ਕਈ ਸਮਝਦੇ ਨੇ ਕਿ ਸਿੰਘ ਸਭਾ ਲਹਿਰ ਜਾਂ ਫਿਰ ਧਰਮ-ਯੁੱਧ ਦੇ ਸਮੇਂ ਵਿਚ ਜੋ ਹੋਇਆ ਸ਼ਾਇਦ ਉਹ ਸਿੱਖਾਂ ਨੇ ਜਾਣਬੁਝ ਕੇ ਕੀਤਾ ਹੋਵੇ, ਕਿਸੇ ਰਾਜਨੀਤਿਕ ਕਾਰਨਾਂ ਕਰਕੇ । ਪਰ ਜਦੋਂ ਤੁਸੀਂ ਇਸਨੂੰ ਹੁਣ ਦੇ ਸਮੇਂ ਦੇ ਵਿਚ ਦੇਖੋਗੇ ਤਾਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਸਨ ਕਿਉਂਕਿ ਹੁਣ ਦੇ ਸਮੇਂ ਦੇ ਵਿਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ । ਸਾਰਿਆਂ ਦਾ ਭਲਾ ਮੰਨਣ ਵਾਲੇ ਸਿੱਖ ਹੀ ਕਿਉਂ ਅਜਿਹੇ ਹਾਲਾਤਾਂ ਵਿਚ ਦੀ ਲੰਘਦੇ ਨੇ ਸ਼ਾਇਦ ਗੁਰੂ ਨੂੰ ਹੀ ਪਤਾ ਹੋਵੇ । ਹੁਣ ਦੇ ਸਮੇਂ ਦੇ ਵਿਚ ਉਹ ਲੋਕ ਘੱਟ ਨਹੀਂ ਜੋ ਸਿੱਖਾਂ ਨੂੰ ਟਿੱਚਰਾਂ ਕਰ ਰਹੇ ਨੇ । ਜਦੋਂ ਫਿਰ ਰੋਹ ਦੇ ਵਿਚ ਆ ਕੇ ਸਿੱਖ ਕਿਸੇ ਦੂਜੇ ਧਰਮ ਬਾਰੇ ਕਹਿ ਦੇਣ ਤਾਂ ਸਮੇਂ ਦਾ ਮੀਡਿਆ ਗੱਲ ਇੰਝ ਬਣਾ ਦਿੰਦਾ ਜਿਵੇਂ ਕਿ ਸਭ ਸਿੱਖਾਂ ਨੇ ਹੀ ਸ਼ੁਰੂ ਕੀਤਾ ਹੋਵੇ ।
ਸਿੱਖਾਂ ਦੀ ਗੁਰੂ ਪ੍ਰਤੀ ਭਾਵਨਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਗੁਰੂ ਸਾਹਿਬ ਇਕ ਆਮ ਇਨਸਾਨ ਜਾਂ ਫਿਰ ਸਮਾਜ ਸੁਧਾਰਕ, ਅਤੇ ਗੁਰਬਾਣੀ ਇਕ ਆਮ ਕਵਿਤਾ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ । ਜੋ ਗੁਰੂਆਂ ਪ੍ਰਤੀ ਭਰੋਸਾ ਸੀ ਸਿੱਖਾਂ ਦਾ, ਚਾਹੇ ਉਹ ਸਿੰਘ ਸਭਾ ਲਹਿਰ ਹੋਵੇ ਜਾਂ ਫਿਰ ਧਰਮ-ਯੁੱਧ ਮੋਰਚੇ ਵੇਲੇ, ਉਹ ਬਿਲਕੁਲ ਨਹੀਂ ਸੀ ਘਟਿਆ, ਬਲਕਿ ਗੁਰੂ ਪ੍ਰਤੀ ਸਨੇਹ ਹੋਰ ਜ਼ਿਆਦਾ ਵਧਿਆ ਸੀ । ਪਰ ਹੁਣ ਕਈ ਯੂ-ਟਿਊਬ ਚੈਨਲਾਂ ਵਾਲਿਆਂ ਨੇ ਜਾਂ ਪ੍ਰਚਾਰਕਾਂ ਨੇ ਅਜਿਹਾ ਘਟੀਆ ਦਰਜੇ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਕਿ ਸਿੱਖ ਅਜਿਹੇ ਲੋਕਾਂ ਨੂੰ ਪ੍ਰਸ਼ਨ ਪੁੱਛਣ ਦੀ ਥਾਂ ਉਨ੍ਹਾਂ ਦੀਆਂ ਗੱਲਾਂ ਵਿਚ ਹਾਮੀ ਭਰਨ ਲੱਗ ਜਾਂਦੇ ਨੇ । ਸ਼ਾਇਦ ਇਹ ਉਹ ਸਿੱਖ ਹੋਣ ਜਿੰਨਾਂ ਲਈ ਸਿੱਖੀ ਬਹੁਤ ਔਖੀ ਹੈ ਤੇ ਉਹ ਇਸਨੂੰ ਸੌਖੀ ਕਰਨਾ ਚਾਹੁੰਦੇ ਹੋਣ ਤਾਂ ਜੋ ਉਹ ਸਿੱਖੀ ਵਾਲਾ ਕੋਈ ਕੰਮ ਵੀ ਨਾ ਕਰਨ ਅਤੇ ਸਿੱਖ ਵੀ ਕਹਾ ਸਕਣ ।
ਸਿੱਖਾਂ ਘਰ ਜੰਮਣਾ ਕਾਫ਼ੀ ਨਹੀਂ
ਇੰਟਰਨੈੱਟ ਤੇ ਕਈ ਅਜਿਹੇ ਸਿੱਖ ਦੇਖੇ ਨੇ ਜੋ ਸਿਰਫ਼ ਨਾਮ ਦੇ ਸਿੱਖ ਨੇ । ਇਨ੍ਹਾਂ ਦਾ ਸਾਰਾ ਦਿਨ ਸਿੱਖ ਮਰਿਯਾਦਾਵਾਂ ਅਤੇ ਸੰਤ-ਮਹਾਤਮਾ ਦੀ ਨਿੰਦਾਂ ਦੇ ਵਿਚ ਬੀਤਦਾ ਹੈ । ਇਹ ਫਿਰ ਇੰਝ ਨਹੀਂ ਕਿ ਕੋਈ ਇਕ ਬੰਦਾ ਫੇਸਬੁੱਕ ਦਾ ਪੰਨਾ ਚਲਾਉਂਦਾ ਹੈ । ਕਿੰਨੇ ਹੀ ਹੋਣਗੇ ਚਲਾਉਣ ਵਾਲੇ ਅਤੇ ਕਈ ਵਾਰ ਤਾਂ ਆਪਾ-ਵਿਰੋਧੀ ਗੱਲ ਵੀ ਲਿਖ ਦੇਣਗੇ । ਅਜਿਹੇ ਸਿੱਖ ਗੁਰਮਤਿ ਤੋਂ ਹੀਣੇ ਪ੍ਰਚਾਰਕਾਂ ਦੀ ਦੇਣ ਨੇ, ਕਿਉਂਕਿ ਜਿਵੇਂ ਉਹ ਸਿੱਖੀ ਨੂੰ ਦੇਖਦੇ ਨੇ ਇਹ ਲੋਕ ਵੀ ਉਂਝ ਹੀ ਕਰਦੇ ਨੇ । ਕਈ ਗੱਲਾਂ ਤਾਂ ਹਿਰਦੇ ਵਿਚ ਖੰਜਰ ਮਾਰਨ ਦੇ ਬਰਾਬਰ ਹੁੰਦੀਆਂ ਨੇ । ਕਦੇ ਤਾਂ ਇੰਝ ਹੀ ਲੱਗਦਾ ਹੈ ਕਿ ਇੰਨਾਂ ਵੀ ਕੋਈ ਅਕਲੋਂ ਖਾਲੀ ਹੋ ਸਕਦਾ ਹੈ ? ਅਜਿਹੇ ਲੋਕ ਵੀ ਹੋ ਸਕਦੇ ਨੇ ਜੋ ਆਪਣੇ ਪੰਥ ਦੇ ਨਾਲ ਨਾ ਖੜ੍ਹੇ ਹੋਣ ? ਆਪਣੀਆਂ ਮਰਿਯਾਦਾਵਾਂ ਦਾ ਮਜ਼ਾਕ ਉਡਾਉਣ ? ਅਤੇ ਜੇਕਰ ਕੋਈ ਗੁਰੂ-ਦੋਖੀ ਦੇ ਬਾਰੇ ਸੱਚ ਪਰਗਟ ਕਰਦਾ ਹੈ ਤਾਂ ਉਸਨੂੰ ਹੀ ਬੁਰਾ ਕਹਿਣ ਲੱਗ ਜਾਣ ?
ਮਨ ਬਹੁਤ ਹੀ ਸੋਚਣ ਲਈ ਮਜ਼ਬੂਰ ਹੋ ਜਾਂਦਾ ਕਿ ਇਹ ਲੋਕ ਕਿੰਨੀ ਜ਼ਿਆਦਾ ਦੂਰ ਚਲੇ ਗਏ ਨੇ ਸਿੱਖੀ ਤੋਂ । ਕੀ ਗੁਰੂ ਦੀ ਬਖ਼ਸ਼ਿਸ਼ ਹੋਵੇਗੀ ਇਨ੍ਹਾਂ ਤੇ ਜਾਂ ਫਿਰ ਇਹ ਧਰਮਰਾਜ ਕੋਲ ਹੀ ਜਾਣਗੇ ? ਜਿੰਨੀਆਂ ਵੀ ਸਿੱਖ ਮਰਿਯਾਦਾਵਾਂ ਨੇ ਜਾਂ ਵਿਚਾਰ ਨੇ ਉਹ ਇਨ੍ਹਾਂ ਨੂੰ ਬਾਹਮਣਾਂ ਵੱਲੋਂ ਦਿੱਤੇ ਹੀ ਲੱਗਦੇ ਨੇ । ਕੋਈ ਵੀ ਗੱਲ ਕਿਉਂ ਨਾ ਹੋਵੇ । ਹਰ ਜਗ੍ਹਾ ਬਾਹਮਣ ਦਿਸਦਾ ਹੈ । ਹੁਣ ਤਾਂ ਇਹ ਦੌਰ ਆ ਗਿਆ ਹੈ ਕਿ ਸਿੱਖ ਮਰਿਯਾਦਾਵਾਂ ਨੂੰ ਮੰਨਣ ਵਾਲੇ ਜਾਂ ਉਨ੍ਹਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਲੋਕ ਪੁਜਾਰੀ ਕਹਿੰਦੇ ਨੇ । ਉਹ ਪੁਜਾਰੀ ਜੋ ਲੋਕਾਂ ਨੂੰ ਲੁੱਟਦੇ ਸਨ ਜਾਂ ਧਰਮ ਦੀ ਰਹੁ-ਰੀਤੀ ਵਿਚ ਨਹੀਂ ਆਉਣ ਦਿੰਦੇ ਸੀ, ਉਨ੍ਹਾਂ ਨਾਲ ਸਿੱਖਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ । ਹਾਂ, ਸਿੱਖਾਂ ਵਿਚ ਵੀ ਪੁਜਾਰੀ ਹੁੰਦੇ ਸੀ ਸਿੰਘ ਸਭਾਵਾਂ ਤੋਂ ਪਹਿਲਾਂ ਜੋ ਗੁਰਮਤਿ ਤੋਂ ਉਲਟ ਪ੍ਰਚਾਰ ਕਰਦੇ ਸੀ । ਪਰ ਉਹ ਜੋ ਗੁਰੂ ਦੀ ਗੱਲ ਕਰ ਰਹੇ ਨੇ, ਜੋ ਇਤਿਹਾਸ ਦੀ ਗੱਲ ਕਰ ਰਹੇ ਨੇ, ਜੋ ਸ਼ਬਦ ਦੀ ਗੱਲ ਕਰ ਰਹੇ ਨੇ, ਉਹ ਪੁਜਾਰੀ ਕਿਵੇਂ ਹੋ ਗਏ ? ਹਾਂ, ਜੇ ਉਪ ਪੁਜਾਰੀ ਹੋਏ ਵੀ ਤਾਂ ਗੁਰੂ ਨੂੰ ਪੂਜਣ ਵਾਲੇ, ਨਾ ਕੇ ਵਹਿਮਾਂ ਭਰਮਾਂ ਵਿਚ ਪਾ ਕੇ ਗੁਰਮਤਿ ਤੋਂ ਪੁੱਠੀ ਗੱਲ ਕਰਨ ਵਾਲੇ । ਪਰ ਇਹ ਗੱਲ ਮਸੰਦਾਂ ਨੂੰ ਕੌਣ ਸਮਝਾਵੇ ।
ਜੋ ਸਿੱਖਾਂ ਘਰ ਜੰਮ ਕੇ ਕਹਿੰਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਉਹ ਲੋਕ ਸ਼ਬਦ ਦੀ ਕਥਾ ਤੋਂ ਬਹੁਤ ਦੂਰ ਹੁੰਦੇ ਨੇ । ਤੁਸੀਂ ਇਹ ਆਮ ਹੀ ਦੇਖਿਆ ਹੋਵੇਗਾ ਕਿ ਇਹ ਲੋਕ ਇਧਰ-ਉੱਧਰ ਦੀਆਂ ਗੱਲਾਂ ਕਰਕੇ ਘੰਟਾ ਲਾ ਦਿੰਦੇ ਨੇ, ਪਰ ਸ਼ਬਦ ਦੀ ਗੱਲ ਨਹੀਂ ਕਰਦੇ । ਇਥੇ ਸ਼ਬਦ ਤੋਂ ਭਾਵ ਇਕ-ਦੋ ਸ਼ਬਦ ਦੀ ਗੱਲ ਨਾ ਹੋ ਕੇ ਬਾਣੀਆਂ ਦੀ ਗੱਲ ਹੈ । ਕਿੰਨੇ ਕੁ ਅਜਿਹੇ ਪ੍ਰਚਾਰਕ ਤੁਸੀਂ ਦੇਖੇ ਨੇ ਜੋ ਸਿੱਖ ਮਰਿਯਾਦਾਵਾਂ ਦਾ ਮਜ਼ਾਕ ਉਡਾਉਂਦੇ ਨੇ ਅਤੇ ਨਾਲ ਹੀ ਬਾਣੀ ਦੀ ਕਥਾ ਵੀ ਕਰਦੇ ਨੇ ? ਹਮੇਸ਼ਾ ਇੰਝ ਹੀ ਦੇਖਣ ਨੂੰ ਮਿਲਿਆ ਹੈ ਕਿ ਲੋਕ ਬਾਣੀ ਦੀ ਕਥਾ ਨਹੀਂ ਕਰਦੇ । ਕਰਨ ਖਾ ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਅਤੇ ਹੋਰ ਬਾਣੀਆਂ ਦੀ ਕਥਾ । ਜੇਕਰ ਇਹ ਇੰਝ ਕਰਨ ਤਾਂ ਜੋ ਵੀ ਇਹ ਪ੍ਰਚਾਰ ਕਰਦੇ ਨੇ, ਉਹ ਗੁਰਬਾਣੀ ਨਕਾਰ ਦੇਵੇਗੀ । ਕੁਝ ਹੀ ਦਿਨ ਪਹਿਲਾਂ ਮੈਂ ਢੱਡਰੀ ਦੀ ਇਕ ਵੀਡੀਓ ਦੇਖੀ ਸੀ ਜਿਸ ਵਿਚ ਉਹ ਕਹਿ ਰਿਹਾ ਸੀ ਕਿ ਧਰਮ ਰਾਜਾ ਤਾਂ ਜੀ ਸਿੱਖਾਂ ਨੇ ਹਿੰਦੂਆਂ ਵਾਲਾ ਚੱਕ ਲਿਆ, ਦਰਅਸਲ ਦੇ ਵਿਚ ਇਸਦਾ ਹੋਰ ਕੋਈ ਅਰਥ ਸੀ । ਭਾਈ ਇਕੱਲਾ ਗੱਲਾਂ ਦਾ ਕੜਾਹ ਨਾ ਬਣਾ, ਬਾਣੀ ਦੀ ਕਥਾ ਕਰ ਫੇਰ ਗੱਲ ਬਣੇਗੀ ।
ਜੇਕਰ ਧਰਮ ਰਾਜੇ ਦੇ ਇਹ ਕੋਈ ਹੋਰ ਅਰਥ ਲਾਉਂਦੇ ਨੇ ਤਾਂ ਬਾਣੀ ਦੇ ਅਰਥ ਨਹੀਂ ਕਰ ਪਾਉਣਗੇ । ਕਿਉਂਕਿ ਗੁਰਬਾਣੀ ਵਿਚ ਕਈ ਥਾਈਂ ਪਿਛਲਾ ਜਾਂ ਫਿਰ ਮੌਤ ਤੋਂ ਬਾਅਦ ਦਾ ਜੀਵਨ ਲਿਖਿਆ ਹੈ । ਇਕ ਵਾਕ ਦੇ ਵਿਚ ਗੱਲ ਮੁਕਾਉਣੀ ਸੌਖੀ ਹੈ, ਪਰ ਜੇਕਰ ਲੜੀਵਾਰ ਸ਼ਬਦ ਦੀ ਕਥਾ ਦੀ ਗੱਲ ਆ ਜਾਵੇ, ਫਿਰ ਇਹ ਖੋਖਲੇ ਅਰਥਾਂ ਦਾ ਭਾਂਡਾ ਆਪੇ ਫੁੱਟ ਜਾਂਦਾ ਹੈ ।
ਇਹ ਹੁਣ ਸਿੱਖਾਂ ਦੇ ਘਰ ਜੰਮਣ ਵਾਲਿਆਂ ਨੇ ਦੇਖਣਾ ਹੈ ਕਿ ਕੀ ਕਰਨਾ ਹੈ । ਜੇਕਰ ਆਪਾਂ ਸਿੰਘ ਸਭਾ ਦੇ ਵੇਲੇ ਦੀ ਗੱਲ ਕਰੀਏ ਤਾਂ ਉਸ ਸਮੇਂ ਗੁਰਮਤਿ ਤੋਂ ਉਲਟ ਪ੍ਰਚਾਰ ਕਰਨ ਵਾਲੇ ਬਹੁਤ ਸਨ ਜੋ ਪ੍ਰਚਾਰ ਕਰ ਰਹੇ ਸੀ, ਪਰ ਸਿੰਘਾਂ ਨੇ ਲਿਖਤੀ ਰੂਪ ਦੇ ਵਿਚ, ਆਪਣੇ ਭਾਸ਼ਣਾਂ ਦੇ ਵਿਚ, ਇਹ ਸਾਬਤ ਕੀਤਾ ਸੀ ਕਿ ਇਹ ਲੋਕ ਗ਼ਲਤ ਨੇ । ਹੁਣ ਦੇ ਸਮੇਂ ਦੇ ਵਿਚ ਜੋ ਆਪਣੇ ਆਪ ਨੂੰ ਪ੍ਰਚਾਰਕ ਕਹਾਉਂਦੇ ਨੇ ਪਰ ਕਥਾ ਨਹੀਂ ਕਰਦੇ, ਆਪਾਂ ਨੂੰ ਖ਼ੁਦ ਇਹ ਸਵਾਲ ਪੁੱਛਣੇ ਚਾਹੀਦੇ ਨੇ । ਆਪਾਂ ਨੂੰ ਕਹਿਣਾ ਚਾਹੀਦਾ ਹੈ ਕਿ ਸਾਨੂੰ ਖ਼ੁਸ਼ਕ ਗਿਆਨ ਨਾ ਦੇਵੋ । ਗੁਰੂ ਦੇ ਸ਼ਬਦ ਦੀ ਕਥਾ ਕਰੋ । ਸਾਨੂੰ ਗੁਰਬਾਣੀ ਦੇ ਅਰਥ ਸੁਣਾਓ । ਖ਼ੁਸ਼ਕ ਗਿਆਨ ਤਾਂ ਤੁਹਾਨੂੰ ਸਮਾਜਿਕ ਸਾਹਿਤ ਵਿਚੋਂ ਵੀ ਮਿਲ ਜਾਵੇਗਾ, ਫਿਰ ਇਨ੍ਹਾਂ ਲੋਕਾਂ ਨੂੰ ਸੁਨਣ ਦੀ ਕੀ ਲੋੜ ਹੈ ? ਗੁਰਦੁਆਰੇ ਜੇ ਜਾਂਦੇ ਹਾਂ ਤਾਂ ਸ਼ਬਦ ਦੀ ਗੱਲ ਹੋਵੇ ।
ਪਰ ਇਹ ਗੱਲ ਕਰਨ ਵੀ ਉਹ ਸਿੱਖ ਜੋ ਪੱਕੇ ਨੇ । ਜੋ ਸਮਝਦੇ ਨੇ ਕਿ ਸਿੱਖੀ ਗੁਰੂ ਦੀ ਔਖੀ ਹੈ ਅਤੇ ਸਾਨੂੰ ਆਪਣੀ ਮਨਮਰਜ਼ੀ ਕਰਕੇ ਸੌਖੀ ਨਹੀਂ ਕਰਨੀ ਚਾਹੀਦੀ । ਪਰ ਜੋ ਲੋਕ ਇਨ੍ਹਾਂ ਦੇ ਅੜਿੱਕੇ ਚੜ੍ਹ ਚੁੱਕੇ ਨੇ ਉਨ੍ਹਾਂ ਲਈ ਇੰਨਾਂ ਗੰਭੀਰ ਸੋਚਣਾ ਸੰਭਵ ਨਹੀਂ ਹੈ । ਉਨ੍ਹਾਂ ਦਾ ਪੂਰਾ ਦਿਨ ਗੁਰੂ ਦੀ ਨਿੰਦਾ ਦੇ ਵਿਚ ਨਿਕਲਦਾ ਹੈ । ਜੋ ਗੱਲ ਪੰਥ ਪ੍ਰਵਾਨ ਕਰਦਾ ਹੈ, ਉਹ ਉਸਦੇ ਉਲਟ ਬੋਲਣਗੇ, ਚਾਹੇ ਉਹ ਕੋਈ ਵੀ ਗੱਲ ਕਿਉਂ ਨਾ ਹੋਵੇ ।
ਸਿੱਖਾਂ ਦੀ ਮਾਨਸਿਕਤਾ ਇੰਨੀ ਕੁ ਜ਼ਿਆਦਾ ਥੱਲੇ ਸੁੱਟ ਦਿੱਤੀ ਗਈ ਹੈ ਕਿ ਕਈ ਸਿੱਖ 1984 ਦਾ ਸਿੱਖ ਕਤਲੇਆਮ, ਝੂਠੇ ਪੁਲਿਸ ਮੁਕਾਬਲੇ, ਅਤੇ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਣ ਸਿੱਖਾਂ ਨੂੰ ਹੀ ਦੱਸ ਰਹੇ ਨੇ । ਇਹ ਇਕ ਗੁਲਾਮੀ ਦੀ ਨਿਸ਼ਾਨੀ ਹੈ ਕਿ ਜਿਸ ਤੇ ਅਤਿਆਚਾਰ ਹੋਏ ਹੋਣ ਉਸਨੂੰ ਹੀ ਉਸਦਾ ਕਾਰਣ ਬਣਾ ਦਿੱਤਾ ਜਾਵੇ । ਇਹ ਸ਼ੁਰੂ ਨੇਕੀ ਨੇ ਕੀਤਾ ਸੀ, ਅਤੇ ਇਸਨੂੰ ਚਾਹੁਣ ਵਾਲੇ ਉਹੀ ਪ੍ਰਚਾਰ ਕਰ ਰਹੇ ਨੇ, ਤਾਂ ਜੋ ਸਿੱਖਾਂ ਵਿਚ ਇਹ ਭੈ ਪਾ ਦਿੱਤਾ ਜਾਵੇ ਕਿ ਜੇਕਰ ਸਿੱਖ ਬਗਾਵਤ ਕਰਨਗੇ ਤਾਂ ਉਸਦਾ ਨੁਕਸਾਨ ਸਿੱਖਾਂ ਕਰਕੇ ਹੀ ਹੋਵੇਗਾ, ਜਦੋਂ ਕਿ ਇਹ ਦੱਸਣਾ ਫ਼ਰਜ਼ ਬਣਦਾ ਹੈ ਕਿ ਉਹ ਕਾਰਣ ਕਿਹੜੇ ਸੀ ਜਿਸ ਕਰਕੇ ਇਹ ਸਭ ਵਰਤਾਰਾ ਹੋਇਆ । ਇਹ ਦੱਸੇ ਬਿਨਾਂ ਸਿੱਖਾਂ ਦਾ ਕਸੂਰ ਕੱਢਣਾ ਔਰੰਗਜ਼ੇਬ ਪੂਜਣ ਬਰਾਬਰ ਹੈ । ਇਹ ਮੀਰ-ਮੰਨੂ ਪੂਜਣ ਬਰਾਬਰ ਹੈ । ਇਹ ਇੰਦਰਾ ਗਾਂਧੀ ਪੂਜਣ ਬਰਾਬਰ ਹੈ ।
ਹੁਣ ਤਾਂ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਲੋਕੀ ਕੋਈ ਨਾ ਕੋਈ ਬਹਾਨਾ ਲੱਭਣ ਦਾ ਯਤਨ ਕਰਦੇ ਨੇ ਸਿੱਖੀ ਨੂੰ ਟਿੱਚਰਾਂ ਕਰਨ ਦੇ ਲਈ । ਕਈ ਅਜਿਹੇ ਮਲੇਛ ਸਿੱਖੀ ਵਿਚ ਆ ਘੁਸੇ ਨੇ ਜੋ ਜਿੰਨੀ ਨਿੰਦਾ ਗੁਰੂ ਅਤੇ ਪੰਥ ਦੀ ਹੋਵੇ ਓਨੀਂ ਘੱਟ ਸਮਝਦੇ ਨੇ । ਢੱਡਰੀ ਅਤੇ ਨੇਕੀ ਨੇ ਆਪਣਾ ਬਹੁਤ ਸਾਰਾ ਸਮਾਂ ਨਿੰਦਾਂ ਦੇ ਵਿਚ ਬਤੀਤ ਕੀਤਾ ਹੈ । ਪਰ ਜਦੋਂ ਹੁਣ ਅਮ੍ਰਿਤਪਾਲ ਸਿੰਘ ਹੋਣੀ ਸਾਹਮਣੇ ਆਏ ਨੇ ਤਾਂ ਸਿੱਖਾਂ ਵਿਚ ਕੁਝ ਨਵੀਂ ਜਾਗਰੂਕਤਾ ਆਈ ਹੈ, ਅਤੇ ਉਹ ਜੱਥੇ ਬਣਾ ਕੇ ਸਿੰਘ ਵੀ ਸੱਜ ਰਹੇ ਨੇ । ਇੰਨੇ ਸਾਲਾਂ ਦੀ ਇਨ੍ਹਾਂ ਦੀ ਮਿਹਨਤ ਇਕ ਸਿੱਖ ਨੇ ਕਿੰਝ ਖੂੰਜੇ ਲਾ ਦਿੱਤੀ ਇਸ ਤੋਂ ਦੇਖਿਆ ਜਾ ਸਕਦਾ ਹੈ । ਹੁਣ ਤੁਸੀਂ ਦੇਖੋਗੇ ਕਿ ਬਹੁਤਿਆਂ ਦਾ ਜ਼ੋਰ ਇਸ ਵਿਚ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਮ੍ਰਿਤਪਾਲ ਸਿੰਘ ਹੋਣਾ ਦਾ ਵਿਰੋਧ ਕੀਤਾ ਜਾਵੇ । ਇਹ ਲੋਕ ਭੁੱਲ ਗਏ ਨੇ ਕਿ ਜਦੋਂ ਸੱਚ ਦਾ ਸੂਰਜ ਨਿਕਲਦਾ ਹੈ ਤਾਂ ਪਾੜ ਕੇ ਰੱਖ ਦਿੰਦਾ ਹੈ ਹਨੇਰਿਆਂ ਨੂੰ ।
ਹਿੰਦੂਤਵ ਲੋਕਾਂ ਦੇ ਭੁਲੇਖੇ
ਕੁਝ ਕੁ ਸਾਲਾਂ ਤੋਂ ਹਿੰਦੂਵਾਦੀ (ਹਿੰਦੂਤਵ) ਲੋਕਾਂ ਨੇ ਫਿਰ ਤੋਂ ਸਿੱਖਾਂ ਨੂੰ ਆਪਣੀ ਇਕ ਸ਼ਾਖ਼ ਕਹਿਣਾ ਸ਼ੁਰੂ ਕਰ ਦਿੱਤਾ ਹੈ, ਅਤੇ ਇਸਦਾ ਪ੍ਰਚਾਰ ਦਿਨ-ਰਾਤ ਹੋ ਰਿਹਾ ਹੈ । ਜੋ ਮੁਰਦੇ ਸਿੰਘਾਂ ਨੇ 10 ਫੁੱਟ ਧਰਤੀ ਥੱਲੇ ਦੱਬੇ ਸੀ, ਹਿੰਦੂਵਾਦੀਆਂ ਨੇ ਉਨ੍ਹਾਂ ਨੂੰ ਫਿਰ ਪੁੱਟਣਾ ਸ਼ੁਰੂ ਕਰ ਦਿੱਤਾ ਹੈ । ਚਾਹੇ ਉਹ ਗੁਰਬਾਣੀ ਦੀ ਗੱਲ ਹੋਵੇ ਜਾਂ ਫਿਰ ਇਤਿਹਾਸ ਦੀ । ਹਿੰਦੂਵਾਦੀਆਂ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਜੋ ਇਨ੍ਹਾਂ ਦੇ ਪੁਰਖੇ ਨੀ ਕਰ ਪਾਏ ਉਹ ਸ਼ਾਇਦ ਇਹ ਕਰ ਲੈਣਗੇ । ਇਸ ਲਈ ਉਹ ਤਰਕ ਦੇ ਅਧਾਰ ਤੇ ਲਿਖੀਆਂ ਗਈਆਂ ਕਿਤਾਬਾਂ ਨੂੰ ਇਹ ਕਹਿਕੇ ਨਕਾਰ ਦਿੰਦੇ ਨੇ ਕਿ ਇਨ੍ਹਾਂ ਨੂੰ ਲਿਖਣ ਵਾਲੇ ਸਿੰਘ ਸਭਾ ਦੇ ਸਿੱਖ ਸੀ, ਜਾਂ ਇਹ ਤਾਂ ਅੰਗਰੇਜ਼ਾਂ ਨੇ ਲਿਖਵਾਈਆਂ ਸਨ । ਇਹ ਤਾਂ ਹਥਿਆਰ ਸੁੱਟ ਕੇ ਭੱਜਣ ਵਾਲਾ ਰਾਹ ਹੈ, ਜੋ ਇਨ੍ਹਾਂ ਨੇ ਸਿੰਘ ਸਭਾ ਵੇਲੇ ਹੋਈ ਹਾਰ ਤੋਂ ਬਾਅਦ ਅਪਣਾਇਆ ਹੈ ।
ਮੈਂ ਇਹ ਕਈ ਵਾਰ ਲਿਖਿਆ ਹੈ ਕਿ ਕੋਈ ਚੀਜ਼ ਇਸ ਲਈ ਨਹੀਂ ਨਕਾਰੀ ਜਾ ਸਕਦੀ ਕਿ ਉਹ ਕਿਸੇ ਖ਼ਾਸ ਵਿਅਕਤੀ ਨੇ ਲਿਖੀ ਹੈ, ਜਾਂ ਕਿਸੇ ਖ਼ਾਸ ਮੱਤ ਨੂੰ ਮੰਨਣ ਵਾਲੇ ਨੇ ਲਿਖੀ ਹੈ । ਉਸ ਨੂੰ ਨਕਾਰਨ ਲਈ ਭਾਰੀ ਦਲੀਲਾਂ ਦੀ ਲੋੜ ਹੁੰਦੀ ਹੈ । ਇਹੀ ਕਾਰਣ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖੀ ਕਿਤਾਬ ਹਮ ਹਿੰਦੂ ਨਹੀਂ ਦਾ ਇਨ੍ਹਾਂ ਕੋਲ ਕੋਈ ਤੋੜ ਨਹੀਂ ਹੈ । ਇਹ ਅਜਿਹੀ ਕਿਤਾਬ ਹੈ ਜਿਸ ਵਿਚ ਵੱਡੀਆਂ ਤੋਂ ਵੱਡੀਆਂ ਹਿੰਦੂਵਾਦੀਆਂ ਦੀਆਂ ਦਲੀਲਾਂ ਨੂੰ ਗੁਰਬਾਣੀ ਅਤੇ ਇਤਿਹਾਸ ਦਾ ਹਵਾਲਾ ਦੇ ਕੇ ਨਕਾਰਿਆਂ ਗਿਆ ਹੈ । ਤਕਰੀਬਨ ਸੌ ਸਾਲ ਤੋਂ ਵੀ ਪਹਿਲਾਂ ਦੀ ਲਿਖੀ ਹੋਈ ਇਹ ਕਿਤਾਬ ਇਨ੍ਹਾਂ ਨੂੰ ਸੌਣ ਨਹੀਂ ਦਿੰਦੀ । ਇਸ ਲਈ ਇਹ ਦਰਦ ਬਾਰ-ਬਾਰ ਸਿੰਘ ਸਭਾ ਦੇ ਲੇਖਕਾਂ ਦੀ ਨਿੰਦਾ ਕਰਕੇ ਬਾਹਰ ਨਿਕਲਦਾ ਹੈ ।
ਕੁਝ ਕੁ ਦਿਨਾਂ ਤੋਂ ਮੂਰਖ਼ ਲੋਕਾਂ ਦੇ ਨਵੇਂ ਨਿਯੁਕਤ ਕੀਤੇ ਗਏ ਸੀਨੀਅਰ ਮੀਤ ਪ੍ਰਧਾਨ ਪੁਨੀਤ ਸਾਹਨੀ ਨੇ ਤਾਂ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਕਿਸੇ ਤਰੀਕੇ ਨਾਲ ਮੀਤ ਪ੍ਰਧਾਨ ਤੋਂ ਪ੍ਰਧਾਨ ਤੱਕ ਚਲਿਆ ਜਾਵੇ । ਜੋ ਬੇਵਕੂਫ਼ੀ ਭਰੀਆਂ ਦਲੀਲਾਂ ਇਸਨੇ ਦਿੱਤੀਆਂ ਨੇ ਇੰਝ ਲੱਗ ਰਿਹਾ ਹੈ ਕਿ ਇਸਦਾ ਪ੍ਰਧਾਨਗੀ ਵਾਲਾ ਸੁਪਨਾ ਜ਼ਰੂਰ ਪੂਰਾ ਹੋਵੇਗਾ । ਖ਼ੈਰ ਪੁਨੀਤ ਨੇ ਕੋਈ ਨਵੀਂ ਗੱਲ ਨਹੀਂ ਲਿਆਂਦੀ, ਗੁਰਮਤਿ ਵਿਰੁੱਧ ਸਾਖੀਆਂ ਅਤੇ ਗੁਰਬਾਣੀ ਦੇ ਅਰਥਾਂ ਦੇ ਅਨਰਥ, ਹਾਂ ਜੇਕਰ ਹੋਰ ਸਮਾਂ ਮਿਲ ਜਾਵੇ ਤਾਂ ਸਿੱਖ ਲੇਖਕਾਂ ਦੀ ਨਿੰਦਾਂ ਜਾਂ ਫਿਰ ਭਿੰਡਰਾਂਵਾਲੇ ਸੰਤਾਂ ਨੂੰ ਮੰਦਾ ਬੋਲਣਾ । ਬਸ ਇਹੀ ਜੀਵਣ ਆ ਇਨ੍ਹਾਂ ਲੋਕਾਂ ਦਾ ।
ਜਦੋਂ ਮੈਂ ਇਹ ਵਰਤਾਰਾ ਦੇਖਦਾ ਤਾਂ ਮੈਨੂੰ ਸਿੰਘ ਸਭਾ ਵੇਲੇ ਦੀ ਯਾਦ ਆ ਜਾਂਦੀ ਹੈ । ਉਦੋਂ ਵੀ ਸਿੱਖਾਂ ਨੂੰ ਹਿੰਦੂ ਕਹਿਣਾ ਸ਼ੁਰੂ ਕੀਤਾ ਗਿਆ ਸੀ, ਫਿਰ ਭਾਈ ਕਾਨ੍ਹ ਸਿੰਘ ਨਾਭਾ ਹੋਣਾ ਦੀ ਕਿਤਾਬ ਆਈ ਸੀ । ਉਸ ਵੇਲੇ ਵੀ ਲੋਕ ਜਾਣਬੁਝ ਕੇ ਸਿੱਖ ਧਰਮ ਦੇ ਵਿਚ ਦਖ਼ਲਅੰਦਾਜ਼ੀ ਕਰਦੇ ਸਨ, ਅਤੇ ਫਿਰ ਬਾਅਦ ਦੇ ਵਿਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਹਿੰਦੂਆਂ ਤੋਂ ਵੱਖ ਹੋਣਾ ਚਾਹੁੰਦੇ ਨੇ । ਪਹਿਲਕਦਮੀ ਹਿੰਦੂਵਾਦੀ ਲੋਕਾਂ ਦੀ ਰਹੀ ਹੈ, ਉਸ ਤੋਂ ਬਾਅਦ ਤਾਂ ਸਿੱਟੇ ਨਿਕਲੇ ਨੇ, ਜੋ ਕਿਤਾਬਾਂ ਅਤੇ ਭਾਸ਼ਣਾਂ ਦੇ ਰੂਪ ਵਿਚ ਅੱਜ ਵੀ ਕਲਮਬੰਦ ਨੇ ।
ਫੇਸਬੁੱਕ ਤੇ ਹਿੰਦੂਵਾਦੀਆਂ ਨੇ ਤਾਂ ਅੱਗ ਲਾਉਣ ਦੇ ਜਿਵੇਂ ਕੇ ਪੈਸੇ ਲਏ ਹੋਣ । ਇਕ ਨੇ ਲਿਖਿਆ ਕਿ ਲੁਧਿਆਣੇ ਵਿਚ ਛਠ ਪੂਜਾ ਹੋਈ ਹੈ ਅਤੇ ਇਸ ਤੋਂ ਹੀ ਖ਼ਾਲਿਸਤਾਨੀਆਂ ਨੂੰ ਡਰ ਲੱਗਦਾ । ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਉਹ ਖ਼ਾਲਿਸਤਾਨ ਕਹਿੰਦੇ ਨੇ ਤਾਂ ਇਸ ਵਿਚ ਸਿੱਖਾਂ ਨੂੰ ਨਫ਼ਰਤ ਕਰਨ ਦੀ ਇਕ ਰੀਤ ਲੁਕੀ ਹੋਈ ਹੁੰਦੀ ਹੈ । ਹੁਣ ਤਾਂ ਇਹ ਸਮਾਂ ਹੈ ਕਿ ਜੇ ਤੁਸੀਂ ਇਹ ਕਹਿ ਦਿੱਤਾ ਕਿ ਸਿੱਖ ਇਕ ਵੱਖਰੀ ਕੌਮ ਹੈ ਤਾਂ ਤੁਹਾਨੂੰ ਖ਼ਾਲਿਸਤਾਨੀ ਕਹਿ ਦਿੱਤਾ ਜਾਵੇਗਾ । ਇਸਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਕਿਸੇ ਮੰਦਰ ਨੇ ਗੁਰਦੁਆਰੇ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਅਤੇ ਇਸਨੂੰ ਹੀ ਇਹ ਕਹਿ ਦਿੱਤਾ ਗਿਆ ਕਿ ਖ਼ਾਲਿਸਤਾਨੀ ਚਲਾਉਂਦੇ ਨੇ ਉਹ ਗੁਰਦੁਆਰਾ । ਖ਼ੈਰ, ਕੋਈ ਵੀ ਧਾਰਮਿਕ ਜਾਂ ਫਿਰ ਰਾਜਸੀ ਜਥੇਬੰਦੀ ਹੋਵੇ, ਉਨ੍ਹਾਂ ਨੂੰ ਛਠ ਪੂਜਾ ਤੋਂ ਕਿਉਂ ਡਰ ਲੱਗੇਗਾ ? ਇਹ ਤਾਂ ਬਸ ਪੰਜਾਬੀਆਂ ਦੇ ਵਿਚ ਨਫ਼ਰਤ ਫੈਲਾਉਣ ਵਾਲਾ ਕੰਮ ਹੈ ।
ਮੈਂ ਇਹ ਵੀ ਗੱਲ ਦੇਖੀ ਹੈ ਕਿ ਜਦੋਂ ਵੀ ਸਿੱਖ ਵੱਖਰੀ ਕੌਮ ਦੀ ਗੱਲ ਕਰਨ ਜਾਂ ਫਿਰ ਖ਼ਾਲਿਸਤਾਨ ਦੀ ਗੱਲ ਕਰਨ ਉਦੋਂ ਹੀ ਇਹ ਲੋਕ ਪੂਛ ਚੁੱਕ ਕੇ ਆ ਜਾਂਦੇ ਨੇ ਕਹਿਣ ਕਿ ਸਿੱਖ ਤਾਂ ਹਿੰਦੂ ਨੇ । ਇਹੋ ਜਿਹੇ ਕਈ ਕਾਰਣਾਂ ਬਾਰੇ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ । ਇਹ ਹਿੰਦੂਵਾਦੀਆਂ ਨੂੰ ਸਮਝਣਾ ਪੈਣਾ ਹੈ ਕਿ ਉਹ ਸਿੱਖਾਂ ਦੀ ਮਾਨਸਿਕਤਾ ਨੂੰ ਬਦਲ ਨਹੀਂ ਸਕਦੇ । ਜ਼ਿਆਦਾ ਤੋਂ ਜ਼ਿਆਦਾ ਉਹ ਟਿੱਚਰਾਂ ਕਰ ਸਕਦੇ ਨੇ, ਅਤੇ ਆਪਣੇ ਹਿੰਦੂਵਾਦੀ ਭਾਈਆਂ ਨੂੰ ਸੰਤੁਸ਼ਟ ਕਰ ਸਕਦੇ ਨੇ, ਕਿਉਂਕਿ ਜੇਕਰ ਸਿੱਖੀ ਬਦਲਣ ਦੀ ਗੱਲ ਆਉਂਦੀ ਤਾਂ ਸਿੱਖਾਂ ਨੇ ਕੱਦ ਦਾ ਇੰਨਾਂ ਵੱਲ ਝੁਕਾਅ ਕਰ ਲੈਣਾ ਸੀ । ਹਾਂ, ਕੁਝ ਕੁ ਸਿੱਖ ਜੋ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਨੇ ਜਾਂ ਗੁਰਮਤਿ ਤੋਂ ਪੁੱਠੀਆਂ ਗੱਲਾਂ ਕਰਦੇ ਨੇ ਉਹ ਜ਼ਰੂਰ ਖ਼ੁਸ਼ ਹੋ ਜਾਂਦੇ ਨੇ ।
ਹਿੰਦੂਵਾਦੀ ਲੋਕਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ, ਪਰ ਅਜਿਹਾ ਨਾ ਕਰਕੇ ਉਹ ਊਲ-ਜਲੂਲ ਗੱਲਾਂ ਵਿਚ ਆਪਣਾ ਸਮਾਂ ਵਿਅਰਥ ਗਵਾ ਰਹੇ ਨੇ । ਪਰ ਇਹ ਧਰਮ ਹੈ ਕੀ, ਉਨ੍ਹਾਂ ਨੇ ਤਾਂ ਇਸ ਬਾਰੇ ਵੀ ਅਜੇ ਤੱਕ ਨਹੀਂ ਲਿਖਿਆ । ਉਸਦੀ ਸੀਮਾ ਕੀ ਹੈ ਅਤੇ ਸ਼ੁਰੂਆਤ ਕਿਥੋਂ ਹੈ, ਕੁਝ ਵੀ ਨਹੀਂ ਪਤਾ ।