Wednesday, July 7, 2021

ਸਿੱਖਾਂ ਦਾ ਧਰਮ ਪਰਿਵਰਤਨ

ਸਿੱਖਾਂ ਦਾ ਧਰਮ ਪਰਿਵਰਤਨ

 

ਪਿੱਛਲੇ ਕੁਝ ਸਮੇਂ ਤੋਂ ਕਸ਼ਮੀਰ ਦੇ ਵਿਚ ਦੋ ਸਿੱਖ ਲੜਕੀਆਂ ਦੇ ਇਸਲਾਮ ਧਰਮ ਦੇ ਵਿਚ ਜਾਣ ਦੇ ਬਹੁਤ ਚਰਚੇ ਰਹੇ । ਕੋਈ ਉਨ੍ਹਾਂ ਨੂੰ 18 ਸਾਲ ਤੋਂ ਘਟ ਅਤੇ ਕੋਈ ਉਨ੍ਹਾਂ ਨੂੰ 18 ਤੋਂ ਵੱਧ ਮਨ ਰਿਹਾ ਹੈ । ਕੋਈ ਕਹਿ ਰਿਹਾ ਕਿ ਇਹ ਉਨ੍ਹਾਂ ਦਾ ਅਧਿਕਾਰ ਹੈ ਕਿ ਉਹ ਕੋਈ ਵੀ ਧਰਮ ਅਪਣਾ ਸਕਦੀਆਂ ਹਨ ਅਤੇ ਸਿੱਖ ਧਰਮ ਦੇ ਲੋਕਾਂ ਨੂੰ ਇਸ ਵਿਚ ਨਹੀਂ ਬੋਲਣਾ ਚਾਹੀਦਾ । ਕੁਝ ਅਗਾਂਹਵਧੂ ਔਰਤਾਂ ਦਾ ਇਹ ਮੰਨਣਾ ਸੀ ਕਿ ਮਰਦ-ਪ੍ਰਧਾਨ ਸਮਾਜ ਦੇ ਵਿਚ ਔਰਤਾਂ ਦੇ ਪੱਖ ਨੂੰ ਨਹੀਂ ਦੇਖਿਆ ਗਿਆ ਇਸ ਸਾਰੇ ਵਰਤਾਰੇ ਦੇ ਵਿਚ । ਕੋਈ ਸਿੱਖ ਲੜਕੀ ਦੇ ਸਿੱਖ ਲੜਕੇ ਨਾਲ ਵਿਆਹ ਨੂੰ ਲੈ ਕਿ ਇਹ ਬਿਆਨ ਦੇ ਰਿਹਾ ਕਿ ਇਹ ਉਸ ਲੜਕੀ ਨੂੰ ਉਸਦੇ ਮੁਸਲਮਾਨ ਪਤੀ ਤੋਂ ਵਿਛੋੜ ਕੇ ਕੀਤਾ ਗਿਆ ਹੈ ।

ਇਹ ਸਾਰਾ ਵਰਤਾਰਾ ਆਪਾਂ ਨੂੰ ਜ਼ਰੂਰ ਸ਼ਰਮਿੰਦਾ ਕਰਦਾ ਹੈ ਕਿ ਅਸੀਂ ਅੱਜ ਦੇ ਯੁਗ ਦੇ ਵਿਚ ਕਿੱਥੇ ਆ ਕੇ ਖੜ੍ਹੇ ਹੋ ਗਏ ਹਾਂ । ਪਹਿਲਾਂ ਉਹ ਸਿੱਖ ਸਨ ਜੋ ਸਿਰ ਦੇ ਦਿੰਦੇ ਸਨ ਪਰ ਇਸਲਾਮ ਨਹੀਂ ਕਬੂਲਦੇ ਸਨ । ਇਕ ਅੱਜ ਦੇ ਸਿੱਖ ਹਨ ਜੋ ਕਿਸੇ ਲੜਕਾ-ਲੜਕੀ ਪਿੱਛੇ ਆਪਣਾ ਧਰਮ ਛੱਡ ਦਿੰਦੇ ਹਨ । ਇਹ ਇੰਗਲੈਂਡ ਦੇ ਵਿਚ ਬਹੁਤ ਜ਼ਿਆਦਾ ਹੁੰਦਾ ਹੈ ਜਿਥੇ ਇਸਲਾਮ ਧਰਮ ਨਾਲ ਸੰਬੰਧਤ ਲੋਕ ਦੂਜੇ ਧਰਮਾਂ ਦੀਆਂ ਲੜਕੀਆਂ ਨੂੰ ਆਪਣੇ ਪਿਆਰ ਦੇ ਵਿਚ ਪਾ ਕੇ (grooming) ਉਨ੍ਹਾਂ ਦਾ ਧਰਮ ਬਦਲ ਦਿੰਦੇ ਹਨ । ਸਿੱਖਾਂ ਦਾ ਇਕ ਯੂ-ਟਿਊਬ ਚੈੱਨਲ ਸਿਰਫ਼ ਇਸ ਬਾਰੇ ਹੀ ਗੱਲ ਕਰ ਰਿਹਾ ਹੈ ਜੋ ਕੇ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ।

ਕਿਥੇ ਗ਼ਲਤ ਹਾਂ ਆਪਾਂ ?

ਕਿਥੇ ਗ਼ਲਤੀ ਕਰ ਲਈ ਕਿ ਸਿੱਖਾਂ ਦੇ ਘਰੇ ਪੈਦਾ ਹੋਏ ਬੱਚੇ ਦੂਜੇ ਧਰਮਾਂ ਦੇ ਵਿਚ ਜਾ ਰਹੇ ਹਨ ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਦੇ ਪਹਿਲੇ ਅਧਿਆਪਕ ਮਾਪੇ ਹੁੰਦੇ ਨੇ । ਜੇਕਰ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦੇ ਰਹੇ ਜੋ ਉਨ੍ਹਾਂ ਨੂੰ ਸਿੱਖੀ ਦੇ ਨੇੜੇ ਲੈ ਕੇ ਜਾਵੇਗੀ ਜਾਂ ਬਹੁਤ ਹੀ ਜ਼ਿਆਦਾ ਅਜ਼ਾਦੀ ਦੇ ਰਹੇ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਤਾਂ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ । ਆਪਣੇ ਤੋਂ ਵਧੀਆ ਤਾਂ ਅੰਗਰੇਜ਼ ਹੀ ਨੇ ਜੋ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਤੇ ਰੋਕ ਲਾ ਦਿੰਦੇ ਨੇ (grounded) ਜੇ ਉਹ ਕੋਈ ਗ਼ਲਤ ਹਰਕਤ ਕਰਨ । ਆਪਣੇ ਵਾਲੇ ਦੂਜਿਆਂ ਦੇ ਸਭਿਆਚਾਰਾਂ ਦੇ ਵਿਚ ਜਾ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਰੰਗਤ ਦੇਣ ਦੇ ਵਿਚ ਰੁੱਝੇ ਹੁੰਦੇ ਹਨ । ਫਿਰ ਜਦੋਂ ਬੱਚੇ ਕੋਈ ਗ਼ਲਤ ਪਾਸੇ ਜਾਂਦੇ ਨੇ ਤਾਂ ਫਿਰ ਪਛਤਾਵਾ ਪੱਲੇ ਰਹਿ ਜਾਂਦਾ ਹੈ ।

ਹਾਂ, ਇਸ ਵਿਚ ਬੱਚਿਆਂ ਦਾ ਵੀ ਕਸੂਰ ਹੈ । ਅੱਜ ਦੇ ਮਸ਼ੀਨੀ ਯੁਗ ਦੇ ਵਿਚ ਉਹ ਧਰਮ ਨੂੰ ਇਕ ਜ਼ੰਜੀਰ ਸਮਝਦੇ ਨੇ । ਉਨ੍ਹਾਂ ਨੂੰ ਲੱਗਦਾ ਹੈ ਕਿ ਧਰਮ ਉਨ੍ਹਾਂ ਨੂੰ ਉਸ ਤਰੀਕੇ ਨਾਲ ਜੀਵਨ ਨਹੀਂ ਜਿਉਣ ਦਿੰਦਾ ਜਿਵੇਂ ਉਹ ਚਾਹੁੰਦੇ ਹਨ । ਇਸ ਵਿਚ ਪੱਛਮੀ ਸਭਿਅਤਾ ਅਤੇ ਵਿਚਾਰਾਂ ਦਾ ਵੀ ਅਸਰ ਪੈਂਦਾ ਹੈ । ਇਕ ਇਨਸਾਨ ਸ਼ਾਇਦ ਛੋਟੇ ਸਾਹਿਬਜ਼ਾਦਿਆਂ ਨੂੰ ਚਾਹੇ ਭੁੱਲ ਜਾਵੇ ਪਰ ਈਸਾ ਮਸੀਹ ਦੇ ਜਨਮ ਦੀਆਂ ੁਸ਼ੀਆਂ ਦੇ ਵਿਚ ਜ਼ਰੂਰ ਸ਼ਾਮਿਲ ਹੋਵੇਗਾ (Christmas), ਕਿਉਂਕਿ ਉਹ ਉਨ੍ਹਾਂ ਲੋਕਾਂ ਦੇ ਵਿਚ ਵਿਚਰ ਰਿਹਾ ਹੈ ਜਿਥੇ ਇਹ ਤਿਉਹਾਰ ਮਨਾਏ ਜਾਂਦੇ ਨੇ ।

ਬੱਚਿਆਂ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਉਹ ਆਪਣੇ ਵਿਰਸੇ ਨਾਲ ਜ਼ਰੂਰ ਜੁੜਨ । ਇਹ ਖੇਡ ਹੀ ਅਜਿਹੀ ਹੈ ਦੁਨੀਆਂ ਦੀ ਕਿ ਪੁੱਠੇ ਕੰਮਾਂ ਵੱਲ ਜ਼ਿਆਦਾ ਜਲਦੀ ਖਿੱਚੇ ਜਾਂਦੇ ਹਾਂ । ਜੋ ਧਰਮ ਦੇ ਕੰਮ ਨੇ ਉਸ ਵੱਲ ਆਪਣਾ ਧਿਆਨ ਹੀ ਨਹੀਂ ਜਾਂਦਾ । ਜਪੁ ਜੀ ਸਾਹਿਬ ਦੇ 20 ਮਿੰਟ ਵੀ ਆਪਾਂ ਬਿਨਾਂ ਉਬਾਸੀ ਲਿੱਤੇ ਨਹੀਂ ਰਹਿ ਸਕਦੇ, ਇੰਨੇ ਆਪਾਂ ਧਰਮ ਤੋਂ ਦੂਰ ਹੋ ਗਏ ਹਾਂ । ਪਹਿਲਾਂ ਤਾਂ ਕਹਿ ਦਿੱਤਾ ਜਾਂਦਾ ਸੀ ਕਿ ਅਖੇ ਪੰਜਾਬੀ ਨਹੀਂ ਆਉਂਦੀ ਇਸ ਕਰਕੇ ਸਾਨੂੰ ਸਿੱਖੀ ਦਾ ਨਹੀਂ ਪਤਾ, ਪਰ ਹੁਣ ਤਾਂ ਕਥਾ ਵੀ ਅੰਗਰੇਜ਼ੀ ਦੇ ਵਿਚ ਹੋਣ ਲੱਗ ਗਈ ਹੈ ਬਾਹਰਲੇ ਮੁਲਕਾਂ ਦੇ ਵਿਚ ।

ਗੁਰੂ ਪ੍ਰਤੀ ਆਪਣੀ ਸ਼ਰਧਾ ਅਤੇ ਪਿਆਰ ਇੰਨਾਂ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ ਕਿ ਆਪਾਂ ਇਕ ਸੰਸਾਰੀ ਮਰਦ ਜਾਂ ਇਸਤਰੀ ਦੇ ਲਈ ਗੁਰੂ ਨੂੰ ਛੱਡ ਦਿੰਦੇ ਹਾਂ । ਇਹ ਆਪਣੀ ਬੇਵਕੂਫ਼ੀ ਹੀ ਕਹੀ ਜਾਵੇਗੀ । ਜਿਸਦੇ ਦਿਖਾਏ ਕਦਮਾਂ ਤੇ ਚਲਣਾ ਸੀ, ਉਸ ਦਾ ਹੱਥ ਹੀ ਛਡਾ ਕੇ ਅਸੀਂ ਭੱਜਣ ਲੱਗ ਗਏ ਹਾਂ । ਮੇਰਾ ਇਹ ਮੰਨਣਾ ਹੈ ਕਿ ਇਹ ਕਦੇ ਵੀ ਨਹੀਂ ਹੋ ਸਕਦਾ ਜੇ ਆਪਾਂ ਕਥਾ ਕੀਰਤਨ ਦੇ ਨਾਲ ਜੁੜੇ ਰਹੀਏ, ਕਿਉਂਕਿ ਇਸ ਵਿਚ ਆਪਾਂ ਨੂੰ ਗੁਰੂ ਦੀਆਂ ਬਖ਼ਸ਼ੀਸ਼ਾਂ ਦਾ ਪਤਾ ਚੱਲੇਗਾ, ਕਿ ਗੁਰੂ ਸਾਹਿਬਾਨ ਆਪਾਂ ਨੂੰ ਦੇ ਕੇ ਕੀ ਗਏ ਹਨ । ਸਿੱਖੀ ਹੈ ਕੀ ਅਤੇ ਕੀ ਆਪਾਂ ਇਸਨੂੰ ਉਸ ਤਰੀਕੇ ਨਾਲ ਹੀ ਨਿਭਾਅ ਰਹੇ ਹਾਂ ਜਿਸ ਤਰੀਕੇ ਨਾਲ ਗੁਰੂ ਸਾਹਿਬਾਨਾਂ ਨੇ ਕਿਹਾ ਸੀ ।

ਮੈਂ ਇਹ ਬਹੁਤ ਵਾਰ ਕਹਿ ਚੁੱਕਾ ਹਾਂ ਕਿ ਸਿੱਖ ਕਿਸੇ ਦੂਜੇ ਧਰਮ ਦੇ ਵਿਚ ਵਿਆਹ ਨਹੀਂ ਕਰਵਾਉਂਦੇ ਇਸਦਾ ਇਹ ਕਾਰਣ ਨਹੀਂ ਕਿ ਅਸੀਂ ਦੂਜਿਆਂ ਦੇ ਧਰਮ ਦੇ ਵਿਰੋਧੀ ਹਾਂ । ਅਸੀਂ ਇਹ ਇਸ ਕਰਕੇ ਕਹਿੰਦੇ ਹਾਂ ਕਿ ਇਹ ਸਿੱਖ-ਵਿਰੋਧੀ ਰੀਤ ਹੈ । ਤੁਸੀਂ ਕਦੇ ਵੀ ਦੋ ਕਿਸ਼ਤੀਆਂ ਦੇ ਵਿਚ ਪੈਰ ਰੱਖ ਕੇ ਸਮੁੰਦਰ ਪਾਰ ਨਹੀਂ ਕਰ ਸਕਦੇ । ਇਕ ਕਿਸ਼ਤੀ ਹੀ ਤੁਹਾਨੂੰ ਪਾਰ ਲੰਘਾ ਸਕਦੀ ਹੈ । ਇਹ ਦੋ ਕਿਸ਼ਤੀਆਂ ਦੀ ਗੱਲ ਉਨ੍ਹਾਂ ਲੋਕਾਂ ਲਈ ਜ਼ਰੂਰ ਸਹੀ ਹੋ ਸਕਦੀ ਹੈ ਜੋ ਕਹਿੰਦੇ ਨੇ ਕਿ ਅਸੀਂ ਦੋਨਾਂ ਧਰਮਾਂ ਨੂੰ ਮੰਨਦੇ ਹਾਂ । ਕੋਈ ਵੀ ਇਨਸਾਨ ਦੋ ਧਰਮਾਂ ਨੂੰ ਨਹੀਂ ਮੰਨ ਸਕਦਾ ਕਿਉਂਕਿ ਬਹੁਤੇ ਧਰਮਾਂ ਦੇ ਵਿਚ ਕਾਫ਼ੀ ਵਖਰੇਵੇਂ ਹੁੰਦੇ ਨੇ । ਹਾਂ, ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹੋ, ਪਰ ਮੰਨਦੇ ਆਪਣੇ ਧਰਮ ਨੂੰ ਹੀ ਹੋ ।

ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ ਸੁਚੇਤ ਕਰਨ ਕਿ ਸੰਸਾਰ ਦੇ ਵਿਚ ਕਿਸ ਤਰ੍ਹਾਂ ਦੇ ਲੋਕ ਵਿਚਰਦੇ ਨੇ, ਅਤੇ ਉਨ੍ਹਾਂ ਲਈ ਸਿੱਖੀ ਦੇ ਵਿਚ ਰਹਿਣਾ ਅਤੇ ਸਿੱਖੀ ਦੀ ਤਰ੍ਹਾਂ ਜਿਉਣਾ ਕਿੰਨਾ ਜ਼ਰੂਰੀ ਹੈ । ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਸਿੱਖਾਂ ਦੇ ਜਵਾਕ ਹੱਜ, ਜਨੇਊਧਾਰੀ, ਜਾਂ ਈਸਾ ਨੂੰ ਮੰਨਣ ਵਾਲਿਆਂ ਵਿਚ ਰਲ ਜਾਣਗੇ, ਅਤੇ ਜੋ ਸਿੱਖੀ ਨੂੰ ਨਫ਼ਰਤ ਕਰਦੇ ਨੇ, ਜਾਂ ਕਹਿ ਲਵੋ ਜੋ ਆਪਣੇ ਆਪ ਨੂੰ ਅਜ਼ਾਦ ਖ਼ਿਆਲਾ ਵਾਲਾ (liberal) ਮੰਨਦੇ ਨੇ ਚਾਹੇ ਫਿਰ ਉਹ ਕੋਈ ਲਿਖਾਰੀ, ਸਿਆਸਤਦਾਨ, ਕਾਮਰੇਡ, ਜਾਂ ਪੱਤਰਕਾਰ ਹੀ ਕਿਉਂ ਨਾ ਹੋਵੇ, ਉਹ ਇਸ ਸਾਰੇ ਕਾਰੇ ਨੂੰ ਸਹੀ ਠਹਿਰਾਉਣ ਦੇ ਵਿਚ ਲੱਗ ਜਾਣਗੇ ਤੇ ਆਪਾਂ ਹੱਥ ਮਲਦੇ ।

Popular posts