿੱਖੀ ਭੇਸ ਦੇ ਵਿਚ ਲੁਕੇ ਹੋਏ ਗ਼ੱਦਾਰਾਂ ਦਾ ਕੁਝ ਵੀ ਨਹੀਂ ਪਤਾ । ਬਹੁਤੀ ਵਾਰ ਅਜਿਹਾ ਹੀ ਹੁੰਦਾ ਹੈ ਕਿ ਨੌਜਵਾਨ ਜਾਣੇ-ਅਨਜਾਣੇ ਦੇ ਵਿਚ ਇਨ੍ਹਾਂ ਲੋਕਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ, ਤੇ ਫਿਰ ਸਿੱਖੀ ਤੋਂ ਦੂਰ ਹੀ ਤੁਰਦੇ ਰਹਿੰਦੇ ਹਨ ।
ਇਹ ਨੌਜਵਾਨ ਪੀੜ੍ਹੀ ਸਿੱਖਾਂ ਦੀ ਆਉਣ ਵਾਲੀ ਅਗਲੀ ਪੀੜ੍ਹੀ ਲਈ ਬਹੁਤ ਹੀ ਘਾਤਕ ਸਿੱਧ ਹੋ ਸਕਦੀ ਹੈ । ਕਿਉਂਕਿ ਜੇਕਰ ਕਿਸੇ ਨੂੰ ਖ਼ੁਦ ਰਸਤਾ ਨਹੀਂ ਪਤਾ, ਤਾਂ ਉਹ ਕਿਸੇ ਹੋਰ ਨੂੰ ਰਸਤਾ ਨਹੀਂ ਦਿਖਾ ਸਕਦਾ । ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਹੀ ਪਤਾ ਹੋਵੇ ਸਭ ਕੁਝ, ਪਰ ਜਿਹੜੀਆਂ ਮਰਿਯਾਦਾਵਾਂ ਗੁਰੂ ਸਾਹਿਬਾਨਾਂ ਨੇ ਬੰਨ੍ਹੀਆਂ ਸੀ ਘੱਟੋ-ਘੱਟ ਉਸ ਬਾਰੇ ਤਾਂ ਪਤਾ ਹੋਵੇ, ਖ਼ੁਦ ਧਾਰਨੀ ਹੋਵੇ ਉਨ੍ਹਾਂ ਮਰਿਯਾਦਾਵਾਂ ਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰੇਰੇ । ਜੇ ਉਸਨੂੰ ਖ਼ੁਦ ਨੂੰ ਹੀ ਨਹੀਂ ਪਤਾ ਹੋਵੇਗਾ ਉਸਦਾ ਫਿਰ ਉਹ ਕਿਸੇ ਦੂਸਰੇ ਨੂੰ ਵੀ ਦੱਸਣ ਦੇ ਕਾਬਿਲ ਨਹੀਂ ਹੋਵੇਗਾ । ਇਨ੍ਹਾਂ ਕਾਰਣਾਂ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਭਟਕਾਇਆ ਜਾਂਦਾ ਹੈ ।
ਇਸਦੇ ਲਈ ਇਕ ਵਾਤਾਵਰਨ ਬਣਾਇਆ ਜਾਂਦਾ ਹੈ, ਜਿਸ ਵਿਚ ਉਸ ਨੌਜਵਾਨ ਪੀੜ੍ਹੀ ਨੂੰ ਰੱਖਿਆ ਜਾਂਦਾ ਹੈ । ਹਰ ਸਮੇਂ ਤੇ ਜੋ ਵੀ ਸਿੱਖੀ ਤੋਂ ਦੂਰ ਲੈ ਕਰ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਉਨ੍ਹਾਂ ਰਾਹੀ ਫਿਰ ਉਨ੍ਹਾਂ ਦਾ ਪਾਲਣ-ਪੋਸ਼ਣ ਹੁੰਦਾ ਹੈ । ਉਹ ਚੀਜ਼ ਜੋ ਜ਼ਹਿਰ ਦੀ ਤਰ੍ਹਾਂ ਹੈ ਉਹ ਮਿੱਠੀ ਲੱਗਣ ਲੱਗ ਜਾਂਦੀ ਹੈ । ਹੌਲੀ-ਹੌਲੀ ਫਿਰ ਉਹ ਆਪਣੇ ਆਪ ਨੂੰ ਵੱਡਾ ਸਮਝ ਕਰ ਦੂਜਿਆਂ ਨੂੰ ਵੀ ਇਹ ਮਿੱਠਾ ਜ਼ਹਿਰ ਲੈਣ ਲਈ ਪ੍ਰੇਰਦਾ ਹੈ । ਉਹ ਹੁਣ ਇਕ ਬੱਚਾ ਨਾ ਹੋ ਕਰ ਇਕ ਸਿਪਾਹੀ ਬਣ ਜਾਂਦਾ ਹੈ ਜੋ ਸਿੱਖ-ਵਿਰੋਧੀ ਸੰਸਥਾਵਾਂ ਦੇ ਹੱਥ ਵਿਚ ਖੇਡਦਾ ਹੈ ।
ਅਜੇ ਕੱਲ੍ਹ ਦੀ ਹੀ ਗੱਲ ਹੈ ਮੈਂ ਇਕ ਸਿੱਖੀ ਸਰੂਪ ਦੇ ਵਿਚ ਲੜਕੇ ਨੂੰ ਦੇਖਿਆ ਜੋ ਖ਼ੁਦ ਇਤਿਹਾਸ ਤੇ ਗੁਰਬਾਣੀ ਤੇ ਕਿੰਤੂ-ਪ੍ਰੰਤੂ ਕਰ ਰਿਹਾ ਸੀ । ਮੈਂ ਜ਼ਿਆਦਾਤਰ ਬੁੱਢੇ ਲੋਕਾਂ ਨੂੰ ਹੀ ਦੇਖਿਆ ਹੈ ਜੋ ਗ਼ਲਤ ਪ੍ਰਚਾਰ ਕਰਦੇ ਹਨ । ਪਰ ਹੁਣ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ੨੫-੩੦ ਸਾਲਾਂ ਦੇ ਗੱਭਰੂ ਵੀ ਸਿੱਖ-ਵਿਰੋਧੀ ਸੰਸਥਾਵਾਂ ਦੇ ਅੜਿੱਕੇ ਚੜ੍ਹ ਗਏ ਨੇ । ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਪੈਸੇ ਲਈ ਕੰਮ ਨਹੀਂ ਕਰਦੇ ਹੋਣਗੇ । ਮੈਂ ਗ਼ਲਤ ਵੀ ਹੋ ਸਕਦਾ ਹਾਂ । ਇਨ੍ਹਾਂ ਦਾ ਝੁਕਾਅ ਸਿੱਖ-ਵਿਰੋਧੀ ਲੋਕਾਂ ਵੱਲ ਇਸ ਲਈ ਵੱਧ ਜਾਂਦਾ ਹੈ ਕਿਉਂਕਿ ਇਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ ਹੁੰਦਾ । ਮਿਸਾਲ ਦੇ ਤੌਰ ਤੇ ਇਹ ਲੋਕ ਗੁਰਬਾਣੀ ਕੀਰਤਨ ਨਹੀਂ ਸੁਣਦੇ । ਜਾਂ ਕਥਾ ਵੱਲ ਇਨ੍ਹਾਂ ਦਾ ਕੋਈ ਵੀ ਧਿਆਨ ਨਹੀਂ ਹੁੰਦਾ । ਹਾਂ ਅਜਿਹਾ ਜ਼ਰੂਰ ਹੋ ਸਕਦਾ ਹੈ ਕਿ ਕੁਝ ਕੁ ਪ੍ਰਚਾਰਕ ਜੋ ਇੱਧਰ-ਓਧਰ ਦੀ ਗੱਲਾਂ ਕਰ ਜਾਂਦੇ ਨੇ ਸਟੇਜਾਂ ਤੇ ਉਨ੍ਹਾਂ ਨੂੰ ਇਹ ਸੁਣਦੇ ਹੋਣ । ਕਿਉਂਕਿ ਅੱਜ ਦੀ ਨਵੀਂ ਪਨੀਰੀ ਲਈ ਖ਼ੁਸ਼ਕ ਗਿਆਨ ਹੀ ਕਾਫ਼ੀ ਮਾਇਨੇ ਰੱਖਦਾ ਹੈ ।
ਖ਼ੁਸ਼ਕ ਗਿਆਨੀ ਉਹ ਲੋਕ ਤਾਂ ਪੈਦਾ ਕਰ ਸਕਦੇ ਨੇ ਜੋ ਤਰਕ ਤੇ ਤਰਕ ਕਰਕੇ ਆਪਣੀ ਗੱਲ ਸਿੱਧ ਕਰਦਾ ਹੋਵੇ । ਪਰ ਅਜਿਹੇ ਲੋਕ ਕੋਈ ਇਨਸਾਨ ਦਾ ਸੰਤਮਈ ਜੀਵਨ ਨਹੀਂ ਬਣਾ ਸਕਦੇ । ਉਸਨੂੰ ਗੁਰੂ ਨਾਲ ਪਿਆਰ ਕਿਵੇਂ ਕਰਨਾ ਹੈ, ਉਹ ਨਹੀਂ ਦੱਸ ਸਕਦੇ । ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਨਾਲ ਲਿਵ ਲਾਉਣ ਦਾ ਚਾਉ ਨਹੀਂ ਪੈਦਾ ਕਰ ਸਕਦੇ । ਸੋ ਇਹ ਖ਼ੁਸ਼ਕ ਗਿਆਨੀ ਅੱਜ ਦੇ ਸਮੇਂ ਦੇ ਵਿਚ ਕੁਝ ਜ਼ਿਆਦਾ ਸੁਣੇ ਜਾ ਰਹੇ ਨੇ, ਜੋ ਸਿੱਖਾਂ ਨੂੰ ਕੁਰਾਹੇ ਪਾ ਰਹੇ ਨੇ ।
ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈ ਕਿ ਸਿਰਫ਼ ਖ਼ੁਸ਼ਕ ਗਿਆਨੀ ਹੀ ਆਪਣੀ ਗੱਲ ਰੱਖ ਰਹੇ ਨੇ ਸਟੇਜਾਂ ਤੇ । ਨਹੀਂ । ਬਹੁਤ ਸੁਹਿਰਦ ਕਥਾਵਾਚਕ ਵੀ ਹਨ ਜੋ ਗੁਰਬਾਣੀ ਦਾ ਗਿਆਨ, ਗੁਰਇਤਿਹਾਸ ਦਾ ਗਿਆਨ ਬਖ਼ਸ਼ ਰਹੇ ਨੇ ਸਿੱਖ-ਸੰਗਤਾਂ ਨੂੰ । ਪ੍ਰਚਾਰ ਹੋ ਰਿਹਾ ਹੈ । ਲੋਕਾਂ ਦੇ ਜੀਵਨ ਵੀ ਬਦਲ ਰਹੇ ਨੇ । ਪਰ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਖ਼ੁਸ਼ਕ ਗਿਆਨੀਆਂ ਦਾ ਲੜ ਭਾਰਾ ਜਾਪਦਾ ਹੈ । ਪਰ ਇਹ ਸਮੇਂ-ਸਮੇਂ ਹੁੰਦਾ ਹੀ ਰਹਿੰਦਾ ਹੈ । ਗੁਰੂ ਕਾਲ ਦੇ ਸਮੇਂ ਵੀ ਆਪਣੇ ਆਪ ਨੂੰ ਵਿਦਵਾਨ ਜਾਂ ਧਾਰਮਿਕ ਪੁਸਤਕਾਂ ਦਾ ਗਿਆਤਾ ਕਹਾਉਣ ਵਾਲੇ ਗੁਰੂ ਸਾਹਿਬਾਨਾਂ ਨੂੰ ਟੱਕਰਦੇ ਰਹੇ ਸਨ । ਫਿਰ ਸਿੰਘ ਸਭਾਵਾਂ ਸਮੇਂ ਵੀ ਖ਼ੁਸ਼ਕ ਗਿਆਨੀਆਂ ਨੇ ਸਿੰਘਾਂ ਨਾਲ ਟਕਰਾਉ ਕੀਤਾ ਸੀ । ਉਨ੍ਹਾਂ ਦੀਆਂ ਹੀ ਔਲਾਦਾਂ ਫਿਰ ਆ ਗਈਆਂ ਨੇ ਆਪਣਾ ਖ਼ੁਸ਼ਕ ਗਿਆਨ ਲੈ ਕਰ ।
ਸੋ ਜਿਹੜੀ ਸਹੀ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਜੋ ਉਨ੍ਹਾਂ ਨੇ ਹੁਣ ਤੱਕ ਗੁਰਬਾਣੀ ਤੇ ਗੁਰਇਤਿਹਾਸ ਬਾਰੇ ਸੁਣਿਆ ਹੈ ਉਹ ਵੱਧ ਤੋਂ ਵੱਧ ਹੋਰ ਸਿੱਖ-ਸੰਗਤਾਂ ਰਾਹੀ ਪ੍ਰਚਾਰਿਆ ਜਾਵੇ । ਜੋ ਗੁਰਬਾਣੀ ਦੇ ਗਿਆਨ ਤੋਂ ਹੀਣੇ ਹਨ ਉਨ੍ਹਾਂ ਖ਼ੁਸ਼ਕ ਗਿਆਨੀਆਂ ਦੇ ਵਿਚ ਭਾਵਨਾ ਨਾ ਹੋਣ ਕਰਕੇ ਸਿਰਫ਼ ਤਰਕ ਤੇ ਮਖੌਲ ਹੀ ਹੈ । ਸੋ ਇਨ੍ਹਾਂ ਖ਼ੁਸ਼ਕ ਗਿਆਨੀਆਂ ਨੂੰ ਸ਼ਾਇਦ ਆਪਾਂ ਨਾ ਸੁਧਾਰ ਸਕੀਏ । ਜੇ ਕਿਸੇ ਨੇ ਪੈਸੇ ਨੂੰ ਹੀ ਆਪਣਾ ਬਾਪੂ ਮੰਨ ਲਿਆ ਹੈ ਤਾਂ ਤੁਹਾਡਾ ਗਿਆਨ ਤੇ ਦਲੀਲਾਂ ਉਸ ਲਈ ਕੁਝ ਨਹੀਂ ਹਨ । ਪਰ, ਹਾਂ, ਜੋ ਨੌਜਵਾਨ ਪੀੜ੍ਹੀ ਖ਼ੁਸ਼ਕ ਗਿਆਨੀਆਂ ਦੇ ਸੰਪਰਕ ਦੇ ਵਿਚ ਆ ਗਈ ਹੈ, ਉਨ੍ਹਾਂ ਨੂੰ ਜ਼ਰੂਰ ਸੁਧਾਰ ਸਕਦੇ ਹਨ ।
ਹੁਣ ਤਾਂ ਬਹੁਤ ਤਰੀਕੇ ਬਣ ਗਏ ਨੇ ਆਪਸ ਦੇ ਵਿਚ ਜੁੜਨ ਦੇ ਲਈ । ਤੇ ਬਹੁਤ ਨੌਜਵਾਨਾਂ ਨੇ ਕਲਮਾਂ ਵੀ ਚੁੱਕ ਲਈਆਂ ਹਨ । ਫੇਸਬੁੱਕ ਤੇ ਹੋਵੇ ਜਾਂ ਵੀਡੀਉ ਰਾਹੀਂ, ਉਹ ਇਨ੍ਹਾਂ ਖ਼ੁਸ਼ਕ ਗਿਆਨੀਆਂ ਨੂੰ ਉੱਤਰ ਦਿੰਦੇ ਹੀ ਰਹਿੰਦੇ ਹਨ ਸਮੇਂ ਸਮੇਂ ਤੇ । ਉਨ੍ਹਾਂ ਸਭ ਭੈਣਾਂ ਤੇ ਭਰਾਵਾਂ ਦਾ ਮੈਂ ਅਤਿ ਧੰਨਵਾਦੀ ਹਾਂ ਜੋ ਜਿਹੜਾ ਵੀ ਮਾਰਗ ਹੋਵੇ, ਜਿੰਨੀ ਵੀ ਸਮਝ ਹੋਵੇ, ਉਸ ਰਾਹੀ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ ।
ਕੁਝ ਆਪਣੇ 'ਚੋਂ ਉਹ ਵੀ ਹੁੰਦੇ ਹਨ ਜੋ ਕਰਨਾ ਕੁਝ ਚਾਹੁੰਦੇ ਹਨ, ਪਰ ਕਰਦੇ ਨਹੀਂ । ਸੋ ਉਨ੍ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕੰਮ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ । ਇਹ ਕੰਮ ਕਿਸੇ ਇਕ ਪ੍ਰਚਾਰਕ ਜਾਂ ਸੰਸਥਾ ਦਾ ਨਹੀਂ ਹੈ । ਸਿੱਖਾਂ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਸਿੱਖੀ ਲਈ ਜੋ ਉਪਰਾਲੇ ਕਰ ਸਕਦੇ ਹਨ ਉਹ ਕਰਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ ।

Popular posts