Thursday, December 5, 2019

Kartarpur Sahib Corridor

ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ । ਆਪਣੀ ਜ਼ਿੰਦਗੀ ਦੇ ਪਿਛਲੇ ਕਈ ਸਾਲ ਗੁਰੂ ਨਾਨਕ ਦੇਵ ਜੀ ਨੇ ਇਥੇ ਬਤੀਤ ਕੀਤੇ ਸਨ । ੧੯੪੭ ਦੀ ਵੰਡ ਸਮੇਂ ਭਾਰਤ ਦੀ ਸਰਹੱਦ ਤੋਂ ਕੁਝ ਹੀ ਦੂਰੀ ਤੇ ਇਹ ਅਸਥਾਨ ਭਾਰਤ ਵਾਲੇ ਪਾਸੇ ਰਹਿੰਦੇ ਸਿੱਖਾਂ ਤੋਂ ਵਿਛੜ ਗਿਆ ਸੀ । ਉਸ ਸਮੇਂ ਤੋਂ ਹੀ ਸਿੱਖ ਅਰਦਾਸ ਕਰਦੇ ਆ ਰਹੇ ਸਨ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਰਾਹ ਖੁਲ੍ਹ ਜਾਵੇ । ਪਰਮਾਤਮਾ ਨੇ ਉਹ ਅਰਦਾਸ ਸੁਣ ਲਈ ਤੇ ਦੋਵਾਂ ਮੁਲਕਾਂ ਦੇ ਵਿਚ ਇਕ ਸਮਝੌਤੇ ਦੇ ਤੌਰ ਤੇ ਇਹ ਰਸਤਾ ਖੁਲ੍ਹ ਗਿਆ ਹੈ ਦਰਸ਼ਨਾਂ ਦੇ ਲਈ । ੯ ਨਵੰਬਰ ੨੦੧੯ ਦੀ ਤਰੀਕ ਇਤਿਹਾਸ ਦੇ ਵਿਚ ਲਿਖੀ ਜਾ ਚੁੱਕੀ ਹੈ ਜਿਸ ਦਿਨ ਇਹ ਲਾਂਘਾਂ ਖੋਲ੍ਹਿਆ ਸੀ ।
ਇਤਿਹਾਸ ਦੇ ਪੰਨਿਆਂ ਦੇ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਜਾਣਗੀਆਂ । ਕੁਝ ਗੱਲਾਂ ਜੋ ਮੈਂ ਚਾਹੁੰਦਾ ਹਾਂ ਕਿ ਅਮਰ ਹੋ ਜਾਣ ਉਹ ਇਥੇ ਲਿਖਣੀਆਂ ਬਣਦੀਆਂ ਹਨ ।
ਹੁਣ ਦੇ ਸਮੇਂ ਦੇ ਵਿਚ ਹਰ ਕੋਈ ਰਾਜਨੀਤਕ ਨੇਤਾ ਇਹ ਕਹਿ ਰਿਹਾ ਹੈ ਕਿ ਇਹ ਉਸਦੀ ਬਦੌਲਤ ਖੁੱਲ੍ਹਿਆ ਹੈ । ਪਰ ਸੱਚ ਇਸ ਤੋਂ ਬਹੁਤ ਦੂਰ ਹੈ । ਸਫ਼ਲਤਾ ਦੇ ਲਈ ਬਹੁਤ ਲੋਕੀ ਆਪਣੀ ਪਿੱਠ ਤੇ ਹੱਥ ਮਾਰ ਕੇ ਆਪਣੇ ਆਪ ਨੂੰ ਉੱਚਾ ਕਹਿੰਦੇ ਹਨ, ਪਰ ਇਸ ਦੇ ਪਿੱਛੇ ਕੋਈ ਹੋਰ ਲੋਕ ਹੁੰਦੇ ਹਨ । ਕਰਤਾਰਪੁਰ ਲਾਂਘੇ ਨੇ ਬਹੁਤ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ ਹੈ । ਜੋ ਲੋਕ ਇਹ ਕਹਿੰਦੇ ਸਨ ਕਿ ਉਹ ਇਸ ਲਾਂਘੇ ਦੇ ਖ਼ਿਲਾਫ਼ ਹਨ ਜਾਂ ਫਿਰ ਇਸ ਵਿਚ ਪਾਕਿਸਤਾਨ ਦੀ ਚਾਲ ਹੈ, ਓਹੀ ਹੁਣ ਇਸਦੀ ਪ੍ਰਸੰਸਾ ਕਰ ਰਹੇ ਨੇ ਕਿਉਂਕਿ ਇਸ ਨੂੰ ਦੁਨੀਆਂ ਭਰ ਦੇ ਵਿਚ ਬੈਠੇ ਸਿੱਖਾਂ ਨੇ ਸਲਾਹਿਆ ਹੈ ।
ਕੁਝ ਕੁ ਲੋਕਾਂ ਦੇ ਸ਼ਬਦ ਜੋ ਇਤਿਹਾਸ ਦੇ ਵਿਚ ਇੰਨ-ਬਿੰਨ ਦਰਜ ਹੋਣੇ ਚਾਹੀਦੇ ਹਨ, ਉਹ ਇਸ ਤਰ੍ਹਾਂ ਹਨ । ਉਨ੍ਹਾਂ ਦੇ ਸ਼ਬਦ ਲਿਖਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਹੁੰ-ਚੁੱਕ ਸਮਾਗਮ ਦੇ ਵਿਚ ਗਏ ਸਨ ਕਿਉਂਕਿ ਉਨ੍ਹਾਂ ਨੂੰ ਸੱਦਿਆ ਗਿਆ ਸੀ ਤੇ ਉਨ੍ਹਾਂ ਨੇ ਪਾਕਿਸਤਾਨ ਦੇ ਫ਼ੌਜੀ ਜਰਨੈਲ ਨੂੰ ਜੱਫੀ ਪਾਈ ।
… ਦੁਸ਼ਮਨ ਦੇਸ਼ ਮੇ ਆਪ ਪਹਿਲੇ ਜਾਤੇ ਹੈ ਉਸ ਕੇ ਬਾਦ ਉਸ ਕੋ ਗਲੇ ਲਗਾਤੇ ਹੈ ਜੋ ਹਮਾਰੇ ਲੋਗੋ ਕੋ ਮਤਲਬ, ਯੇ ਤੋਂ ਆਪ ਦੁਸ਼ਮਨ ਕੇ ਹੈ ਕਿ ਅਪਨੋ ਕੇ ਹੈ, ਇਤਨੀ ਬੜੀ ਗੱਦਾਰੀ ਦੇਸ਼ ਕੇ ਸਾਥ ਕੌਨ ਕਰ ਸਕਤਾ ਹੈ । … ਮੈਂ ਗਲੇ ਜਰਨੈਲ ਬਾਜਵਾ, ਜੋ ਪਾਕਿਸਤਾਨ ਕੇ ਜਰਨੈਲ ਕੇ ਗਲੇ ਇਸ ਲਿਏ ਲਗਾ ਕਿਉਂਕਿ ਉਨਹੋਨੇ ਬੋਲਾ ਕਿ ਕਰਤਾਰਪੁਰ ਕੌਰੇਡੋਰ, ਜੋ ਏਕ ਸਿੱਖੋ ਕੀ ਏਕ ਧਾਰਮਿਕ ਬਾਵਨਾ ਕੇ ਸਾਥ ਬਹੁਤ ਬੜ੍ਹੀ ਆਸਥਾ ਜੁੜ੍ਹੀ ਹੁਈ ਹੈ, ਕਈ ਸੈਂਕੜੋ ਸਾਲੋਂ ਸੇ ਯਹ ਮਾਂਗ ਰੱਖੀ ਗਈ ਹੈ ਕਿ ਜਹਾ ਗੁਰੂ ਨਾਨਕ ਦੇਵ ਜੀ ਕੇ ਅਸਥਾਨ ਹੈ ਵਹਾ ਪੇ ਯੇ ਕੌਰੋਡੋਰ ਖੋਲ੍ਹਾ ਜਾਏ, ਓਰ ਸ਼ਰਧਾਲੂ ਕੋ ਆਨਾ-ਜਾਨਾ ਕੀ ਮਨਜੂਰੀ ਦੀ ਜਾਏ । ਲੇਕਿਨ ਕਿਸੀ ਪਾਕਿਸਤਾਨੀ ਸਰਕਾਰ ਨੇ ਆਜ ਤੱਕ ਇਸ ਮੇ ਕੋਈ ਹਾਥ ਕੋਈ ਪੱਲਾ ਨਹੀਂ ਫੜ੍ਹਾ ਕੋਈ ਬਾਤ ਆਗੇ ਨਹੀਂ ਬੜਾਈ । ਲੇਕਿਨ ਯੇ ਕੌਗਰਸ ਕੇ ਮੰਤਰੀ ਆਤੇ ਸਾਰ ਹੀ ਕਹਿਤੇ ਕੇ ਮੈਂ ਤੋਂ ਗਲੇ ਲੱਗ ਗਿਆ, ਕਿਉਂਕਿ ਮੁਝੇ ਦੇਖਤੇ ਹੀ ਜਨਰਲ ਨੇ ਕਹਿ ਦੀਆ ਕਿ ਤੁਮ ਕੋ ਹਮ ਨੇ ਕਰਤਾਰਪੁਰ ਕੌਰੇਡੋਰ ਖੋਲ੍ਹਨੇ ਕਾ ਫ਼ੈਸਲਾ ਕਰ ਲੀਆ । - ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਆਪਣੀ ਗਲਤੀ ਨੂੰ ਲੁਕਾਉਣ ਦੇ ਲਈ ਸਿੱਧੂ ਨੇ ਇਹ ਕਹਾਣੀ ਘੜੀ ਸੀ ਕਿ ਪਾਕਿਸਤਾਨੀ ਸਰਕਾਰ ਵੱਲੋਂ ਕਰਤਾਰਪੁਰ ਲਾਂਘਾਂ ਖੋਲ੍ਹਣ ਦਾ ਫ਼ੈਸਲਾ ਲਿੱਤਾ ਗਿਆ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਕੌਰੀਡੋਰ ਖੁੱਲ੍ਹਣ ਤੇ ਨਾ ਜਾਣ ਦਾ ਫ਼ੈਸਲਾ ਕੀਤਾ ਸੀ ।
ਆਪ ਕੋ ਨਾ ਡਾ. ਮਨਮੋਹਨ ਸਿੰਘ ਨੇ ਬਤਾਇਆ ਹੋਗਾ ਨਾ ਮੈਨੇ ਬਤਾਇਆ ਹੋਗਾ । ਆਜ ਸੁਬੇ ਡਾ. ਮਨਮੋਹਨ ਸਿੰਘ ਜੀ ਕੋ ਮੈਂ ਮਿਲਾ ਹੂੰ । ਹਮਨੇ ਡਿਸਕਸ਼ਨ ਕੀਏ ਹੈ, ਮੇਰਾ ਤੋਂ ਜਾਨਾ ਤੋਂ ਬ-ਬ-ਬ ਦੇਅਰ ਇਸ ਨੋ ਕੋਐਸ਼ਚਨ ਔਫ਼ ਇਟ । ਐਂਡ ਲੈਟ ਮੀ ਟੈਲ ਯੂ ਡਾ. ਮਨਮੋਹਨ ਸਿੰਘ, ਆਈ ਫੀਲ, ਇਸ ਨੋਟ ਗੋਇੰਗ ਟੂ ਗੋ ਟੂ । - ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ
ਹੁਣ ਦੇ ਸਮੇਂ ਦੇ ਵਿਚ ਚੱਲ ਰਹੀਆਂ ਰਾਜਨੀਤਕ ਪਾਰਟੀਆਂ ਦਾ ਮੈਂ ਕੋਈ ਫੈਨ ਨਹੀਂ ਹਾਂ । ਸ਼੍ਰੋਮਣੀ ਅਕਾਲੀ ਦਲ, ਜੋ ਸਿੱਖਾਂ ਦਾ ਪਾਰਟੀ ਕਹਾਉਂਦੀ ਹੈ, ਉਸ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਮੂੰਹੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ । ਸਿਰਫ਼ ਇਸੇ ਲਈ ਕਿ ਸਿੱਧੂ ਕਾਂਗਰਸ ਪਾਰਟੀ ਨਾਲ ਸੰਬੰਧਤ ਹੈ ਉਸ ਦੀ ਨਿੰਦਾ ਕਰ ਦਿੱਤੀ ਗਈ । ਇਹ ਵੀ ਸੱਚਾਈ ਹੈ ਕਿ ਸਿੱਧੂ ਹੀ ਇਹ ਸੰਦੇਸ਼ ਲੈ ਕਰ ਆਇਆ ਸੀ ਕਿ ਪਾਕਿਸਤਾਨ ਨੇ ਰਸਤਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ । ਸਿੱਖਾਂ ਦੀਆਂ ਭਾਵਨਾਵਾਂ ਜੁੜ੍ਹੀਆਂ ਹੋਣ ਦੇ ਬਾਵਜੂਦ ਵੀ ਕਈ ਰਾਜਨੀਤਕ ਪਾਰਟੀਆਂ ਨੇ ਕਾਂਗਰਸ ਨੂੰ ਨੀਚਾ ਦਿਖਾਉਣ ਦੇ ਲਈ ਕਈ ਊਲ-ਜਲੂਲ ਗੱਲਾਂ ਕੀਤੀਆਂ ।
ਠੀਕ ਹੈ ਕਿ ਇਨ੍ਹਾਂ ਰਾਜਨੀਤਕ ਲੋਕਾਂ ਦਾ ਕੋਈ ਇਮਾਨ ਨਹੀਂ ਹੁੰਦਾ । ਪਰ ਸਿੱਧੂ ਦੀ ਗੱਲ ਸੁਣੈ ਬਗ਼ੈਰ ਹੀ ਉਸ ਤੇ ਕਿੰਤੂ-ਪ੍ਰੰਤੂ ਸ਼ੁਰੂ ਹੋ ਗਿਆ । ਇਸ ਨੂੰ ਕਹਿੰਦੇ ਹਨ ਰਾਜਨੀਤੀ । ਤੇ ਇਹੀਓ ਆਪਾਂ ਸਮਝਣੀ ਹੈ ਕਿ ਕਿਸ ਤਰੀਕੇ ਨਾਲ ਇਹ ਲੋਕ ਕੁਝ ਵੀ ਮੂੰਹੋਂ ਫੁਟ ਕੇ ਆਪਣਾ ਉੱਲੂ ਸਿੱਧਾ ਕਰਨ ਦੇ ਵਿਚ ਕਿੰਨੇ ਚਲਾਕ ਹਨ । ਕਾਂਗਰਸ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈ, ਜੋ ਵੀ ਇਨ੍ਹਾਂ ਨੇ ਕੀਤਾ ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾਂ ਤੋਂ ਲੈ ਕਰ । ਇਨ੍ਹਾਂ ਦੋ ਪਾਰਟੀਆਂ ਨੂੰ ਛੱਡ ਕੇ ਬੀ.ਜੇ.ਪੀ ਵੱਲੋਂ ਵੀ ਸਿੱਧੂ ਨੂੰ ਮਾੜ੍ਹਾ ਕਿਹਾ ਗਿਆ ਇਸ ਲਈ ਕਿਉਂਕਿ ਉਸ ਨੇ ਇਮਰਾਨ ਖ਼ਾਂ ਦਾ ਦਿਲੋਂ ਧੰਨਵਾਦ ਕੀਤਾ ਸੀ ।
ਸਿੱਖਾਂ ਨੂੰ ਇਸ ਦੁਨੀਆਂ ਦੇ ਵਿਚ ਅੱਖਾਂ ਖੋਲ੍ਹ ਕੇ ਜਿਉਣਾ ਚਾਹੀਦਾ ਹੈ ਤੇ ਇਨ੍ਹਾਂ ਰਾਜਨੀਤਕ ਲੋਕਾਂ ਦੀਆਂ ਗੱਲਾਂ ਦੇ ਵਿਚ ਨਹੀਂ ਆਉਣਾ ਚਾਹੀਦਾ । ਇਹ ਲੋਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੇ ਵਿਚ ਥੋੜ੍ਹੀ ਜਿੰਨੀ ਵੀ ਦੇਰ ਨਹੀਂ ਲਾਉਂਦੇ । ਜੇਕਰ ਸਿੱਖ ਇਨ੍ਹਾਂ ਲੋਕਾਂ ਦੀਆਂ ਹੀ ਗੱਲਾਂ ਵਿਚ ਆਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੱਚ ਤੇ ਝੂਠ ਦੇ ਵਿਚ ਫ਼ਰਕ ਸਮਝਣਾ ਔਖਾ ਹੋ ਜਾਵੇਗਾ ।
ਹਾਲਾਂਕਿ ਬਹੁਤਿਆਂ ਨੂੰ ਰਾਜਨੀਤੀ ਦੀ ਗੰਦਗੀ ਬਾਰੇ ਪਤਾ ਹੈ । ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਇਸ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ । ਸਿੱਖਾਂ ਦੀਆਂ ਏਨੇ ਸਾਲ ਦੀਆਂ ਅਰਦਾਸਾਂ ਨੂੰ ਅੱਖੋਂ ਓਹਲੇ ਕਰਕੇ ਸਿਰਫ਼ ਆਪਣਾ ਰਾਜਨੀਤਕ ਕਮੈਂਟ ਕਰਕੇ ਲੋਕਾਂ ਨੂੰ ਰਾਸ਼ਟਰਵਾਦ ਦੇ ਵਿਚ ਫਸਾ ਕੇ ਕਰਤਾਰਪੁਰ ਸਾਹਿਬ ਬਾਰੇ ਸਿੱਖਾਂ ਦੀ ਆਸਥਾ ਤੇ ਸੱਟ ਮਾਰੀ ਗਈ ਹੈ । ਤੁਸੀਂ ਆਉਣ ਵਾਲੇ ਸਮੇਂ ਦੇ ਵਿਚ ਦੇਖੋਗੇ ਕਿ ਰਾਸ਼ਟਰਵਾਦ ਦੇ ਨਾਂ ਤੇ ਸਿੱਖਾਂ ਤੇ ਵੀ ਸਵਾਲੀਆਂ ਚਿੰਨ੍ਹ ਖੜ੍ਹਾ ਕੀਤਾ ਜਾਵੇਗਾ ਕਿ ਪਾਕਿਸਤਾਨ ਜਾਣ ਦੀ ਕੀ ਲੋੜ ਹੈ, ਇਧਰ ਵੀ ਤਾਂ ਗੁਰਦੁਆਰੇ ਹੈਗੇ ਨੇ । ਸਿੱਖਾਂ ਨੂੰ ਸਿਰਫ਼ ਭਾਰਤ ਦੇਸ਼ ਦੇ ਅੰਦਰ ਰੱਖਣ ਦੀ ਕੋਸ਼ਿਸ਼ ਬਹੁਤ ਸਮੇਂ ਤੋਂ ਹੋ ਰਹੀ ਹੈ ਤਾਂ ਜੋ ਉਹ ਭਾਰਤ ਦੇ ਸਰਹੱਦ ਦੇ ਵਿਚ ਰਹਿ ਕੇ, ਆਪਣਾ ਸਿੱਖੀ ਸਿਧਾਂਤ ਭੁੱਲ ਕੇ, ਸਿਰਫ਼ ਦੇਸ਼-ਭਗਤੀ ਦੇ ਰਾਗ ਅਲਾਪਦੇ ਰਹਿਣ ।
ਆਪਣਾ ਫਰਜ਼ ਇਹ ਬਣਦਾ ਹੈ ਕਿ ਆਪਾਂ ਸਭ ਨਾਲ ਪਿਆਰ ਨਾਲ ਰਹੀਏ । ਸਿੱਖੀ ਦੇ ਵਿਚ ਪੱਕੇ ਰਹੀਏ । ਕਿਸੇ ਦਾ ਬੁਰਾ ਨਾ ਕਰੀਏ । ਸਰਬੱਤ ਦੇ ਭਲੇ ਦੀ ਗੱਲ ਕਰੀਏ । ਤੇ ਪਰਮਾਤਮਾ ਦੇ ਗੁਣ ਗਾਈਏ ।

Sunday, November 3, 2019

ਪੰਜਾਬੀ ਤੇ ਨੌਜਵਾਨੀ

ਪੰਜਾਬ ਪੱਛਮ ਦੇ ਵਿਚੋਂ ਆ ਰਹੇ ਹਮਲਾਵਾਰਾਂ ਦਾ ਮੂਲ ਦਰਵਾਜ਼ਾ ਰਿਹਾ ਹੈ ਭਾਰਤ ਦੇ ਵਿਚ ਆਉਣ ਦਾ । ਉਸ ਸਮੇਂ ਤਾਂ ਖ਼ੈਰ ਭਾਰਤ ਇਕ ਦੇਸ਼ ਨਾ ਹੋ ਕਰ ਕਾਫ਼ੀ ਦੇਸ਼ਾਂ ਦੇ ਵਿਚ ਵੰਡਿਆ ਹੋਇਆ ਸੀ । ਪਰ ਪੰਜਾਬ ਦੇ ਲੋਕਾਂ ਨੂੰ ਇਸਦਾ ਸਭ ਤੋਂ ਵੱਧ ਸੰਤਾਪ ਭੋਗਣਾ ਪਿਆ । ਜਦੋਂ ਵੀ ਗੱਲ ਮੌਜੂਦਾ ਭਾਰਤ ਦੀ ਚੱਲੇਗੀ ਤਾਂ ਪੰਜਾਬੀ ਲੋਕਾਂ ਦਾ ਨਾਂਅ ਜ਼ਰੂਰ ਆਵੇਗਾ । ਚਾਹੇ ਪੁਰਾਣੇ ਸਮਿਆਂ ਦੇ ਵਿਚ ਚੱਲ ਰਹੀਆਂ ਲੁੱਟਾਂ-ਮਾਰਾਂ ਦੀ ਗੱਲ ਹੋਵੇ ਜਾਂ ਭਾਰਤ ਦੀ ਵੰਡ ਦੀ ਦਾਸਤਾਨ, ਪੰਜਾਬ ਨੇ ਬਹੁਤ ਕੁਝ ਸਹਿਆ ਹੈ ਜਿਸਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ।
ਪੰਜਾਬ ਦੇ ਵਿਚ ਰਹਿਣ ਵਾਲੇ ਲੋਕ, ਚਾਹੇ ਉਹ ਕਿਸੇ ਵੀ ਖ਼ਿੱਤੇ ਜਾਂ ਧਰਮ ਨਾਲ ਸੰਬੰਧਿਤ ਹੋਵੇ, ਉਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਆਪਣੇ ਪਿੰਡੇ ਤੇ ਹੰਢਾਈਆਂ ਹਨ । ਪੁਰਾਣਿਆਂ ਸਮਿਆਂ ਦੇ ਵਿਚ ਵੀ ਤੇ ਹੁਣ ਦੇ ਸਮੇਂ ਦੇ ਵਿਚ ਵੀ । ਅਲੱਗ-ਅਲੱਗ ਲੋਕਾਂ ਦਾ ਸ਼ਾਸਨ ਪੰਜਾਬ ਦੇ ਰਾਹੀਂ ਹੀ ਹੋਇਆ ਹੈ । ਇਹ ਰਸਤਾ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ।
ਇੰਨਾਂ ਕੁਝ ਦੇਖਣ ਤੋਂ ਬਾਅਦ ਵੀ ਪੰਜਾਬੀ ਹਜੇ ਵੀ ਭੋਲੇ ਬਣ ਕੇ ਬੈਠੇ ਹਨ । ਉਹ ਓਨੇ ਸੁਚੇਤ ਨਹੀਂ ਹੋਏ ਜਿੰਨੇ ਹੋਣੇ ਚਾਹੀਦੇ ਸੀ । ਖ਼ਾਸ ਕਰ ਜਦੋਂ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪੁਰਖਿਆਂ ਨੇ ਇੰਨਾ ਕੁਝ ਹੰਢਾਇਆ ਹੈ । ਇਹ ਅਜੋਕੇ ਸਮੇਂ ਦੀ ਮਾਰ ਹੀ ਸਮਝੋ ਕਿ ਲੋਕਾਂ ਨੂੰ ਦੁਨੀਆਂ ਦੀ ਕੋਈ ਸਮਝ ਹੀ ਨਹੀਂ ਹੈ । ਉਹ ਇਹ ਵੀ ਨਹੀਂ ਸਮਝ ਸਕਦੇ ਕਿ ਕੌਣ ਉਨ੍ਹਾਂ ਨੂੰ ਉਲਝਾ ਰਿਹਾ ਹੈ ਤੇ ਕੌਣ ਸਹੀ ਰਸਤਾ ਦਿਖਾ ਰਿਹਾ ਹੈ । ਇਹ ਇਸ ਕਰਕੇ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਕਿਤਾਬਾਂ ਤੋਂ ਬਹੁਤ ਦੂਰ ਹੋ ਚੁੱਕੇ ਨੇ । ਮੈਂ ਕਿੰਨੇ ਹੀ ਸਾਲ ਪੰਜਾਬ ਦੇ ਵਿਚ ਕੱਢੇ ਨੇ । ਪਰ ਮੈਨੂੰ ਆਪਣੇ ਦੋਸਤਾਂ-ਮਿੱਤਰਾਂ ਵਿਚੋਂ ਕੋਈ ਅਜਿਹਾ ਨਹੀਂ ਮਿਲਿਆ ਜੋ ਕਿਤਾਬਾਂ ਪੜ੍ਹਦਾ ਹੋਵੇ, ਚਾਹੇ ਉਹ ਸ਼ੌਂਕੀਆ ਤੌਰ ਤੇ ਹੋਵੇ ਜਾਂ ਕਿਸੇ ਖ਼ਾਸ ਮਕਸਦ ਲਈ ।
ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਜੋ ਕਿਤਾਬਾਂ ਨਹੀਂ ਪੜ੍ਹਦੇ, ਜੋ ਇਤਿਹਾਸ ਤੋਂ ਦੂਰ ਹੁੰਦੇ ਹਨ ।
ਦੁਨੀਆਂ ਦੀਆਂ ਬਹੁਤ ਭਾਸ਼ਾਵਾਂ ਹਨ । ਪੰਜਾਬੀ ਭਾਸ਼ਾ ਵੀ ਬਹੁਤ ਹੱਦ ਤੱਕ ਬੋਲੀ ਜਾਂਦੀ ਹੈ । ਦੁਨੀਆਂ ਦੇ ਕੋਨੇ-ਕੋਨੇ ਵਿਚ ਪੰਜਾਬੀ ਵਸੇ ਹੋਏ ਹਨ । ਪਰ ਕਿੰਨੇ ਅਜਿਹੇ ਪੰਜਾਬੀ ਲੇਖਕ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਆਪਣੇ ਪੰਜਾਬੀ ਸਾਹਿਤ ਦੇ ਰਾਹੀਂ ਦੂਜੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਕੀਲ ਲਿਆ ਹੈ ? ਕਿੰਨੇ ਅਜਿਹੇ ਦੂਜੀਆਂ ਭਾਸ਼ਾਵਾਂ ਦੇ ਲੋਕ ਨੇ ਜੋ ਪੰਜਾਬੀ ਸਾਹਿਤ ਪੜ੍ਹਨਾ ਚਾਹੁੰਦੇ ਨੇ ?
ਜਦੋਂ ਆਪਾਂ ਆਪਣੀ ਭਾਸ਼ਾ ਦੀਆਂ ਕਿਤਾਬਾਂ ਨਹੀਂ ਪੜ੍ਹਦੇ ਤਾਂ ਦੂਜੇ ਕਿਵੇਂ ਆਪਣੀਆਂ ਕਿਤਾਬਾਂ ਪੜ੍ਹਨਗੇ । ਇਨ੍ਹਾਂ ਕਿਤਾਬਾਂ ਦੇ ਰਾਹੀਂ ਹੀ ਆਪਾਂ ਨੂੰ ਬਹੁਤ ਕੁਝ ਮਿਲਣਾ ਹੈ । ਰਾਜਨੀਤੀ ਵੀ ਇਨ੍ਹਾਂ ਰਾਹੀਂ ਹੀ ਸਮਝਣੀ ਪੈਣੀ ਆ । ਆਪਣੇ ਤੇ ਹੋਈਆਂ ਅਣਹੋਈਆਂ ਵੀ ਇਨ੍ਹਾਂ ਨੇ ਹੀ ਬਿਆਨ ਕਰਨੀਆਂ ਨੇ । ਜੇ ਇਹ ਨਹੀਂ ਪੜ੍ਹੀਆਂ ਤਾਂ ਫਿਰ ਜੋ ਲੋਕ ਆਪਾਂ ਨੂੰ ਦੱਸਣਗੇ ਉਹੀ ਆਪਣੇ ਕੋਲ ਰਹਿ ਜਾਵੇਗਾ । ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਕਿਤਾਬਾਂ ਦੇ ਵਿਚ ਠੀਕ ਹੀ ਲਿਖਿਆ ਹੋਵੇਗਾ । ਪਰ ਜਦੋਂ ਤੁਸੀਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੰਦੇ ਹੋ ਤਾਂ ਫਿਰ ਤੁਸੀਂ ਇਸ ਤਾਂਘ ਦੇ ਵਿਚ ਰਹਿੰਦੇ ਹੋ ਕਿ ਇਹ ਚੀਜ਼ ਸਹੀ ਹੈ ਜਾਂ ਨਹੀਂ, ਤੁਸੀਂ ਹੋਰ ਘੋਖ ਕਰਦੇ ਹੋ ਫਿਰ ਕਿਸੇ ਠੀਕ ਸਿੱਟੇ ਤੇ ਪਹੁੰਚਦੇ ਹੋ ।
ਇਹ ਲਿਖੇ ਜਾਣ ਦਾ ਕਾਰਣ ਕੁਝ ਕੁ ਪੰਜਾਬੀ ਨੌਜਵਾਨ ਹਨ, ਜੋ ਇਹ ਸਭ ਕੁਝ ਸਮਝ ਨਹੀਂ ਸਕੇ । ਫ਼ੇਸਬੁੱਕ ਤੇ ਬਹੁਤ ਸਾਰੇ ਪੰਜਾਬੀਆਂ ਨੇ ਪੰਜਾਬ ਤੇ ਸਿੱਖੀ ਦੀ ਗੱਲ ਕਰਨ ਦੇ ਲਈ ਆਪਣੇ ਪੇਜ ਬਣਾਏ ਨੇ । ਇਨ੍ਹਾਂ ਦੇ ਵਿਚ ਪਾਣੀਆਂ ਦੇ ਮੁੱਦੇ ਦੀ ਵੀ ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ । ਹੁਣ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਵੀ ਨੀ ਹੋਣਾ ਕਿ ਕਦੋਂ ਤੇ ਕਿਹੜੇ ਕਾਗਜ਼ ਤੇ ਦਸਤਖ਼ਤ ਕੀਤੇ ਗਏ ਸਨ ਤੇ ਉਸਦੇ ਕੀ ਸਿੱਟੇ ਨਿਕਲੇ ।
ਪੰਜਾਬ ਦੇ ਪਾਣੀਆਂ ਦਾ ਮੁੱਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ । ਨੌਜਵਾਨ ਪੀੜ੍ਹੀ ਨੂੰ ਇਸਦੀ ਕੋਈ ਸੁੱਝ-ਬੁੱਝ ਨਹੀਂ ਹੈ । ਕਿਸੇ ਨੇ ਟਿੱਪਣੀ ਕੀਤੀ ਕਿ ਇਹ ਪਾਣੀਆਂ ਦੇ ਮੁੱਦੇ ਕੋਈ ਮੁੱਦੇ ਨਹੀਂ, ਸਾਨੂੰ ਕੇਜਰੀਵਾਲ ਵਾਂਗ ਸਕੂਲਾਂ ਦੀ ਤੇ ਸਿਹਤ ਸੰਬੰਧੀ ਚੀਜ਼ਾਂ ਦੀ ਗੱਲ ਕਰਨੀ ਚਾਹੀਦੀ ਹੈ । ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਨੌਜਵਾਨਾਂ ਨੂੰ ਆਪਣੇ ਸਭਿਆਚਾਰ ਤੇ ਇਤਿਹਾਸ ਨਾਲ ਕੋਈ ਮਤਲਬ ਹੀ ਨਹੀਂ ਹੈ । ਸ਼ਾਇਦ ਉਨ੍ਹਾਂ ਨੂੰ ਫ਼ਰਕ ਨੀ ਪੈਂਦਾ ਕਿ ਪੰਜਾਬ ਨੂੰ ਕਿਸ-ਕਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਹੈ । ਜਿਨ੍ਹਾਂ ਚੀਜ਼ਾਂ ਲਈ ਆਪਣੇ ਪੁਰਖਿਆਂ ਨੇ ਸ਼ਹੀਦੀਆਂ ਦਿੱਤੀਆਂ, ਉਹ ਹੁਣ ਮੁੱਦੇ ਨਹੀਂ ਰਹੇ ? ਕਮਾਲ ਹੋ ਗਈ ।
ਮੇਰਾ ਇਹ ਮਤਲਬ ਨਹੀਂ ਕਿ ਵਧੀਆ ਸਕੂਲ ਤੇ ਹਸਪਤਾਲਾਂ ਦੀ ਗੱਲ ਨਹੀਂ ਕਰਨੀ ਚਾਹੀਦੀ । ਪਹਿਲੀ ਚੀਜ਼ ਉਹ ਹੋਣੀ ਚਾਹੀਦੀ ਹੈ ਜਿਸ ਵਿਚ ਤੁਹਾਡੇ ਰਹਿਣ ਨਾਲ ਸੰਬੰਧਿਤ ਚੀਜ਼ਾਂ ਹੋਣ । ਮੰਨ ਲੋ ਕਿ ਸਰਕਾਰ ਕਹਿੰਦੀ ਹੈ ਕਿ ਸਾਰੀ ਜ਼ਮੀਨ ਹੀ ਉਨ੍ਹਾਂ ਦੀ ਹੈ ਤੇ ਤੁਹਾਨੂੰ ਆਪਣੇ ਬਣਾਏ ਘਰ ਦੇ ਵਿਚ ਰਹਿਣ ਲਈ ਸਰਕਾਰ ਨੂੰ ਹਰ ਸਾਲ ਕਰਾਇਆ ਦੇਣਾ ਪਵੇਗਾ, ਤੇ ਆਪਾਂ ਇਸ ਗੱਲ ਵੱਲ ਧਿਆਨ ਦੇਈਏ ਕਿ ਸਾਨੂੰ ਸਕੂਲ ਚਾਹੀਦੇ ਨੇ ਤਾਂ ਆਪਾਂ ਬੇਵਕੂਫ਼ਾਂ ਦੇ ਗਰੁੱਪ ਦੇ ਵਿਚ ਆਉਂਦੇ ਹਾਂ । ਜਿਹੜੇ ਆਪਣੇ ਘਰ ਨੂੰ ਹੀ ਲੁੱਟਣ ਦੀ ਗੱਲ ਕਰ ਰਹੇ ਹੋਣ, ਉਨ੍ਹਾਂ ਬਾਰੇ ਗੱਲ ਕਰਨੀ ਲਾਜ਼ਮੀ ਬਣ ਜਾਂਦੀ ਹੈ ।
ਸ਼ਾਇਦ ਇਹ ਵੀ ਕਾਰਣ ਹੋਵੇ ਕਿ ਆਪਾਂ ਕਿਸਾਨ ਨਹੀਂ ਹਾਂ ਤੇ ਸਾਨੂੰ ਫ਼ਰਕ ਨਹੀਂ ਪੈਂਦਾ ਕਿ ਕਿਹੜਾ ਪਾਣੀ ਕਿੱਧਰ ਨੂੰ ਜਾਂਦਾ ਹੈ, ਕਿਉਂਕਿ ਹੁਣ ਤਾਂ ਘਰ-ਘਰ ਬੋਰ ਹੁੰਦੇ ਹਨ । ਆਪਣੇ ਘਰ ਪਾਣੀ ਆਉਂਦਾ ਹੈ, ਠੀਕ ਹੈ । ਦੂਜੇ ਤੋਂ ਆਪਾਂ ਕੀ ਲੈਣਾ । ਇਹ ਵਰਤੀਰਾ ਆਪਾਂ ਨੂੰ ਬਦਲਣਾ ਪਵੇਗਾ । ਇਸਦੇ ਨਾਲ-ਨਾਲ ਕਿਸਾਨ ਭਰਾਵਾਂ ਨੂੰ ਵੀ ਧਿਆਨ ਦੇਣਾ ਪਵੇਗਾ ਕਿਉਂਕਿ ਧਰਤੀ ਵਿਚੋਂ ਪਾਣੀ ਇਕ-ਨਾ-ਇਕ ਦਿਨ ਮੁੱਕ ਹੀ ਜਾਵੇਗਾ ਜਿਸ ਹਿਸਾਬ ਨਾਲ ਆਪਾਂ ਵਰਤ ਰਹੇ ਹਾਂ । ਫਿਰ ਕੀ ਕਰਾਂਗੇ ਆਪਾਂ ? ਜਦੋਂ ਹੱਥੋਂ ਸਾਰਾ ਕੁਝ ਖੁੱਸ ਗਿਆ ਓਦੋਂ ਸਮਝਾਂਗੇ ?
ਆਉ ਸਭ ਮਿਲ ਕੇ ਅੱਖਾਂ ਖੋਲ ਕੇ ਵਿਚਰੀਏ ਇਸ ਦੁਨੀਆਂ ਦੇ ਵਿਚ ਨਹੀਂ ਤਾਂ ਆਪਾਂ ਆਪਣੇ ਵਿਰਸੇ ਤੋਂ ਅਣਜਾਣ ਹੋ ਜਾਵਾਂਗੇ । ਆਪਣੇ ਪੁਰਖਿਆਂ ਵੱਲੋਂ ਦਿੱਤੀਆਂ ਸ਼ਹੀਦੀਆਂ ਭੁੱਲ ਜਾਵਾਂਗੇ । ਆਪਣਾ ਘਰ ਲੁੱਟਿਆ ਜਾ ਰਿਹਾ ਹੋਵੇਗਾ ਤੇ ਆਪਾਂ ਨੂੰ ਫ਼ਰਕ ਹੀ ਨਹੀਂ ਪਵੇਗਾ ।

Sunday, August 4, 2019

550th Parkash Purab of Guru Nanak Dev ji

550th Parkash Purab (birthday) of Guru Nanak Dev ji is falling this year. To celebrate it, nearly a year-long celebration has already started by the Sikhs. One important aspect of these celebrations is the making of the corridor to Gurudwara Kartarpur Sahib, now in Pakistan, near the border of India-Pakistan.
The videos pouring in from the celebration showed the Sikhs crossing the border with the saroop of Guru Granth Sahib ji, and the Sikh soldiers capturing the moments in their cameras and paying the obeisance to the guru. This’s the first time when I got to see something so mesmerising. Albeit, after the partition in 1947, there’re many years when the Sikhs went to Pakistan to celebrate the Parkash Purab of the first guru in Nankana Sahib, the birthplace of Guru Nanak Dev ji. But this year was completely different than what I’d seen before.
On the quincentennial Parkash Purab of Guru Nanak Dev ji, so many authors and universities and other organizations published the work on the life of the first guru. I doubt if there could be a greater number of works available at any other celebrations than on quincenternary back in 1969. It opened up the doors to the readers to know more about the first guru, especially those who are non-Punjabi, because mainly the books were written in the English language then.
As we’re few weeks away from the Parkash Purab, I doubt if there’ll be publications this time about the first guru. Last time, the work of Dr Tirlochan Singh showed a great deal of painstaking to clear the daunting controversies brought in the Sikh Religion in the early 20th century by some authors. I hope the focus of the scholars on the sexcentennial Parkash Purab would be to bring new works which’ve not been published so far. There might be some sources in Persian or other languages, the lands that the guru travelled to during his journey, which would have a quintessential affect in the history of the Sikh Religion.
Bhai Pinderpal Singh ji, a great Sikh preacher, said the place where the people of different religions torn apart the cloth after the Joti Jot of Guru Nanak Dev ji is now trying to combine the two countries.
The guru, whose message is universal, beyond the castes, religions, and nationalism, is bringing the people together again. The much-awaited corridor to Kartarpur Sahib will be heart touching, to see the Sikhs travelling to the place beyond India. Some people are also out there who didn’t like the idea of the corridor because of the alleged attentions of Pakistan to use it for infiltration. The political consequences of this, if there’re any, planned or unplanned, will affect the Sikhs living in Punjab. I will leave that part and ponder on it in future, but I will not ignore it.
Apart from the celebrations, we Sikhs should be focusing on to spread the message of guru to the whole world. These celebrations will only be possible if the Sikhs are there in the world. Not by just appearances but the inner and outer nature both that make you a Sikh. I remember the Sikh preachers emphasising on the reading of Gurbani or Gurmantra or Mool Mantra on the special days like this as a token of respect. And this’s become very important thing to do in the 21st century. It is also the real way in which the celebrations should be held.
In the Gurudwaras, the Akhand Panth will be opened and will be completed on the day of Parkash Purab. We should also participate in that. It should not be just the Pathi reading the bani and we’re doing nothing. If not much, we should at least listen to Gurbani for hours. And ask the guru to guide us in this Age of Darkness, make us read Gurbani and live the life according to the Way of Sikhi, according to the way you taught us, so that we can achieve Oneness with the One and get emancipated.

Saturday, July 27, 2019

ਗੁਰਇਤਿਹਾਸ


ਇਤਿਹਾਸ ਦੀ ਇਕ ਵਿਲੱਖਣ ਜਗ੍ਹਾ ਹੈ ਦੁਨੀਆਂ ਦੇ ਵਿਚ । ਇਹ ਸਿਰਫ਼ ਸਿੱਖ ਧਰਮ ਨਾਲ ਸੰਬੰਧਿਤ ਹੀ ਨਹੀਂ ਬਲਕਿ ਦੁਨੀਆਂ ਦੇ ਵਿਚ ਰਹਿ ਰਿਹਾ ਕੋਈ ਵੀ ਧਰਮ ਜਾਂ ਸਭਿਆਚਾਰ ਦਾ ਬੰਦਾ ਹੋਵੇ ਉਸ ਲਈ ਬਹੁਤ ਲਾਹੇਵੰਦ ਚੀਜ਼ ਹੈ ।
ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਪਿਆਰਾ ਸਿੰਘ ਪਦਮ ਤੇ ਹੋਰ ਬਹੁਤ ਸਾਰੇ ਗੁਰਸਿੱਖਾਂ ਦੀਆਂ ਲਿਖਤਾਂ ਮੈਂ ਪੜ੍ਹੀਆਂ । ਇਨ੍ਹਾਂ ਸਾਰਿਆਂ ਨੇ ਬਹੁਤ ਸਾਰੀਆਂ ਕਿਤਾਬਾਂ ਇਤਿਹਾਸ ਨਾਲ ਸੰਬੰਧਿਤ ਵੀ ਲਿਖੀਆਂ ਜਾਂ ਫਿਰ ਸੰਪਾਦਿਤ ਕੀਤੀਆਂ । ਇਨ੍ਹਾਂ ਕਿਤਾਬਾਂ ਦੇ ਵਿਚ ਜੋ ਸੋਚਣ-ਸ਼ਕਤੀ ਤੇ ਖੋਜ-ਬਿਰਤੀ ਦਿਖਾਈ ਗਈ ਹੈ ਉਹ ਵਾਕਈ ਹੀ ਤਾਰੀਫ਼ ਦੇ ਕਾਬਿਲ ਹੈ । ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਥ ਦੇ ਵਿਚ ਇੰਨੇ ਕੌਮੀ ਹੀਰੇ ਹਨ ਜਿਨ੍ਹਾਂ ਨੇ ਜਗ੍ਹਾ-ਜਗ੍ਹਾ ਜਾ ਕਰ ਬਹੁਤ ਸਮੱਗਰੀ ਇਕੱਠੀ ਕੀਤੀ ਤੇ ਆਪਣੀ ਖੋਜੀ-ਬਿਰਤੀ ਨਾਲ ਸੱਚ ਤੇ ਝੂਠ ਦਾ ਨਿਖੇੜਾ ਕੀਤਾ ।
ਬਹੁਤ ਸਾਰੇ ਇਤਿਹਾਸਕ ਗ੍ਰੰਥਾਂ ਵੱਲ ਜੇ ਨਜ਼ਰ ਮਾਰੀਏ ਤਾਂ ਕੁਝ ਚੋਣਵੀਆਂ ਸਾਖੀਆਂ ਗੁਰਮਤਿ ਵਿਰੋਧੀ ਮਿਲ ਜਾਣਗੀਆਂ । ਮੈਂ ਇਹ ਬਹੁਤ ਸੋਚਦਾ ਹੁੰਦਾ ਸੀ ਕਿ ਬਹੁਤਾ ਇਤਿਹਾਸ ਸਿੱਖਾਂ ਵਲੋਂ ਹੀ ਲਿਖਿਆ ਹੋਇਆ ਹੈ, ਫਿਰ ਕੀ ਕਾਰਣ ਹੋ ਸਕਦਾ ਹੈ ਕਿ ਉਹ ਝੂਠ ਵੀ ਇਨ੍ਹਾਂ ਦੇ ਵਿਚ ਪਰੋ ਕੇ ਚਲੇ ਗਏ । ਕੀ ਉਨ੍ਹਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਸੀ ? ਕੀ ਉਹ ਸਿੱਖ ਹੋ ਕਰ ਵੀ ਸਿੱਖੀ ਤੋਂ ਅਨਜਾਣ ਸਨ ? ਇਹੋ ਜਿਹੇ ਪ੍ਰਸ਼ਨ ਮਨ ਦੇ ਵਿਚ ਬਹੁਤ ਆਉਂਦੇ ਰਹਿੰਦੇ ਸਨ । ਪਰ ਹੁਣ ਮੈਂ ਇਹ ਸਮਝਦਾ ਹਾਂ ਕਿ ਇਹ ਸਭ ਵਾਤਾਵਰਨ ਦੇ ਪ੍ਰਭਾਵ ਕਰਕੇ ਹੁੰਦਾ ਹੈ । ਕੁਝ ਕੁ ਇਤਿਹਾਸਕ ਸਾਖੀਆਂ ਸਮੇਂ ਦੇ ਨਾਲ-ਨਾਲ ਨਵੀਂ ਰੰਗਤ ਲੈ ਜਾਂਦੀਆਂ ਹਨ ਜਿਸ ਵਿਚ ਉਹ ਅੰਸ਼ ਵੀ ਮਿਲ ਜਾਂਦੇ ਨੇ ਜੋ ਗੁਰਮਤਿ ਦੇ ਅਨੁਕੂਲ ਨਾ ਹੋਣ । ਅਤੇ ਜਿਸ ਰੰਗਤ ਦੇ ਵਿਚ ਉਹ ਲਿਖਣ ਵਾਲਾ ਰੰਗਿਆ ਜਾ ਚੁੱਕਾ ਹੈ ਉਸ ਲਈ ਸ਼ਾਇਦ ਫਿਰ ਉਹ ਗੁਰਮਤਿ ਦੇ ਉਲਟ ਨਹੀਂ ਹੋਵੇਗਾ ।
ਮਿਸਾਲ ਦੇ ਤੌਰ ਤੇ ਆਪਾਂ 'ਕੇਸਰ ਸਿੰਘ ਛਿੱਬਰ' ਦੀ ਗੱਲ ਕਰ ਲੈਂਦੇ ਹਾਂ । ਉਸਦਾ ਲਿਖਿਆ ਹੋਇਆ 'ਬੰਸਾਵਲੀਨਾਮਾ' ਬਹੁਤ ਹੀ ਮਹੱਤਵਪੂਰਨ ਲਿਖਤ ਹੈ ੧੮ਵੀਂ ਸਦੀ ਹੈ । ਸ਼ਾਇਦ ਇਹ ਉਸ ਸਮੇਂ ਦੀ ਪਹਿਲੀ ਅਜਿਹੀ ਲਿਖਤ ਹੋਵੇ ਜਿਸ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕਰ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਹੋਵੇ । 'ਸੈਨਾਪਤਿ' ਦਾ 'ਗੁਰ ਸੋਭਾ ਗ੍ਰੰਥਾ' ਤੇ 'ਕੋਇਰ ਸਿੰਘ' ਦਾ ਲਿਖਿਆ 'ਗੁਰਬਿਲਾਸ ਪਾਤਿਸ਼ਾਹੀ ਦਸਵੀ' ਦੇ ਵਿਚ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਵਿਸ਼ੇਸ਼ ਤੌਰ ਤੇ ਵਰਨਣ ਹੈ । ਪਰ ਬੰਸਾਵਲੀਨਾਮਾ ਇਕ ਇਤਿਹਾਸਕ ਪੱਖ ਤੋਂ ਇਕ ਨਵੀਂ ਸ਼ੁਰੂਆਤ ਕਹੀ ਜਾ ਸਕਦੀ ਹੈ ਜਿਸ ਵਿਚ ਸਭ ਗੁਰੂਆਂ ਦੇ ਜੀਵਨ ਕਾਵਿ ਰੂਪ ਵਿਚ ਕਲਮਬੰਦ ਹਨ ।
'ਸਿਖ ਇਤਿਹਾਸ ਦੇ ਸੋਮੇ' ਦੇ ਪਹਿਲੇ ਭਾਗ ਦੇ ਵਿਚ 'ਸੋਹਣ ਸਿੰਘ ਸੀਤਲ' ਨੇ ੧੮ਵੀਂ ਸਦੀ ਦੇ ਵਿਚ ਲਿਖੇ ਜਾ ਚੁੱਕੇ ਇਤਿਹਾਸਕਿ ਗ੍ਰੰਥਾਂ ਦੀਆਂ ਉਕਾਈਆਂ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ । ਇਸ ਵਿਚ ਬੰਸਾਵਲੀਨਾਮਾ ਦੇ ਸਿਰਲੇਖ ਹੇਠ ਉਨ੍ਹਾਂ ਦੀਆਂ ਕੁਝ ਸ਼ੁਰੂਆਤੀ ਟਿੱਪਣੀਆਂ ਕੇਸਰ ਸਿੰਘ ਛਿੱਬਰ ਪ੍ਰਤੀ ਇਸ ਪ੍ਰਕਾਰ ਹਨ ।
੧.   ਉਹ ਬ੍ਰਹਿਮਣ ਜਾਤੀ ਨੂੰ ਦੂਸਰਿਆਂ ਨਾਲੋਂ ਉੱਤਮ ਮੰਨਦਾ ਹੈ । ਏਥੋਂ ਤਕ, ਕਿ ਬ੍ਰਹਿਮਣ ਬੰਸ ਵਿਚੋਂ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਵੀ 'ਉੱਤਮ' ਕਹਿੰਦਾ ਹੈ ।
੨.   ਦਸਵੇਂ ਚਰਣ ਵਿਚ ਲੇਖਕ ਲਿਖਦਾ ਹੈ । 'ਜੋ ਬ੍ਰਾਹਮਣ ਸਿਖ ਹੋਵੈ, ਤਿਸ ਦਾ ਆਦਰ ਸਨਮਾਨ ਬੜਾ ਕਰਨਾ ।੩੫੪।'
੩.   ਮੁਸਲਮਾਨ ਹਾਕਮਾਂ ਵਲੋਂ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਹੁੰਦੀ ਹੈ, ਤਾਂ ਲੇਖਕ ਪੰਡਤਾਂ ਪਾਸੋਂ ਹੋਮ ਕਰਾਕੇ ਉਸਨੂੰ ਪਵਿੱਤਰ ਕਰਦਾ ਹੈ ।
ਨਕਾਰਾਤਮਕ ਬਿਰਤੀ ਵਾਲੇ ਲੋਕ ਸ਼ਾਇਦ ਇਸ ਪੂਰੇ ਗ੍ਰੰਥ ਨੂੰ ਹੀ ਸੁੱਟਣ ਦੀ ਗੱਲ ਕਰਨ, ਕਿਉਂਕਿ ਸਿੱਖਾਂ ਦੇ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਜਾ ਚੁੱਕਾ ਹੈ ਕਿ ਇਤਿਹਾਸ ਸਹੀ ਨਹੀਂ ਹੈ, ਸਾਨੂੰ ਸਿਰਫ਼ ਗੁਰਬਾਣੀ ਹੀ ਪੜ੍ਹਨੀ ਚਾਹੀਦੀ ਹੈ । ਖ਼ੈਰ, ਇਸ ਬਾਰੇ ੨੧ਵੀਂ ਸਦੀ ਤੇ ਸਿੱਖ ਵਿਚ ਜ਼ਿਕਰ ਕੀਤਾ ਜਾ ਚੁੱਕਾ ਹੈ । ਹੋਰ ਦੂਸਰਾ ਕਾਰਣ ਜੋ ਲੋਕਾਂ ਦੇ ਵਿਚ ਆਮ ਪ੍ਰਚੱਲਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਇਹ ਕਿ, ਮਿਸਾਲ ਦੇ ਤੌਰ ਤੇ ਜੇਕਰ ਕੇਸਰ ਸਿੰਘ ਛਿੱਬਰ ਦੀ ਗੱਲ ਕਰੀਏ, ਇਹ ਤਾਂ ਇਕ ਪੰਡਿਤ ਸੀ, ਇਹ ਕਿਵੇਂ ਸਹੀ ਲਿਖ ਸਕਦਾ ਹੈ ਇਤਿਹਾਸ । ਇਹ ਇਕ ਬਹੁਤ ਹੀ ਗ਼ਲਤ ਤਰੀਕਾ ਹੈ ਇਤਿਹਾਸ ਦੇ ਵਿਚ ਝਾਤੀ ਮਾਰਨ ਦਾ । ਕਿਸੇ ਬੰਦੇ ਦੇ ਧਰਮ ਤੇ ਦੇਸ਼ ਕਰਕੇ ਉਸਦੀ ਲਿਖਤ ਨੂੰ ਨਕਾਰਿਆ ਨਹੀਂ ਜਾ ਸਕਦਾ । ਹਾਂ, ਉਸ ਵਿਚ ਆਈਆਂ ਗੁਰਮਤਿ ਵਿਰੋਧੀ ਗੱਲਾਂ ਦਾ ਗੁਰਬਾਣੀ ਦੇ ਨਾਲ ਮੁਲਾਂਕਣ ਕਰਕੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਕਥਾ ਗੁਰਮਤਿ ਦੇ ਪੱਖ ਨਹੀਂ ਪੂਰਦੀ ।
ਆਪਾਂ ਨੂੰ ਇਹ ਥੋੜ੍ਹਾ ਜਾ ਵਿਚਾਰ ਕੇ ਦੇਖਣ ਦੀ ਲੋੜ ਹੈ । ਕੇਸਰ ਸਿੰਘ ਛਿੱਬਰ ਇਕ ਸਿੱਖ ਸੀ, ਪਰ ਫਿਰ ਵੀ ਉਸਦੀ ਲਿਖਤ ਦੇ ਵਿਚ ਬ੍ਰਾਹਮਣੀ ਮੱਤ ਦਾ ਪ੍ਰਭਾਵ ਕਿਉਂ ਤੇ ਕਿਵੇਂ ਆਇਆ ? ਇਹ ਮੁੱਢਲੇ ਪ੍ਰਸ਼ਨਾਂ ਦੇ ਉੱਤਰ ਲੰਘ ਚੁੱਕੀਆਂ ਸਦੀਆਂ ਦੇ ਵਿਚ ਵੀ ਓਨੀ ਹੀ ਮਾਨਤਾ ਰੱਖਦੇ ਸਨ ਜਿੰਨੀ ਹੁਣ ਦੇ ਸਮੇਂ ਦੇ ਵਿਚ । ਕੇਸਰ ਸਿੰਘ ਛਿੱਬਰ ਜਿਸ ਮਾਹੌਲ ਦੇ ਵਿਚ ਰਹਿ ਰਿਹਾ ਹੋਵੇਗਾ ਉਸਦਾ ਪ੍ਰਭਾਵ ਉਸ ਉੱਤੇ ਪੈਣਾ ਬਹੁਤ ਲਾਜ਼ਮੀ ਸੀ । ਆਪਣੇ ਵਿਚਾਰ ਤੇ ਆਪਣੀਆਂ ਵਿਚਾਰਧਾਰਾਵਾਂ ਦਾ ਸਮੂਹ ਉਸ ਮਾਹੌਲ ਤੋਂ ਪੈਦਾ ਹੁੰਦਾ ਹੈ ਜਿਸ ਵਿਚ ਆਪਾਂ ਰਹਿ ਰਹੇ ਹੁੰਦੇ ਹਾਂ । ਇਕ ਸਿੱਖ ਇਕ ਸਿੱਖ ਕਿਉਂ ਹੁੰਦਾ ਹੈ, ਇਕ ਹਿੰਦੂ ਇਕ ਹਿੰਦੂ ਕਿਉਂ ਹੁੰਦਾ ਹੈ, ਇਕ ਮੁਸਲਮਾਨ ਇਕ ਮੁਸਲਮਾਨ ਕਿਉਂ ਹੁੰਦਾ ਹੈ, ਇਸਦਾ ਕਾਰਣ ਇਹ ਹੈ ਕਿ ਉਹ ਜਿਸ ਵਾਤਾਵਰਨ ਜਾਂ ਮਾਹੌਲ ਦੇ ਵਿਚ ਵਿਚਰ ਰਿਹਾ ਹੁੰਦਾ ਹੈ, ਜਿਸ ਮਾਹੌਲ ਦੇ ਵਿਚ ਉਸਦਾ ਪਾਲਣ-ਪੋਸ਼ਣ ਹੁੰਦਾ ਹੈ, ਉਸ ਰਾਹੀਂ ਉਸਦੀ ਮਾਨਸਿਕਤਾ ਬਣਦੀ ਹੈ । ਹਾਂ, ਕੁਝ ਲੋਕ ਸਮਾਂ ਬੀਤਣ ਤੋਂ ਬਾਅਦ ਆਪਣਾ ਧਰਮ ਛੱਡ ਕੇ ਦੂਸਰਾ ਅਪਨਾਉਣ ਦੇ ਇੱਛਕ ਹੋ ਜਾਂਦੇ ਹਨ, ਇਸਦਾ ਕਾਰਣ ਵੀ ਓਹੋ ਹੀ ਹੈ; ਮਾਹੌਲ । ਸ਼ਾਇਦ ਉਸਨੂੰ ਇਕ ਹੋਰ ਮਾਹੌਲ ਮਿਲ ਗਿਆ ਹੈ ਜੋ ਉਸਨੂੰ ਪਹਿਲਾਂ ਨਾਲੋਂ ਵਧੀਆ ਲੱਗਦਾ ਹੈ, ਜਿਸ ਰਾਹੀਂ ਫਿਰ ਉਹ ਨਵੇਂ ਧਰਮ ਦੇ ਅਸੂਲਾਂ ਨੂੰ ਅਪਣਾਉਂਦਾ ਹੈ ।
ਸੋ ਜੋ ਮਾਹੌਲ ਦੇ ਵਿਚ ਕੇਸਰ ਸਿੰਘ ਛਿੱਬਰ ਰਹਿ ਰਿਹਾ ਸੀ ਉਸ ਵਿਚ ਜੇਕਰ ਉਸਨੇ ਕੁਝ ਗੱਲਾਂ ਸਿੱਖੀ ਬਾਰੇ ਬਾਹਮਣੀ ਮੱਤ ਨਾਲ ਲਿਖਣ ਦਾ ਯਤਨ ਕੀਤਾ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ । ਕਲਮ ਉਹੀ ਲਿਖਦੀ ਹੈ ਜੋ ਬੁੱਧੀ ਲਿਖਾਉਂਦੀ ਹੈ । ਤੇ ਜੇਕਰ ਬੁੱਧੀ ਤੇ ਅਸਰ ਹੋਰਨਾ ਮੱਤਾਂ ਦਾ ਹੋ ਜਾਵੇ ਤਾਂ ਸੁਭਾਵਿਕ ਹੀ ਉਸਦਾ ਪ੍ਰਭਾਵ ਕਲਮ ਤੇ ਪੈਂਦਾ ਹੈ ।
ਇਨ੍ਹਾਂ ਬਾਹਮਣੀ ਮੱਤਾਂ ਦੇ ਪ੍ਰਭਾਵ ਦਾ ਜੋ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਇਹ ਕਿ ਬਾਹਮਣ ਮੱਤ ਦੇ ਪੂਜਕਾਂ ਨੇ, ਚਾਹੇ ਉਹ ਸਨਾਤਨੀ ਸਿੱਖ ਹੀ ਕਿਉਂ ਨਾ ਹੋਣ, ਉਹ ਸਿੱਖ ਜੋ ਸਿੱਖ ਗੁਰੂਆਂ ਨੂੰ ਵਿਸ਼ਨੂੰ ਦੇ ਉਪਾਸ਼ਕ ਮੰਨਦੇ ਨੇ ਤੇ ਉਨ੍ਹਾਂ ਨੂੰ ਹਿੰਦੂ ਦੱਸਦੇ ਨੇ, ਇਨ੍ਹਾਂ ਗ੍ਰੰਥਾਂ ਦੇ ਰਾਹੀਂ ਇਹ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ ਸਿੱਖ ਗੁਰੂ ਹਿੰਦੂ ਸਨ । ਇਸਦੀ ਪ੍ਰੋੜਤਾ ਦੇ ਲਈ ਉਹ ਇਨ੍ਹਾਂ ਗ੍ਰੰਥਾਂ ਦਾ ਜ਼ਿਕਰ ਕਰਦੇ ਹਨ । ਇਸ ਕਰਕੇ ਨਾ ਸਿਰਫ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੈ, ਬਲਕਿ ਕੁਝ ਸਿੱਖ ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੈ ਉਹ ਇਨ੍ਹਾਂ ਲੋਕਾਂ ਦੇ ਪ੍ਰਭਾਵ ਹੇਠ ਆ ਕਰ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁੱਲ ਜਾਂਦੇ ਨੇ ।
ਭਾਈ ਵੀਰ ਸਿੰਘ ਜੀ ਵਰਗੇ ਸੁਹਿਰਦ, ਖੋਜੀ ਤੇ ਗੁਰਸਿੱਖ ਵਿਦਵਾਨ ਨੇ ਜੋ ਇਕ ਬਹੁਤ ਵੱਡੀ ਦੇਣ ਦਿੱਤੀ ਹੈ ਪੰਥ ਨੂੰ ਉਹ ਹੈ ਸੂਰਜ ਪ੍ਰਕਾਸ਼ ਗ੍ਰੰਥ ਦੀ ਸੰਪਾਦਨਾ, ਜਿਸ ਵਿਚ ਉਨ੍ਹਾਂ ਨੇ ਗੁਰਮਤਿ ਤੋਂ ਉਲਟ ਗੱਲਾਂ ਨੂੰ ਗੁਰਬਾਣੀ ਦੇ ਰਾਹੀਂ ਸਿੱਧ ਕੀਤਾ ਹੈ ਕਿ ਇਹ ਗ਼ਲਤ ਨੇ ਜਾਂ ਫਿਰ ਸ਼ਾਇਦ ਭਾਈ ਸੰਤੋਖ ਸਿੰਘ ਜੀ ਵਲੋਂ ਨਹੀਂ ਲਿਖੀਆਂ ਗਈਆਂ, ਬਲਕਿ ਉਨ੍ਹਾਂ ਦੇ ਪੂਰੇ ਹੋਣ ਤੋਂ ਬਾਅਦ ਕਿਸੇ ਹੋਰ ਨੇ ਵਿਚ ਪਾਈਆਂ ਹਨ । ਜਿਵੇਂ 'ਗੁਰਬਿਲਾਸ ਪਾਤਿਸ਼ਾਹੀ ਛੇਵੀਂ' ਦੇ ਵਿਚ ਗ੍ਰੰਥਾਕਾਰ ਨੇ ਲਿਖਣ ਦਾ ਸੰਮਤ ੧੭੭੫ ਬਿਕਰਮੀ ਲਿਖਿਆ ਹੈ, ਪਰ ਇਸਦੀ ਸੰਪਾਦਨਾ ਕਰਨ ਸਮੇਂ 'ਗੁਰਮੁਖ ਸਿੰਘ' ਵਲੋਂ ਸਿੱਖ ਰਾਜ ਸਮੇਂ ਹੋਈਆਂ ਘਟਨਾਵਾਂ ਦੇ ਜ਼ਿਕਰ ਵੱਲ ਧਿਆਨ ਦੇ ਕਰ ਇਹ ਸਿੱਧ ਕੀਤਾ ਹੈ ਕਿ 'ਇਹ ਗ੍ਰੰਥ ਨਿਸਚੇ ੧੭੭੫ ਬਿਕਰਮੀ ਵਿਚ ਲਿਖਿਆ ਗਿਆ ਪਰ ਇਸ ਵਿੱਚ ਉਤਾਰਾ ਕਰਨ ਵਾਲਿਆਂ ਨੇ ਵਾਧੇ ਘਾਟੇ ਕੀਤੇ ਜਿਸਦਾ ਉਲੇਖ ਛਪੇ ਤੇ ਅਣਛਪੇ ਹੱਥ ਲਿਖਤ ਗ੍ਰੰਥਾਂ ਵਿਚ ਮਿਲਦਾ ਹੈ ।' ਸੂਰਜ ਪ੍ਰਕਾਸ਼ (ਗੁਰੂ ਨਾਨਕ ਪ੍ਰਕਾਸ਼ ਨੂੰ ਮਿਲਾ ਕਰਕੇ) ਇਕ ਅਜਿਹਾ ਗ੍ਰੰਥ ਹੈ ਜਿਸ ਦੀ ਕਥਾ ਬਹੁਤ ਸਾਰੇ ਗੁਰੂਘਰਾਂ ਦੇ ਵਿਚ ਹੁੰਦੀ ਹੈ । ਸੋ ਇਸ ਲਈ ਹੀ ਭਾਈ ਵੀਰ ਸਿੰਘ ਹੋਣਾ ਨੇ ਇਹ ਬੀੜਾ ਚੁੱਕਿਆ ਹੋਣਾ ਹੈ ਕਿ ਇਸ ਬਾਰੇ ਖੋਜ ਭਰਪੂਰ ਜਾਣਕਾਰੀ ਮੁਹੱਈਆ ਕਰਾਉਣੀ ਚਾਹੀਦੀ ਹੈ ।
ਹੋਰ ਇਤਿਹਾਸਕ ਗ੍ਰੰਥਾਂ (ਸਣੇ ਸੂਰਜ ਪ੍ਰਕਾਸ਼) ਬਾਰੇ ਟਿੱਪਣੀਆਂ ਸੋਹਣ ਸਿੰਘ ਸੀਤਲ ਵਲੋਂ ਵੀ ਕੀਤੀਆਂ ਗਈਆਂ ਨੇ । ਸੋ ਇਹ ਸਾਰੀ ਮਿਹਨਤ ਜੋ ਵਿਦਵਾਨ ਖੋਜੀ ਗੁਰਸਿੱਖਾਂ ਦੀ ਹੈ ਇਹ ਤਾਂ ਹੀ ਕਾਮਯਾਬ ਹੈ ਜੇਕਰ ਆਪਾਂ ਮਿਲ ਕਰ ਇਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹੀਏ ਤੇ ਵਿਚਾਰੀਏ ।
ਵੱਖ-ਵੱਖ ਇਤਿਹਾਸਕ ਗ੍ਰੰਥਾਂ ਦੇ ਵਿਚ ਇਕ ਗੱਲ ਜੋ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਕਿ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਲਿਖਦੇ ਸਮੇਂ ਹਰ ਇਕ ਗ੍ਰੰਥਾਕਾਰ ਦੀ ਇਹ ਕੋਸ਼ਿਸ਼ ਰਹੀ ਹੈ ਕਿ ਉਹ ਗੁਰੂ ਸਾਹਿਬਾਨਾਂ ਨੂੰ ਨੀਵਾਂ ਨਾ ਦਿਖਾਵੇ । ਮਿਸਾਲ ਦੇ ਤੌਰ ਤੇ ਜੇਕਰ ਛਿੱਬਰ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗਰੁਣ ਪੁਰਾਣ ਦੀ ਕਥਾ ਰੋਜ ਹੁੰਦੀ ਸੀ, ਜਾਂ ਫਿਰ ਕਈ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਦੀਆਂ ਅਸਥੀਆਂ ਗੰਗਾ ਦੇ ਵਿਚ ਪਾਈਆਂ ਗਈਆਂ, ਚਾਹੇ ਇਹ ਗੱਲਾਂ ਗੁਰਮਤਿ ਦੇ ਅਨੁਸਾਰ ਨਹੀਂ ਹਨ, ਪਰ ਲੇਖਕਾਂ ਦੀ ਇਸ ਰੀਤ ਦੇ ਵਿਚੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੋ ਵਿਚਾਰਧਾਰਾ ਦਾ ਅਸਰ ਲੇਖਕਾਂ 'ਤੇ ਸੀ, ਜਾਂ ਜਿਸ ਕਿਰਿਆ ਨੂੰ ਉਹ ਵਿਸ਼ੇਸ਼ ਤੇ ਉੱਤਮ ਮੰਨਦੇ ਸੀ, ਉਹ ਸਭ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੋੜ ਦਿੱਤੀਆਂ । ਇਹ ਸ਼ਾਇਦ ਗੁਰੂ ਪ੍ਰਤੀ ਪਿਆਰ ਹੀ ਸੀ ਉਨ੍ਹਾਂ ਦਾ, ਜਿਸ ਵਿਚ ਉਨ੍ਹਾਂ ਨੇ ਬਾਹਮਣੀ ਮੱਤ ਦੇ ਪ੍ਰਭਾਵ ਕਰਕੇ ਗੁਰੂ ਨੂੰ ਸਭ ਕੁਝ ਕਰਦੇ ਦਿਖਾਇਆ । ਪਰ ਇਸ ਪ੍ਰਭਾਵ ਦੇ ਕਾਰਣ ਉਹ ਗੁਰੂ ਦੀਆਂ ਸਿੱਖਿਆਵਾਂ ਤੇ ਗੁਰਬਾਣੀ ਨੂੰ ਮੁਲੋਂ ਹੀ ਭੁੱਲ ਗਏ ।
ਸੋ ਚਾਹੇ ਕਿਸੇ ਨੇ ਗੁਰਮਤਿ ਅਨੁਸਾਰੀ ਹੋ ਕਰ ਲਿਖਿਆ ਜਾਂ ਫਿਰ ਉਲਟ, ਪਰ ਇਨ੍ਹਾਂ ਸਾਰੇ ਲੇਖਕਾਂ ਦੀ ਬਹੁਤ ਵੱਡੀ ਦੇਣ ਹੈ । ਜੇਕਰ ਇਨ੍ਹਾਂ ਨੇ ਕਲਮਬੰਦ ਕਰਕੇ ਇਹ ਸਭ ਕੁਝ ਸਾਡੇ ਤੱਕ ਨਾ ਪਹੁੰਚਾਇਆ ਹੁੰਦਾ ਤਾਂ ਆਪਣੇ ਹੱਥ ਕੁਝ ਵੀ ਨਹੀਂ ਹੋਣਾ ਸੀ । ਮੈਂ ਇਹ ਸਮਝਦਾ ਹਾਂ ਕਿ ਜੋ ਕੁਝ ਵੀ ਕਿਸੇ ਗ੍ਰੰਥਾਕਾਰ ਨੇ ਲਿਖਿਆ ਹੈ ਉਹ ਵਿਚਾਰਿਆ ਜਾ ਸਕਦਾ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਹੈ । ਗੁਰਮਤਿ ਦੀ ਪੂਰੀ ਸੋਝੀ ਨਾ ਹੋਣ ਕਰਕੇ ਸ਼ਾਇਦ ਉਨ੍ਹਾਂ ਨੇ ਬਹੁਤ ਟਪਲੇ ਖਾਧੇ, ਪਰ ਉਨ੍ਹਾਂ ਦੀਆਂ ਲਿਖਤਾਂ ਦੇ ਵਿਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜੋ ਇਕ ਇਤਿਹਾਸ ਦੀ ਖੋਜ ਕਰਨ ਵਾਲੇ ਬੰਦੇ ਦੇ ਲਈ ਬਹੁਤ ਲਾਹੇਵੰਦ ਹੈ ।

Popular posts