ਸਿੱਖ ਜਥੇਬੰਦੀਆਂ ਗੁਰੂ ਕਾਲ ਤੋਂ ਹੀ ਚੱਲੀਆਂ ਆ ਰਹੀਆਂ ਨੇ । ਇਨ੍ਹਾਂ ਜਥੇਬੰਦੀਆਂ ਦਾ ਸਿੱਖਾਂ ਦੀ ਹਸਤੀ ਨੂੰ ਸੁਰਜੀਤ ਰੱਖਣ ਅਤੇ ਗੁਰੂਆਂ ਵੱਲੋਂ ਬਖ਼ਸ਼ੀ ਮਰਯਾਦਾ ਅਤੇ ਗਿਆਨ ਵੰਡਣ ਦੇ ਵਿਚ ਕਾਫ਼ੀ ਯੋਗਦਾਨ ਹੈ । ਕੁਝ ਜਥੇਬੰਦੀਆਂ ਪਹਿਲਾਂ ਦੀਆਂ ਜਥੇਬੰਦੀਆਂ ਵਿਚੋਂ ਨਿਕਲ ਆਈਆਂ, ਅਤੇ ਕੁਝ ਕਿਸੇ ਸੰਤ-ਮਹਾਂਪੁਰਸ਼ ਵੱਲੋਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਦਾ ਸ਼ਾਇਦ ਸਿੱਧੇ ਤੌਰ ਤੇ ਕਿਸੇ ਖ਼ਾਸ ਜਥੇਬੰਦੀ ਨਾਲ ਮੇਲ ਨਾ ਹੋਵੇ, ਪਰ ਕਿਸੇ ਜਥੇਬੰਦੀ ਨੂੰ ਜਾਣਦੇ ਹੋ ਸਕਦੇ ਨੇ ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਕਾਲਜ ਦੇ ਵਿਚ ਸੀ ਤਾਂ ਜਥੇਬੰਦੀਆਂ ਨੂੰ ਭੰਡਣ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਨਿੰਦਕਾਂ ਦਾ । ਅਤੇ ਇਹ ਜ਼ੋਰ ਅਜੇ ਤੱਕ ਜਾਰੀ ਹੈ । ਕਾਰਣ ਸਿਰਫ਼ ਇਹ ਹੈ ਜੋ ਉੱਪਰ ਲਿਖਿਆ ਹੈ ਕਿ ਕਿਸੇ ਤਰੀਕੇ ਨਾਲ ਸਿੱਖਾਂ ਕੋਲ ਗੁਰੂ ਦਾ ਗਿਆਨ ਨਾ ਪਹੁੰਚ ਜਾਵੇ, ਜਾਂ ਮਰਯਾਦਾ ਦੀ ਗੱਲ ਨਾ ਹੋ ਜਾਵੇ । ਇਹ ਤਾਂ ਚਲੋ ਗੁਰ-ਨਿੰਦਕਾਂ ਦੇ ਕੰਮ ਨੇ । ਜੋ ਗੁਰੂ ਸਾਹਿਬਾਨਾਂ ਬਾਰੇ ਗ਼ਲਤ ਬੋਲਦੇ ਰਹੇ ਗੁਰੂਆਂ ਦੇ ਸਮੇਂ ਵਿਚ, ਉਨ੍ਹਾਂ ਦੀਆਂ ਹੀ ਔਲਾਦਾਂ ਹੁਣ ਬਾਣੀ ਅਤੇ ਬਾਣੇ ਤੇ ਕਿੰਤੂ ਕਰਨ ਲੱਗ ਗਈਆਂ ਨੇ ।
ਪਰ ਜੋ ਅਫ਼ਸੋਸ ਮੈਨੂੰ ਅੱਜ ਹੋਇਆ ਸੀ ਉਹ ਇਹ ਕਿ ਇਕ ਜਥੇਬੰਦੀ ਦਾ ਬੰਦਾ ਦੂਜੀਆਂ ਜਥੇਬੰਦੀਆਂ ਨੂੰ ਮਾੜਾ ਅਤੇ ਆਪਣੀ ਜਥੇਬੰਦੀ ਨੂੰ ਚੰਗਾ ਕਹਿ ਰਿਹਾ ਸੀ । ਇਹ ਬਹੁਤ ਹੀ ਮਾੜੀ ਗੱਲ ਹੈ । ਹੋਣਾ ਤਾਂ ਇਹ ਚਾਹੀਦਾ ਸੀ ਕਿ ਜੋ ਵਖਰੇਵੇਂ ਨੇ ਉਨ੍ਹਾਂ ਨੂੰ ਪਾਸੇ ਰੱਖ ਕੇ, ਜੋ ਸਮਾਨ ਗੱਲਾਂ ਨੇ ਉਨ੍ਹਾਂ ਬਾਰੇ ਵੱਧ ਤੋਂ ਵੱਧ ਗੱਲ ਕੀਤੀ ਜਾਵੇ । ਇਹ ਕੱਲੀ ਜਥੇਬੰਦੀਆਂ ਤੇ ਨੀ ਲਾਗੂ ਹੁੰਦੀ ਗੱਲ । ਇਹ ਕੋਈ ਵੀ ਸੰਸਥਾ ਹੋਵੇ । ਜਿਵੇਂ ਕਈ ਇਤਿਹਾਸ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਨਕਾਰਨ ਤੇ ਸਾਰਾ ਜ਼ੋਰ ਲਾ ਦਿੰਦੇ ਨੇ । ਜੇਕਰ ਉਨ੍ਹਾਂ ਅਨੁਸਾਰ ਇਹ ਠੀਕ ਨਹੀਂ, ਤਾਂ ਜੋ ਠੀਕ ਹੈ ਉਸਦਾ ਪ੍ਰਚਾਰ ਕਰਨ । ਇਹ ਤਾਂ ਕੋਈ ਸਿਆਣਪ ਨਹੀਂ ਹੈ ਕਿ ਜੋ ਚੀਜ਼ ਠੀਕ ਨਹੀਂ ਲੱਗਦੀ ਉਸ ਉਤੇ ਹੀ ਸਾਰਾ ਸਮਾਂ ਲਗਾ ਦਿੱਤਾ ਜਾਵੇ ।
ਮੈਂ ਇਹ ਵੀ ਦੇਖਿਆ ਹੈ ਕਿ ਜਥੇਬੰਦੀਆਂ ਦੇ ਮੁਖੀਆਂ ਦਾ ਚਾਹੇ ਆਪਸ ਵਿਚ ਬਹੁਤ ਪਿਆਰ ਹੋਵੇ, ਪਰ ਉਨ੍ਹਾਂ ਜਥੇਬੰਦੀਆਂ ਦੇ ਲੋਕ ਬਿਨਾਂ ਵਜ੍ਹਾ ਨਿੰਦਾ ਕਰਨ ਲੱਗ ਜਾਂਦੇ ਨੇ । ਸ਼ਾਇਦ ਇਸ ਲਈ ਹੀ ਕਿਸੇ ਬਾਹਰਲੇ ਮੁਲਕ ਦੀ ਇਕ ਸਿੰਘਣੀ ਕਹਿ ਰਹੀ ਸੀ ਕਿ ਇਹ ਜਥੇਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ । ਹਾਲਾਂਕਿ ਮੈਂ ਇਸ ਨਾਲ ਸਹਿਮਤ ਨਹੀਂ ਹੈ । ਹੁਣ ਤੱਕ ਜੇਕਰ ਸਿੱਖੀ ਜਿਉਂਦੀ ਹੈ ਤਾਂ ਇਨ੍ਹਾਂ ਜਥੇਬੰਦੀਆਂ ਕਰਕੇ ਹੀ ਜਿਉਂਦੀ ਹੈ, ਨਹੀਂ ਤਾਂ ਸਿੱਖਾਂ ਨੂੰ ਮਾਰਨ ਵਾਲੇ ਅਤੇ ਆਪਣੇ ਵਿਚ ਰਲਾਉਣ ਵਾਲੇ ਬਥੇਰੇ ਬੈਠੇ ਨੇ । ਜਥੇਬੰਦੀਆਂ ਦੀ ਬਹੁਤ ਮਹੱਤਤਾ ਹੈ ਸਿੱਖੀ ਵਿਚ ਜਿਸਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ।
ਜਥੇਬੰਦੀਆਂ ਵਿਚ ਵਿਚਰਨ ਵਾਲੇ ਸਿੰਘ-ਸਿੰਘਣੀਆਂ ਜਾਂ ਫਿਰ ਜੋ ਉਨ੍ਹਾਂ ਨੂੰ ਸੁਣਦੇ ਨੇ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਕੋਈ ਅਜਿਹੀ ਬਿਆਨਬਾਜ਼ੀ ਨਾ ਕਰਨ ਜਿਸ ਨਾਲ ਪੰਥ ਵਿਚ ਵਖਰੇਵੇਂ ਪੈਣ । ਜਥੇਬੰਦੀਆਂ ਦਾ ਕੰਮ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਖ਼ਾਸ ਕਰ ਕਥਾ ਦੇ ਤੌਰ ਤੇ । ਪਰ ਹੁਣ ਹਰ ਕੋਈ ਹੀ ਜਥੇਬੰਦੀਆਂ ਦਾ ਪੈਰੋਕਾਰ ਬਣ ਜਾਂਦਾ ਹੈ ਚਾਹੇ ਉਸ ਜਥੇਬੰਦੀ ਦਾ ਹੋਵੇ ਵੀ ਨਾ, ਜਾਂ ਕਦੇ ਉਸ ਜਥੇਬੰਦੀ ਵਿਚ ਗਿਆ ਵੀ ਨਾ ਹੋਵੇ । ਅਜਿਹੇ ਅਨਸਰਾਂ ਤੋਂ ਆਪਾਂ ਸਭ ਨੂੰ ਬਚ ਕੇ ਰਹਿਣਾ ਚਾਹੀਦਾ, ਨਹੀਂ ਤਾਂ ਇਕ ਬੰਦਾ ਦਾ ਵਿਰੋਧ ਕਰਦੇ-ਕਰਦੇ ਸਾਰੀ ਜਥੇਬੰਦੀ ਦਾ ਹੀ ਵਿਰੋਧ ਹੋਣ ਲੱਗ ਜਾਂਦਾ ਹੈ ।