Thursday, December 5, 2019

Kartarpur Sahib Corridor

ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ । ਆਪਣੀ ਜ਼ਿੰਦਗੀ ਦੇ ਪਿਛਲੇ ਕਈ ਸਾਲ ਗੁਰੂ ਨਾਨਕ ਦੇਵ ਜੀ ਨੇ ਇਥੇ ਬਤੀਤ ਕੀਤੇ ਸਨ । ੧੯੪੭ ਦੀ ਵੰਡ ਸਮੇਂ ਭਾਰਤ ਦੀ ਸਰਹੱਦ ਤੋਂ ਕੁਝ ਹੀ ਦੂਰੀ ਤੇ ਇਹ ਅਸਥਾਨ ਭਾਰਤ ਵਾਲੇ ਪਾਸੇ ਰਹਿੰਦੇ ਸਿੱਖਾਂ ਤੋਂ ਵਿਛੜ ਗਿਆ ਸੀ । ਉਸ ਸਮੇਂ ਤੋਂ ਹੀ ਸਿੱਖ ਅਰਦਾਸ ਕਰਦੇ ਆ ਰਹੇ ਸਨ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਰਾਹ ਖੁਲ੍ਹ ਜਾਵੇ । ਪਰਮਾਤਮਾ ਨੇ ਉਹ ਅਰਦਾਸ ਸੁਣ ਲਈ ਤੇ ਦੋਵਾਂ ਮੁਲਕਾਂ ਦੇ ਵਿਚ ਇਕ ਸਮਝੌਤੇ ਦੇ ਤੌਰ ਤੇ ਇਹ ਰਸਤਾ ਖੁਲ੍ਹ ਗਿਆ ਹੈ ਦਰਸ਼ਨਾਂ ਦੇ ਲਈ । ੯ ਨਵੰਬਰ ੨੦੧੯ ਦੀ ਤਰੀਕ ਇਤਿਹਾਸ ਦੇ ਵਿਚ ਲਿਖੀ ਜਾ ਚੁੱਕੀ ਹੈ ਜਿਸ ਦਿਨ ਇਹ ਲਾਂਘਾਂ ਖੋਲ੍ਹਿਆ ਸੀ ।
ਇਤਿਹਾਸ ਦੇ ਪੰਨਿਆਂ ਦੇ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਜਾਣਗੀਆਂ । ਕੁਝ ਗੱਲਾਂ ਜੋ ਮੈਂ ਚਾਹੁੰਦਾ ਹਾਂ ਕਿ ਅਮਰ ਹੋ ਜਾਣ ਉਹ ਇਥੇ ਲਿਖਣੀਆਂ ਬਣਦੀਆਂ ਹਨ ।
ਹੁਣ ਦੇ ਸਮੇਂ ਦੇ ਵਿਚ ਹਰ ਕੋਈ ਰਾਜਨੀਤਕ ਨੇਤਾ ਇਹ ਕਹਿ ਰਿਹਾ ਹੈ ਕਿ ਇਹ ਉਸਦੀ ਬਦੌਲਤ ਖੁੱਲ੍ਹਿਆ ਹੈ । ਪਰ ਸੱਚ ਇਸ ਤੋਂ ਬਹੁਤ ਦੂਰ ਹੈ । ਸਫ਼ਲਤਾ ਦੇ ਲਈ ਬਹੁਤ ਲੋਕੀ ਆਪਣੀ ਪਿੱਠ ਤੇ ਹੱਥ ਮਾਰ ਕੇ ਆਪਣੇ ਆਪ ਨੂੰ ਉੱਚਾ ਕਹਿੰਦੇ ਹਨ, ਪਰ ਇਸ ਦੇ ਪਿੱਛੇ ਕੋਈ ਹੋਰ ਲੋਕ ਹੁੰਦੇ ਹਨ । ਕਰਤਾਰਪੁਰ ਲਾਂਘੇ ਨੇ ਬਹੁਤ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ ਹੈ । ਜੋ ਲੋਕ ਇਹ ਕਹਿੰਦੇ ਸਨ ਕਿ ਉਹ ਇਸ ਲਾਂਘੇ ਦੇ ਖ਼ਿਲਾਫ਼ ਹਨ ਜਾਂ ਫਿਰ ਇਸ ਵਿਚ ਪਾਕਿਸਤਾਨ ਦੀ ਚਾਲ ਹੈ, ਓਹੀ ਹੁਣ ਇਸਦੀ ਪ੍ਰਸੰਸਾ ਕਰ ਰਹੇ ਨੇ ਕਿਉਂਕਿ ਇਸ ਨੂੰ ਦੁਨੀਆਂ ਭਰ ਦੇ ਵਿਚ ਬੈਠੇ ਸਿੱਖਾਂ ਨੇ ਸਲਾਹਿਆ ਹੈ ।
ਕੁਝ ਕੁ ਲੋਕਾਂ ਦੇ ਸ਼ਬਦ ਜੋ ਇਤਿਹਾਸ ਦੇ ਵਿਚ ਇੰਨ-ਬਿੰਨ ਦਰਜ ਹੋਣੇ ਚਾਹੀਦੇ ਹਨ, ਉਹ ਇਸ ਤਰ੍ਹਾਂ ਹਨ । ਉਨ੍ਹਾਂ ਦੇ ਸ਼ਬਦ ਲਿਖਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਹੁੰ-ਚੁੱਕ ਸਮਾਗਮ ਦੇ ਵਿਚ ਗਏ ਸਨ ਕਿਉਂਕਿ ਉਨ੍ਹਾਂ ਨੂੰ ਸੱਦਿਆ ਗਿਆ ਸੀ ਤੇ ਉਨ੍ਹਾਂ ਨੇ ਪਾਕਿਸਤਾਨ ਦੇ ਫ਼ੌਜੀ ਜਰਨੈਲ ਨੂੰ ਜੱਫੀ ਪਾਈ ।
… ਦੁਸ਼ਮਨ ਦੇਸ਼ ਮੇ ਆਪ ਪਹਿਲੇ ਜਾਤੇ ਹੈ ਉਸ ਕੇ ਬਾਦ ਉਸ ਕੋ ਗਲੇ ਲਗਾਤੇ ਹੈ ਜੋ ਹਮਾਰੇ ਲੋਗੋ ਕੋ ਮਤਲਬ, ਯੇ ਤੋਂ ਆਪ ਦੁਸ਼ਮਨ ਕੇ ਹੈ ਕਿ ਅਪਨੋ ਕੇ ਹੈ, ਇਤਨੀ ਬੜੀ ਗੱਦਾਰੀ ਦੇਸ਼ ਕੇ ਸਾਥ ਕੌਨ ਕਰ ਸਕਤਾ ਹੈ । … ਮੈਂ ਗਲੇ ਜਰਨੈਲ ਬਾਜਵਾ, ਜੋ ਪਾਕਿਸਤਾਨ ਕੇ ਜਰਨੈਲ ਕੇ ਗਲੇ ਇਸ ਲਿਏ ਲਗਾ ਕਿਉਂਕਿ ਉਨਹੋਨੇ ਬੋਲਾ ਕਿ ਕਰਤਾਰਪੁਰ ਕੌਰੇਡੋਰ, ਜੋ ਏਕ ਸਿੱਖੋ ਕੀ ਏਕ ਧਾਰਮਿਕ ਬਾਵਨਾ ਕੇ ਸਾਥ ਬਹੁਤ ਬੜ੍ਹੀ ਆਸਥਾ ਜੁੜ੍ਹੀ ਹੁਈ ਹੈ, ਕਈ ਸੈਂਕੜੋ ਸਾਲੋਂ ਸੇ ਯਹ ਮਾਂਗ ਰੱਖੀ ਗਈ ਹੈ ਕਿ ਜਹਾ ਗੁਰੂ ਨਾਨਕ ਦੇਵ ਜੀ ਕੇ ਅਸਥਾਨ ਹੈ ਵਹਾ ਪੇ ਯੇ ਕੌਰੋਡੋਰ ਖੋਲ੍ਹਾ ਜਾਏ, ਓਰ ਸ਼ਰਧਾਲੂ ਕੋ ਆਨਾ-ਜਾਨਾ ਕੀ ਮਨਜੂਰੀ ਦੀ ਜਾਏ । ਲੇਕਿਨ ਕਿਸੀ ਪਾਕਿਸਤਾਨੀ ਸਰਕਾਰ ਨੇ ਆਜ ਤੱਕ ਇਸ ਮੇ ਕੋਈ ਹਾਥ ਕੋਈ ਪੱਲਾ ਨਹੀਂ ਫੜ੍ਹਾ ਕੋਈ ਬਾਤ ਆਗੇ ਨਹੀਂ ਬੜਾਈ । ਲੇਕਿਨ ਯੇ ਕੌਗਰਸ ਕੇ ਮੰਤਰੀ ਆਤੇ ਸਾਰ ਹੀ ਕਹਿਤੇ ਕੇ ਮੈਂ ਤੋਂ ਗਲੇ ਲੱਗ ਗਿਆ, ਕਿਉਂਕਿ ਮੁਝੇ ਦੇਖਤੇ ਹੀ ਜਨਰਲ ਨੇ ਕਹਿ ਦੀਆ ਕਿ ਤੁਮ ਕੋ ਹਮ ਨੇ ਕਰਤਾਰਪੁਰ ਕੌਰੇਡੋਰ ਖੋਲ੍ਹਨੇ ਕਾ ਫ਼ੈਸਲਾ ਕਰ ਲੀਆ । - ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਆਪਣੀ ਗਲਤੀ ਨੂੰ ਲੁਕਾਉਣ ਦੇ ਲਈ ਸਿੱਧੂ ਨੇ ਇਹ ਕਹਾਣੀ ਘੜੀ ਸੀ ਕਿ ਪਾਕਿਸਤਾਨੀ ਸਰਕਾਰ ਵੱਲੋਂ ਕਰਤਾਰਪੁਰ ਲਾਂਘਾਂ ਖੋਲ੍ਹਣ ਦਾ ਫ਼ੈਸਲਾ ਲਿੱਤਾ ਗਿਆ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਕੌਰੀਡੋਰ ਖੁੱਲ੍ਹਣ ਤੇ ਨਾ ਜਾਣ ਦਾ ਫ਼ੈਸਲਾ ਕੀਤਾ ਸੀ ।
ਆਪ ਕੋ ਨਾ ਡਾ. ਮਨਮੋਹਨ ਸਿੰਘ ਨੇ ਬਤਾਇਆ ਹੋਗਾ ਨਾ ਮੈਨੇ ਬਤਾਇਆ ਹੋਗਾ । ਆਜ ਸੁਬੇ ਡਾ. ਮਨਮੋਹਨ ਸਿੰਘ ਜੀ ਕੋ ਮੈਂ ਮਿਲਾ ਹੂੰ । ਹਮਨੇ ਡਿਸਕਸ਼ਨ ਕੀਏ ਹੈ, ਮੇਰਾ ਤੋਂ ਜਾਨਾ ਤੋਂ ਬ-ਬ-ਬ ਦੇਅਰ ਇਸ ਨੋ ਕੋਐਸ਼ਚਨ ਔਫ਼ ਇਟ । ਐਂਡ ਲੈਟ ਮੀ ਟੈਲ ਯੂ ਡਾ. ਮਨਮੋਹਨ ਸਿੰਘ, ਆਈ ਫੀਲ, ਇਸ ਨੋਟ ਗੋਇੰਗ ਟੂ ਗੋ ਟੂ । - ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ
ਹੁਣ ਦੇ ਸਮੇਂ ਦੇ ਵਿਚ ਚੱਲ ਰਹੀਆਂ ਰਾਜਨੀਤਕ ਪਾਰਟੀਆਂ ਦਾ ਮੈਂ ਕੋਈ ਫੈਨ ਨਹੀਂ ਹਾਂ । ਸ਼੍ਰੋਮਣੀ ਅਕਾਲੀ ਦਲ, ਜੋ ਸਿੱਖਾਂ ਦਾ ਪਾਰਟੀ ਕਹਾਉਂਦੀ ਹੈ, ਉਸ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਮੂੰਹੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ । ਸਿਰਫ਼ ਇਸੇ ਲਈ ਕਿ ਸਿੱਧੂ ਕਾਂਗਰਸ ਪਾਰਟੀ ਨਾਲ ਸੰਬੰਧਤ ਹੈ ਉਸ ਦੀ ਨਿੰਦਾ ਕਰ ਦਿੱਤੀ ਗਈ । ਇਹ ਵੀ ਸੱਚਾਈ ਹੈ ਕਿ ਸਿੱਧੂ ਹੀ ਇਹ ਸੰਦੇਸ਼ ਲੈ ਕਰ ਆਇਆ ਸੀ ਕਿ ਪਾਕਿਸਤਾਨ ਨੇ ਰਸਤਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ । ਸਿੱਖਾਂ ਦੀਆਂ ਭਾਵਨਾਵਾਂ ਜੁੜ੍ਹੀਆਂ ਹੋਣ ਦੇ ਬਾਵਜੂਦ ਵੀ ਕਈ ਰਾਜਨੀਤਕ ਪਾਰਟੀਆਂ ਨੇ ਕਾਂਗਰਸ ਨੂੰ ਨੀਚਾ ਦਿਖਾਉਣ ਦੇ ਲਈ ਕਈ ਊਲ-ਜਲੂਲ ਗੱਲਾਂ ਕੀਤੀਆਂ ।
ਠੀਕ ਹੈ ਕਿ ਇਨ੍ਹਾਂ ਰਾਜਨੀਤਕ ਲੋਕਾਂ ਦਾ ਕੋਈ ਇਮਾਨ ਨਹੀਂ ਹੁੰਦਾ । ਪਰ ਸਿੱਧੂ ਦੀ ਗੱਲ ਸੁਣੈ ਬਗ਼ੈਰ ਹੀ ਉਸ ਤੇ ਕਿੰਤੂ-ਪ੍ਰੰਤੂ ਸ਼ੁਰੂ ਹੋ ਗਿਆ । ਇਸ ਨੂੰ ਕਹਿੰਦੇ ਹਨ ਰਾਜਨੀਤੀ । ਤੇ ਇਹੀਓ ਆਪਾਂ ਸਮਝਣੀ ਹੈ ਕਿ ਕਿਸ ਤਰੀਕੇ ਨਾਲ ਇਹ ਲੋਕ ਕੁਝ ਵੀ ਮੂੰਹੋਂ ਫੁਟ ਕੇ ਆਪਣਾ ਉੱਲੂ ਸਿੱਧਾ ਕਰਨ ਦੇ ਵਿਚ ਕਿੰਨੇ ਚਲਾਕ ਹਨ । ਕਾਂਗਰਸ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈ, ਜੋ ਵੀ ਇਨ੍ਹਾਂ ਨੇ ਕੀਤਾ ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾਂ ਤੋਂ ਲੈ ਕਰ । ਇਨ੍ਹਾਂ ਦੋ ਪਾਰਟੀਆਂ ਨੂੰ ਛੱਡ ਕੇ ਬੀ.ਜੇ.ਪੀ ਵੱਲੋਂ ਵੀ ਸਿੱਧੂ ਨੂੰ ਮਾੜ੍ਹਾ ਕਿਹਾ ਗਿਆ ਇਸ ਲਈ ਕਿਉਂਕਿ ਉਸ ਨੇ ਇਮਰਾਨ ਖ਼ਾਂ ਦਾ ਦਿਲੋਂ ਧੰਨਵਾਦ ਕੀਤਾ ਸੀ ।
ਸਿੱਖਾਂ ਨੂੰ ਇਸ ਦੁਨੀਆਂ ਦੇ ਵਿਚ ਅੱਖਾਂ ਖੋਲ੍ਹ ਕੇ ਜਿਉਣਾ ਚਾਹੀਦਾ ਹੈ ਤੇ ਇਨ੍ਹਾਂ ਰਾਜਨੀਤਕ ਲੋਕਾਂ ਦੀਆਂ ਗੱਲਾਂ ਦੇ ਵਿਚ ਨਹੀਂ ਆਉਣਾ ਚਾਹੀਦਾ । ਇਹ ਲੋਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੇ ਵਿਚ ਥੋੜ੍ਹੀ ਜਿੰਨੀ ਵੀ ਦੇਰ ਨਹੀਂ ਲਾਉਂਦੇ । ਜੇਕਰ ਸਿੱਖ ਇਨ੍ਹਾਂ ਲੋਕਾਂ ਦੀਆਂ ਹੀ ਗੱਲਾਂ ਵਿਚ ਆਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੱਚ ਤੇ ਝੂਠ ਦੇ ਵਿਚ ਫ਼ਰਕ ਸਮਝਣਾ ਔਖਾ ਹੋ ਜਾਵੇਗਾ ।
ਹਾਲਾਂਕਿ ਬਹੁਤਿਆਂ ਨੂੰ ਰਾਜਨੀਤੀ ਦੀ ਗੰਦਗੀ ਬਾਰੇ ਪਤਾ ਹੈ । ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਇਸ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ । ਸਿੱਖਾਂ ਦੀਆਂ ਏਨੇ ਸਾਲ ਦੀਆਂ ਅਰਦਾਸਾਂ ਨੂੰ ਅੱਖੋਂ ਓਹਲੇ ਕਰਕੇ ਸਿਰਫ਼ ਆਪਣਾ ਰਾਜਨੀਤਕ ਕਮੈਂਟ ਕਰਕੇ ਲੋਕਾਂ ਨੂੰ ਰਾਸ਼ਟਰਵਾਦ ਦੇ ਵਿਚ ਫਸਾ ਕੇ ਕਰਤਾਰਪੁਰ ਸਾਹਿਬ ਬਾਰੇ ਸਿੱਖਾਂ ਦੀ ਆਸਥਾ ਤੇ ਸੱਟ ਮਾਰੀ ਗਈ ਹੈ । ਤੁਸੀਂ ਆਉਣ ਵਾਲੇ ਸਮੇਂ ਦੇ ਵਿਚ ਦੇਖੋਗੇ ਕਿ ਰਾਸ਼ਟਰਵਾਦ ਦੇ ਨਾਂ ਤੇ ਸਿੱਖਾਂ ਤੇ ਵੀ ਸਵਾਲੀਆਂ ਚਿੰਨ੍ਹ ਖੜ੍ਹਾ ਕੀਤਾ ਜਾਵੇਗਾ ਕਿ ਪਾਕਿਸਤਾਨ ਜਾਣ ਦੀ ਕੀ ਲੋੜ ਹੈ, ਇਧਰ ਵੀ ਤਾਂ ਗੁਰਦੁਆਰੇ ਹੈਗੇ ਨੇ । ਸਿੱਖਾਂ ਨੂੰ ਸਿਰਫ਼ ਭਾਰਤ ਦੇਸ਼ ਦੇ ਅੰਦਰ ਰੱਖਣ ਦੀ ਕੋਸ਼ਿਸ਼ ਬਹੁਤ ਸਮੇਂ ਤੋਂ ਹੋ ਰਹੀ ਹੈ ਤਾਂ ਜੋ ਉਹ ਭਾਰਤ ਦੇ ਸਰਹੱਦ ਦੇ ਵਿਚ ਰਹਿ ਕੇ, ਆਪਣਾ ਸਿੱਖੀ ਸਿਧਾਂਤ ਭੁੱਲ ਕੇ, ਸਿਰਫ਼ ਦੇਸ਼-ਭਗਤੀ ਦੇ ਰਾਗ ਅਲਾਪਦੇ ਰਹਿਣ ।
ਆਪਣਾ ਫਰਜ਼ ਇਹ ਬਣਦਾ ਹੈ ਕਿ ਆਪਾਂ ਸਭ ਨਾਲ ਪਿਆਰ ਨਾਲ ਰਹੀਏ । ਸਿੱਖੀ ਦੇ ਵਿਚ ਪੱਕੇ ਰਹੀਏ । ਕਿਸੇ ਦਾ ਬੁਰਾ ਨਾ ਕਰੀਏ । ਸਰਬੱਤ ਦੇ ਭਲੇ ਦੀ ਗੱਲ ਕਰੀਏ । ਤੇ ਪਰਮਾਤਮਾ ਦੇ ਗੁਣ ਗਾਈਏ ।

Popular posts