Saturday, July 27, 2019

ਗੁਰਇਤਿਹਾਸ


ਇਤਿਹਾਸ ਦੀ ਇਕ ਵਿਲੱਖਣ ਜਗ੍ਹਾ ਹੈ ਦੁਨੀਆਂ ਦੇ ਵਿਚ । ਇਹ ਸਿਰਫ਼ ਸਿੱਖ ਧਰਮ ਨਾਲ ਸੰਬੰਧਿਤ ਹੀ ਨਹੀਂ ਬਲਕਿ ਦੁਨੀਆਂ ਦੇ ਵਿਚ ਰਹਿ ਰਿਹਾ ਕੋਈ ਵੀ ਧਰਮ ਜਾਂ ਸਭਿਆਚਾਰ ਦਾ ਬੰਦਾ ਹੋਵੇ ਉਸ ਲਈ ਬਹੁਤ ਲਾਹੇਵੰਦ ਚੀਜ਼ ਹੈ ।
ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਪਿਆਰਾ ਸਿੰਘ ਪਦਮ ਤੇ ਹੋਰ ਬਹੁਤ ਸਾਰੇ ਗੁਰਸਿੱਖਾਂ ਦੀਆਂ ਲਿਖਤਾਂ ਮੈਂ ਪੜ੍ਹੀਆਂ । ਇਨ੍ਹਾਂ ਸਾਰਿਆਂ ਨੇ ਬਹੁਤ ਸਾਰੀਆਂ ਕਿਤਾਬਾਂ ਇਤਿਹਾਸ ਨਾਲ ਸੰਬੰਧਿਤ ਵੀ ਲਿਖੀਆਂ ਜਾਂ ਫਿਰ ਸੰਪਾਦਿਤ ਕੀਤੀਆਂ । ਇਨ੍ਹਾਂ ਕਿਤਾਬਾਂ ਦੇ ਵਿਚ ਜੋ ਸੋਚਣ-ਸ਼ਕਤੀ ਤੇ ਖੋਜ-ਬਿਰਤੀ ਦਿਖਾਈ ਗਈ ਹੈ ਉਹ ਵਾਕਈ ਹੀ ਤਾਰੀਫ਼ ਦੇ ਕਾਬਿਲ ਹੈ । ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਥ ਦੇ ਵਿਚ ਇੰਨੇ ਕੌਮੀ ਹੀਰੇ ਹਨ ਜਿਨ੍ਹਾਂ ਨੇ ਜਗ੍ਹਾ-ਜਗ੍ਹਾ ਜਾ ਕਰ ਬਹੁਤ ਸਮੱਗਰੀ ਇਕੱਠੀ ਕੀਤੀ ਤੇ ਆਪਣੀ ਖੋਜੀ-ਬਿਰਤੀ ਨਾਲ ਸੱਚ ਤੇ ਝੂਠ ਦਾ ਨਿਖੇੜਾ ਕੀਤਾ ।
ਬਹੁਤ ਸਾਰੇ ਇਤਿਹਾਸਕ ਗ੍ਰੰਥਾਂ ਵੱਲ ਜੇ ਨਜ਼ਰ ਮਾਰੀਏ ਤਾਂ ਕੁਝ ਚੋਣਵੀਆਂ ਸਾਖੀਆਂ ਗੁਰਮਤਿ ਵਿਰੋਧੀ ਮਿਲ ਜਾਣਗੀਆਂ । ਮੈਂ ਇਹ ਬਹੁਤ ਸੋਚਦਾ ਹੁੰਦਾ ਸੀ ਕਿ ਬਹੁਤਾ ਇਤਿਹਾਸ ਸਿੱਖਾਂ ਵਲੋਂ ਹੀ ਲਿਖਿਆ ਹੋਇਆ ਹੈ, ਫਿਰ ਕੀ ਕਾਰਣ ਹੋ ਸਕਦਾ ਹੈ ਕਿ ਉਹ ਝੂਠ ਵੀ ਇਨ੍ਹਾਂ ਦੇ ਵਿਚ ਪਰੋ ਕੇ ਚਲੇ ਗਏ । ਕੀ ਉਨ੍ਹਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਸੀ ? ਕੀ ਉਹ ਸਿੱਖ ਹੋ ਕਰ ਵੀ ਸਿੱਖੀ ਤੋਂ ਅਨਜਾਣ ਸਨ ? ਇਹੋ ਜਿਹੇ ਪ੍ਰਸ਼ਨ ਮਨ ਦੇ ਵਿਚ ਬਹੁਤ ਆਉਂਦੇ ਰਹਿੰਦੇ ਸਨ । ਪਰ ਹੁਣ ਮੈਂ ਇਹ ਸਮਝਦਾ ਹਾਂ ਕਿ ਇਹ ਸਭ ਵਾਤਾਵਰਨ ਦੇ ਪ੍ਰਭਾਵ ਕਰਕੇ ਹੁੰਦਾ ਹੈ । ਕੁਝ ਕੁ ਇਤਿਹਾਸਕ ਸਾਖੀਆਂ ਸਮੇਂ ਦੇ ਨਾਲ-ਨਾਲ ਨਵੀਂ ਰੰਗਤ ਲੈ ਜਾਂਦੀਆਂ ਹਨ ਜਿਸ ਵਿਚ ਉਹ ਅੰਸ਼ ਵੀ ਮਿਲ ਜਾਂਦੇ ਨੇ ਜੋ ਗੁਰਮਤਿ ਦੇ ਅਨੁਕੂਲ ਨਾ ਹੋਣ । ਅਤੇ ਜਿਸ ਰੰਗਤ ਦੇ ਵਿਚ ਉਹ ਲਿਖਣ ਵਾਲਾ ਰੰਗਿਆ ਜਾ ਚੁੱਕਾ ਹੈ ਉਸ ਲਈ ਸ਼ਾਇਦ ਫਿਰ ਉਹ ਗੁਰਮਤਿ ਦੇ ਉਲਟ ਨਹੀਂ ਹੋਵੇਗਾ ।
ਮਿਸਾਲ ਦੇ ਤੌਰ ਤੇ ਆਪਾਂ 'ਕੇਸਰ ਸਿੰਘ ਛਿੱਬਰ' ਦੀ ਗੱਲ ਕਰ ਲੈਂਦੇ ਹਾਂ । ਉਸਦਾ ਲਿਖਿਆ ਹੋਇਆ 'ਬੰਸਾਵਲੀਨਾਮਾ' ਬਹੁਤ ਹੀ ਮਹੱਤਵਪੂਰਨ ਲਿਖਤ ਹੈ ੧੮ਵੀਂ ਸਦੀ ਹੈ । ਸ਼ਾਇਦ ਇਹ ਉਸ ਸਮੇਂ ਦੀ ਪਹਿਲੀ ਅਜਿਹੀ ਲਿਖਤ ਹੋਵੇ ਜਿਸ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕਰ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਹੋਵੇ । 'ਸੈਨਾਪਤਿ' ਦਾ 'ਗੁਰ ਸੋਭਾ ਗ੍ਰੰਥਾ' ਤੇ 'ਕੋਇਰ ਸਿੰਘ' ਦਾ ਲਿਖਿਆ 'ਗੁਰਬਿਲਾਸ ਪਾਤਿਸ਼ਾਹੀ ਦਸਵੀ' ਦੇ ਵਿਚ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਵਿਸ਼ੇਸ਼ ਤੌਰ ਤੇ ਵਰਨਣ ਹੈ । ਪਰ ਬੰਸਾਵਲੀਨਾਮਾ ਇਕ ਇਤਿਹਾਸਕ ਪੱਖ ਤੋਂ ਇਕ ਨਵੀਂ ਸ਼ੁਰੂਆਤ ਕਹੀ ਜਾ ਸਕਦੀ ਹੈ ਜਿਸ ਵਿਚ ਸਭ ਗੁਰੂਆਂ ਦੇ ਜੀਵਨ ਕਾਵਿ ਰੂਪ ਵਿਚ ਕਲਮਬੰਦ ਹਨ ।
'ਸਿਖ ਇਤਿਹਾਸ ਦੇ ਸੋਮੇ' ਦੇ ਪਹਿਲੇ ਭਾਗ ਦੇ ਵਿਚ 'ਸੋਹਣ ਸਿੰਘ ਸੀਤਲ' ਨੇ ੧੮ਵੀਂ ਸਦੀ ਦੇ ਵਿਚ ਲਿਖੇ ਜਾ ਚੁੱਕੇ ਇਤਿਹਾਸਕਿ ਗ੍ਰੰਥਾਂ ਦੀਆਂ ਉਕਾਈਆਂ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ । ਇਸ ਵਿਚ ਬੰਸਾਵਲੀਨਾਮਾ ਦੇ ਸਿਰਲੇਖ ਹੇਠ ਉਨ੍ਹਾਂ ਦੀਆਂ ਕੁਝ ਸ਼ੁਰੂਆਤੀ ਟਿੱਪਣੀਆਂ ਕੇਸਰ ਸਿੰਘ ਛਿੱਬਰ ਪ੍ਰਤੀ ਇਸ ਪ੍ਰਕਾਰ ਹਨ ।
੧.   ਉਹ ਬ੍ਰਹਿਮਣ ਜਾਤੀ ਨੂੰ ਦੂਸਰਿਆਂ ਨਾਲੋਂ ਉੱਤਮ ਮੰਨਦਾ ਹੈ । ਏਥੋਂ ਤਕ, ਕਿ ਬ੍ਰਹਿਮਣ ਬੰਸ ਵਿਚੋਂ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਵੀ 'ਉੱਤਮ' ਕਹਿੰਦਾ ਹੈ ।
੨.   ਦਸਵੇਂ ਚਰਣ ਵਿਚ ਲੇਖਕ ਲਿਖਦਾ ਹੈ । 'ਜੋ ਬ੍ਰਾਹਮਣ ਸਿਖ ਹੋਵੈ, ਤਿਸ ਦਾ ਆਦਰ ਸਨਮਾਨ ਬੜਾ ਕਰਨਾ ।੩੫੪।'
੩.   ਮੁਸਲਮਾਨ ਹਾਕਮਾਂ ਵਲੋਂ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਹੁੰਦੀ ਹੈ, ਤਾਂ ਲੇਖਕ ਪੰਡਤਾਂ ਪਾਸੋਂ ਹੋਮ ਕਰਾਕੇ ਉਸਨੂੰ ਪਵਿੱਤਰ ਕਰਦਾ ਹੈ ।
ਨਕਾਰਾਤਮਕ ਬਿਰਤੀ ਵਾਲੇ ਲੋਕ ਸ਼ਾਇਦ ਇਸ ਪੂਰੇ ਗ੍ਰੰਥ ਨੂੰ ਹੀ ਸੁੱਟਣ ਦੀ ਗੱਲ ਕਰਨ, ਕਿਉਂਕਿ ਸਿੱਖਾਂ ਦੇ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਜਾ ਚੁੱਕਾ ਹੈ ਕਿ ਇਤਿਹਾਸ ਸਹੀ ਨਹੀਂ ਹੈ, ਸਾਨੂੰ ਸਿਰਫ਼ ਗੁਰਬਾਣੀ ਹੀ ਪੜ੍ਹਨੀ ਚਾਹੀਦੀ ਹੈ । ਖ਼ੈਰ, ਇਸ ਬਾਰੇ ੨੧ਵੀਂ ਸਦੀ ਤੇ ਸਿੱਖ ਵਿਚ ਜ਼ਿਕਰ ਕੀਤਾ ਜਾ ਚੁੱਕਾ ਹੈ । ਹੋਰ ਦੂਸਰਾ ਕਾਰਣ ਜੋ ਲੋਕਾਂ ਦੇ ਵਿਚ ਆਮ ਪ੍ਰਚੱਲਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਇਹ ਕਿ, ਮਿਸਾਲ ਦੇ ਤੌਰ ਤੇ ਜੇਕਰ ਕੇਸਰ ਸਿੰਘ ਛਿੱਬਰ ਦੀ ਗੱਲ ਕਰੀਏ, ਇਹ ਤਾਂ ਇਕ ਪੰਡਿਤ ਸੀ, ਇਹ ਕਿਵੇਂ ਸਹੀ ਲਿਖ ਸਕਦਾ ਹੈ ਇਤਿਹਾਸ । ਇਹ ਇਕ ਬਹੁਤ ਹੀ ਗ਼ਲਤ ਤਰੀਕਾ ਹੈ ਇਤਿਹਾਸ ਦੇ ਵਿਚ ਝਾਤੀ ਮਾਰਨ ਦਾ । ਕਿਸੇ ਬੰਦੇ ਦੇ ਧਰਮ ਤੇ ਦੇਸ਼ ਕਰਕੇ ਉਸਦੀ ਲਿਖਤ ਨੂੰ ਨਕਾਰਿਆ ਨਹੀਂ ਜਾ ਸਕਦਾ । ਹਾਂ, ਉਸ ਵਿਚ ਆਈਆਂ ਗੁਰਮਤਿ ਵਿਰੋਧੀ ਗੱਲਾਂ ਦਾ ਗੁਰਬਾਣੀ ਦੇ ਨਾਲ ਮੁਲਾਂਕਣ ਕਰਕੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਕਥਾ ਗੁਰਮਤਿ ਦੇ ਪੱਖ ਨਹੀਂ ਪੂਰਦੀ ।
ਆਪਾਂ ਨੂੰ ਇਹ ਥੋੜ੍ਹਾ ਜਾ ਵਿਚਾਰ ਕੇ ਦੇਖਣ ਦੀ ਲੋੜ ਹੈ । ਕੇਸਰ ਸਿੰਘ ਛਿੱਬਰ ਇਕ ਸਿੱਖ ਸੀ, ਪਰ ਫਿਰ ਵੀ ਉਸਦੀ ਲਿਖਤ ਦੇ ਵਿਚ ਬ੍ਰਾਹਮਣੀ ਮੱਤ ਦਾ ਪ੍ਰਭਾਵ ਕਿਉਂ ਤੇ ਕਿਵੇਂ ਆਇਆ ? ਇਹ ਮੁੱਢਲੇ ਪ੍ਰਸ਼ਨਾਂ ਦੇ ਉੱਤਰ ਲੰਘ ਚੁੱਕੀਆਂ ਸਦੀਆਂ ਦੇ ਵਿਚ ਵੀ ਓਨੀ ਹੀ ਮਾਨਤਾ ਰੱਖਦੇ ਸਨ ਜਿੰਨੀ ਹੁਣ ਦੇ ਸਮੇਂ ਦੇ ਵਿਚ । ਕੇਸਰ ਸਿੰਘ ਛਿੱਬਰ ਜਿਸ ਮਾਹੌਲ ਦੇ ਵਿਚ ਰਹਿ ਰਿਹਾ ਹੋਵੇਗਾ ਉਸਦਾ ਪ੍ਰਭਾਵ ਉਸ ਉੱਤੇ ਪੈਣਾ ਬਹੁਤ ਲਾਜ਼ਮੀ ਸੀ । ਆਪਣੇ ਵਿਚਾਰ ਤੇ ਆਪਣੀਆਂ ਵਿਚਾਰਧਾਰਾਵਾਂ ਦਾ ਸਮੂਹ ਉਸ ਮਾਹੌਲ ਤੋਂ ਪੈਦਾ ਹੁੰਦਾ ਹੈ ਜਿਸ ਵਿਚ ਆਪਾਂ ਰਹਿ ਰਹੇ ਹੁੰਦੇ ਹਾਂ । ਇਕ ਸਿੱਖ ਇਕ ਸਿੱਖ ਕਿਉਂ ਹੁੰਦਾ ਹੈ, ਇਕ ਹਿੰਦੂ ਇਕ ਹਿੰਦੂ ਕਿਉਂ ਹੁੰਦਾ ਹੈ, ਇਕ ਮੁਸਲਮਾਨ ਇਕ ਮੁਸਲਮਾਨ ਕਿਉਂ ਹੁੰਦਾ ਹੈ, ਇਸਦਾ ਕਾਰਣ ਇਹ ਹੈ ਕਿ ਉਹ ਜਿਸ ਵਾਤਾਵਰਨ ਜਾਂ ਮਾਹੌਲ ਦੇ ਵਿਚ ਵਿਚਰ ਰਿਹਾ ਹੁੰਦਾ ਹੈ, ਜਿਸ ਮਾਹੌਲ ਦੇ ਵਿਚ ਉਸਦਾ ਪਾਲਣ-ਪੋਸ਼ਣ ਹੁੰਦਾ ਹੈ, ਉਸ ਰਾਹੀਂ ਉਸਦੀ ਮਾਨਸਿਕਤਾ ਬਣਦੀ ਹੈ । ਹਾਂ, ਕੁਝ ਲੋਕ ਸਮਾਂ ਬੀਤਣ ਤੋਂ ਬਾਅਦ ਆਪਣਾ ਧਰਮ ਛੱਡ ਕੇ ਦੂਸਰਾ ਅਪਨਾਉਣ ਦੇ ਇੱਛਕ ਹੋ ਜਾਂਦੇ ਹਨ, ਇਸਦਾ ਕਾਰਣ ਵੀ ਓਹੋ ਹੀ ਹੈ; ਮਾਹੌਲ । ਸ਼ਾਇਦ ਉਸਨੂੰ ਇਕ ਹੋਰ ਮਾਹੌਲ ਮਿਲ ਗਿਆ ਹੈ ਜੋ ਉਸਨੂੰ ਪਹਿਲਾਂ ਨਾਲੋਂ ਵਧੀਆ ਲੱਗਦਾ ਹੈ, ਜਿਸ ਰਾਹੀਂ ਫਿਰ ਉਹ ਨਵੇਂ ਧਰਮ ਦੇ ਅਸੂਲਾਂ ਨੂੰ ਅਪਣਾਉਂਦਾ ਹੈ ।
ਸੋ ਜੋ ਮਾਹੌਲ ਦੇ ਵਿਚ ਕੇਸਰ ਸਿੰਘ ਛਿੱਬਰ ਰਹਿ ਰਿਹਾ ਸੀ ਉਸ ਵਿਚ ਜੇਕਰ ਉਸਨੇ ਕੁਝ ਗੱਲਾਂ ਸਿੱਖੀ ਬਾਰੇ ਬਾਹਮਣੀ ਮੱਤ ਨਾਲ ਲਿਖਣ ਦਾ ਯਤਨ ਕੀਤਾ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ । ਕਲਮ ਉਹੀ ਲਿਖਦੀ ਹੈ ਜੋ ਬੁੱਧੀ ਲਿਖਾਉਂਦੀ ਹੈ । ਤੇ ਜੇਕਰ ਬੁੱਧੀ ਤੇ ਅਸਰ ਹੋਰਨਾ ਮੱਤਾਂ ਦਾ ਹੋ ਜਾਵੇ ਤਾਂ ਸੁਭਾਵਿਕ ਹੀ ਉਸਦਾ ਪ੍ਰਭਾਵ ਕਲਮ ਤੇ ਪੈਂਦਾ ਹੈ ।
ਇਨ੍ਹਾਂ ਬਾਹਮਣੀ ਮੱਤਾਂ ਦੇ ਪ੍ਰਭਾਵ ਦਾ ਜੋ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਇਹ ਕਿ ਬਾਹਮਣ ਮੱਤ ਦੇ ਪੂਜਕਾਂ ਨੇ, ਚਾਹੇ ਉਹ ਸਨਾਤਨੀ ਸਿੱਖ ਹੀ ਕਿਉਂ ਨਾ ਹੋਣ, ਉਹ ਸਿੱਖ ਜੋ ਸਿੱਖ ਗੁਰੂਆਂ ਨੂੰ ਵਿਸ਼ਨੂੰ ਦੇ ਉਪਾਸ਼ਕ ਮੰਨਦੇ ਨੇ ਤੇ ਉਨ੍ਹਾਂ ਨੂੰ ਹਿੰਦੂ ਦੱਸਦੇ ਨੇ, ਇਨ੍ਹਾਂ ਗ੍ਰੰਥਾਂ ਦੇ ਰਾਹੀਂ ਇਹ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ ਸਿੱਖ ਗੁਰੂ ਹਿੰਦੂ ਸਨ । ਇਸਦੀ ਪ੍ਰੋੜਤਾ ਦੇ ਲਈ ਉਹ ਇਨ੍ਹਾਂ ਗ੍ਰੰਥਾਂ ਦਾ ਜ਼ਿਕਰ ਕਰਦੇ ਹਨ । ਇਸ ਕਰਕੇ ਨਾ ਸਿਰਫ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੈ, ਬਲਕਿ ਕੁਝ ਸਿੱਖ ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੈ ਉਹ ਇਨ੍ਹਾਂ ਲੋਕਾਂ ਦੇ ਪ੍ਰਭਾਵ ਹੇਠ ਆ ਕਰ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁੱਲ ਜਾਂਦੇ ਨੇ ।
ਭਾਈ ਵੀਰ ਸਿੰਘ ਜੀ ਵਰਗੇ ਸੁਹਿਰਦ, ਖੋਜੀ ਤੇ ਗੁਰਸਿੱਖ ਵਿਦਵਾਨ ਨੇ ਜੋ ਇਕ ਬਹੁਤ ਵੱਡੀ ਦੇਣ ਦਿੱਤੀ ਹੈ ਪੰਥ ਨੂੰ ਉਹ ਹੈ ਸੂਰਜ ਪ੍ਰਕਾਸ਼ ਗ੍ਰੰਥ ਦੀ ਸੰਪਾਦਨਾ, ਜਿਸ ਵਿਚ ਉਨ੍ਹਾਂ ਨੇ ਗੁਰਮਤਿ ਤੋਂ ਉਲਟ ਗੱਲਾਂ ਨੂੰ ਗੁਰਬਾਣੀ ਦੇ ਰਾਹੀਂ ਸਿੱਧ ਕੀਤਾ ਹੈ ਕਿ ਇਹ ਗ਼ਲਤ ਨੇ ਜਾਂ ਫਿਰ ਸ਼ਾਇਦ ਭਾਈ ਸੰਤੋਖ ਸਿੰਘ ਜੀ ਵਲੋਂ ਨਹੀਂ ਲਿਖੀਆਂ ਗਈਆਂ, ਬਲਕਿ ਉਨ੍ਹਾਂ ਦੇ ਪੂਰੇ ਹੋਣ ਤੋਂ ਬਾਅਦ ਕਿਸੇ ਹੋਰ ਨੇ ਵਿਚ ਪਾਈਆਂ ਹਨ । ਜਿਵੇਂ 'ਗੁਰਬਿਲਾਸ ਪਾਤਿਸ਼ਾਹੀ ਛੇਵੀਂ' ਦੇ ਵਿਚ ਗ੍ਰੰਥਾਕਾਰ ਨੇ ਲਿਖਣ ਦਾ ਸੰਮਤ ੧੭੭੫ ਬਿਕਰਮੀ ਲਿਖਿਆ ਹੈ, ਪਰ ਇਸਦੀ ਸੰਪਾਦਨਾ ਕਰਨ ਸਮੇਂ 'ਗੁਰਮੁਖ ਸਿੰਘ' ਵਲੋਂ ਸਿੱਖ ਰਾਜ ਸਮੇਂ ਹੋਈਆਂ ਘਟਨਾਵਾਂ ਦੇ ਜ਼ਿਕਰ ਵੱਲ ਧਿਆਨ ਦੇ ਕਰ ਇਹ ਸਿੱਧ ਕੀਤਾ ਹੈ ਕਿ 'ਇਹ ਗ੍ਰੰਥ ਨਿਸਚੇ ੧੭੭੫ ਬਿਕਰਮੀ ਵਿਚ ਲਿਖਿਆ ਗਿਆ ਪਰ ਇਸ ਵਿੱਚ ਉਤਾਰਾ ਕਰਨ ਵਾਲਿਆਂ ਨੇ ਵਾਧੇ ਘਾਟੇ ਕੀਤੇ ਜਿਸਦਾ ਉਲੇਖ ਛਪੇ ਤੇ ਅਣਛਪੇ ਹੱਥ ਲਿਖਤ ਗ੍ਰੰਥਾਂ ਵਿਚ ਮਿਲਦਾ ਹੈ ।' ਸੂਰਜ ਪ੍ਰਕਾਸ਼ (ਗੁਰੂ ਨਾਨਕ ਪ੍ਰਕਾਸ਼ ਨੂੰ ਮਿਲਾ ਕਰਕੇ) ਇਕ ਅਜਿਹਾ ਗ੍ਰੰਥ ਹੈ ਜਿਸ ਦੀ ਕਥਾ ਬਹੁਤ ਸਾਰੇ ਗੁਰੂਘਰਾਂ ਦੇ ਵਿਚ ਹੁੰਦੀ ਹੈ । ਸੋ ਇਸ ਲਈ ਹੀ ਭਾਈ ਵੀਰ ਸਿੰਘ ਹੋਣਾ ਨੇ ਇਹ ਬੀੜਾ ਚੁੱਕਿਆ ਹੋਣਾ ਹੈ ਕਿ ਇਸ ਬਾਰੇ ਖੋਜ ਭਰਪੂਰ ਜਾਣਕਾਰੀ ਮੁਹੱਈਆ ਕਰਾਉਣੀ ਚਾਹੀਦੀ ਹੈ ।
ਹੋਰ ਇਤਿਹਾਸਕ ਗ੍ਰੰਥਾਂ (ਸਣੇ ਸੂਰਜ ਪ੍ਰਕਾਸ਼) ਬਾਰੇ ਟਿੱਪਣੀਆਂ ਸੋਹਣ ਸਿੰਘ ਸੀਤਲ ਵਲੋਂ ਵੀ ਕੀਤੀਆਂ ਗਈਆਂ ਨੇ । ਸੋ ਇਹ ਸਾਰੀ ਮਿਹਨਤ ਜੋ ਵਿਦਵਾਨ ਖੋਜੀ ਗੁਰਸਿੱਖਾਂ ਦੀ ਹੈ ਇਹ ਤਾਂ ਹੀ ਕਾਮਯਾਬ ਹੈ ਜੇਕਰ ਆਪਾਂ ਮਿਲ ਕਰ ਇਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹੀਏ ਤੇ ਵਿਚਾਰੀਏ ।
ਵੱਖ-ਵੱਖ ਇਤਿਹਾਸਕ ਗ੍ਰੰਥਾਂ ਦੇ ਵਿਚ ਇਕ ਗੱਲ ਜੋ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਕਿ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਲਿਖਦੇ ਸਮੇਂ ਹਰ ਇਕ ਗ੍ਰੰਥਾਕਾਰ ਦੀ ਇਹ ਕੋਸ਼ਿਸ਼ ਰਹੀ ਹੈ ਕਿ ਉਹ ਗੁਰੂ ਸਾਹਿਬਾਨਾਂ ਨੂੰ ਨੀਵਾਂ ਨਾ ਦਿਖਾਵੇ । ਮਿਸਾਲ ਦੇ ਤੌਰ ਤੇ ਜੇਕਰ ਛਿੱਬਰ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗਰੁਣ ਪੁਰਾਣ ਦੀ ਕਥਾ ਰੋਜ ਹੁੰਦੀ ਸੀ, ਜਾਂ ਫਿਰ ਕਈ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਦੀਆਂ ਅਸਥੀਆਂ ਗੰਗਾ ਦੇ ਵਿਚ ਪਾਈਆਂ ਗਈਆਂ, ਚਾਹੇ ਇਹ ਗੱਲਾਂ ਗੁਰਮਤਿ ਦੇ ਅਨੁਸਾਰ ਨਹੀਂ ਹਨ, ਪਰ ਲੇਖਕਾਂ ਦੀ ਇਸ ਰੀਤ ਦੇ ਵਿਚੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੋ ਵਿਚਾਰਧਾਰਾ ਦਾ ਅਸਰ ਲੇਖਕਾਂ 'ਤੇ ਸੀ, ਜਾਂ ਜਿਸ ਕਿਰਿਆ ਨੂੰ ਉਹ ਵਿਸ਼ੇਸ਼ ਤੇ ਉੱਤਮ ਮੰਨਦੇ ਸੀ, ਉਹ ਸਭ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੋੜ ਦਿੱਤੀਆਂ । ਇਹ ਸ਼ਾਇਦ ਗੁਰੂ ਪ੍ਰਤੀ ਪਿਆਰ ਹੀ ਸੀ ਉਨ੍ਹਾਂ ਦਾ, ਜਿਸ ਵਿਚ ਉਨ੍ਹਾਂ ਨੇ ਬਾਹਮਣੀ ਮੱਤ ਦੇ ਪ੍ਰਭਾਵ ਕਰਕੇ ਗੁਰੂ ਨੂੰ ਸਭ ਕੁਝ ਕਰਦੇ ਦਿਖਾਇਆ । ਪਰ ਇਸ ਪ੍ਰਭਾਵ ਦੇ ਕਾਰਣ ਉਹ ਗੁਰੂ ਦੀਆਂ ਸਿੱਖਿਆਵਾਂ ਤੇ ਗੁਰਬਾਣੀ ਨੂੰ ਮੁਲੋਂ ਹੀ ਭੁੱਲ ਗਏ ।
ਸੋ ਚਾਹੇ ਕਿਸੇ ਨੇ ਗੁਰਮਤਿ ਅਨੁਸਾਰੀ ਹੋ ਕਰ ਲਿਖਿਆ ਜਾਂ ਫਿਰ ਉਲਟ, ਪਰ ਇਨ੍ਹਾਂ ਸਾਰੇ ਲੇਖਕਾਂ ਦੀ ਬਹੁਤ ਵੱਡੀ ਦੇਣ ਹੈ । ਜੇਕਰ ਇਨ੍ਹਾਂ ਨੇ ਕਲਮਬੰਦ ਕਰਕੇ ਇਹ ਸਭ ਕੁਝ ਸਾਡੇ ਤੱਕ ਨਾ ਪਹੁੰਚਾਇਆ ਹੁੰਦਾ ਤਾਂ ਆਪਣੇ ਹੱਥ ਕੁਝ ਵੀ ਨਹੀਂ ਹੋਣਾ ਸੀ । ਮੈਂ ਇਹ ਸਮਝਦਾ ਹਾਂ ਕਿ ਜੋ ਕੁਝ ਵੀ ਕਿਸੇ ਗ੍ਰੰਥਾਕਾਰ ਨੇ ਲਿਖਿਆ ਹੈ ਉਹ ਵਿਚਾਰਿਆ ਜਾ ਸਕਦਾ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਹੈ । ਗੁਰਮਤਿ ਦੀ ਪੂਰੀ ਸੋਝੀ ਨਾ ਹੋਣ ਕਰਕੇ ਸ਼ਾਇਦ ਉਨ੍ਹਾਂ ਨੇ ਬਹੁਤ ਟਪਲੇ ਖਾਧੇ, ਪਰ ਉਨ੍ਹਾਂ ਦੀਆਂ ਲਿਖਤਾਂ ਦੇ ਵਿਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜੋ ਇਕ ਇਤਿਹਾਸ ਦੀ ਖੋਜ ਕਰਨ ਵਾਲੇ ਬੰਦੇ ਦੇ ਲਈ ਬਹੁਤ ਲਾਹੇਵੰਦ ਹੈ ।

No comments:

Post a Comment

Popular posts