Wednesday, March 25, 2020

Corona Rab Ate Bibeki Sikh

ਕੋਰੋਨਾ, ਰੱਬ ਅਤੇ ਬਿਬੇਕੀ ਸਿੱਖ

ਚੀਨ ਦੇ ਵੂਹਨ ਸ਼ਹਿਰ ਵਿਚ ਸ਼ੁਰੂ ਹੋਈ ਨਮੂਨੀਆ ਵਰਗੀ ਬਿਮਾਰੀ, ਜੋ ਪਿਛਲੇ ਸਾਲ ਦੇ ਅਖ਼ੀਰ ਵਿਚ ਸ਼ੁਰੂ ਹੋਈ ਤੇ ਅੱਜਕਲ੍ਹ ਕੋਰੋਨਾ ਵਾਇਰਸ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇ ਨਾਲ ਦੁਨੀਆਂ ਭਰ ਵਿਚ ਹੁਣ ਤੱਕ ੩੩੪,੯੮੧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ ੧੪,੬੫੨ ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ । ਇਹ ਬਿਮਾਰੀ ਚੀਨ ਵਿਚ ਸਮੁੰਦਰੀ ਜੀਵ ਖਾਣ ਕਰਕੇ ਪੈਦਾ ਹੋਈ ਮੰਨੀ ਜਾ ਰਹੀ ਹੈ । ਸ਼ਾਕਾਹਾਰੀ ਭੋਜਨ ਖਾਣ ਵਾਲਿਆਂ ਵਿਚ ਇਕ ਖ਼ੁਸ਼ੀ ਦੀ ਲਹਿਰ ਵੀ ਹੈ, ਪਰ ਇਹ ਬਿਮਾਰੀ ਲਾਗ ਦੀ ਬਿਮਾਰੀ ਹੈ । ਭਾਵ ਜੇਕਰ ਤੁਸੀਂ ਮਾਸ-ਮੱਛੀ ਨਹੀਂ ਵੀ ਖਾਂਦੇ ਤਾਂ ਵੀ ਕਿਸੇ ਬਿਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਤੁਹਾਨੂੰ ਇਹ ਬਿਮਾਰੀ ਲੱਗ ਸਕਦੀ ਹੈ ।
ਸਭ ਤੋਂ ਵੱਧ ਮੌਤਾਂ ਇਟਲੀ ਦੇ ਵਿਚ ਹੋਈਆਂ ਹਨ – ੫,੪੭੬ । ਇਹ ਚੀਨ (੩,੨੭੬) ਤੋਂ ਵੀ ਵੱਧ ਹਨ ਜਿਥੇ ਇਸ ਬਿਮਾਰੀ ਦੀ ਸ਼ੁਰੂਆਤ ਹੋਈ ਸੀ । ਦੁਨੀਆਂ ਦੇ ਕਈ ਦੇਸ਼ਾਂ[1] ਦੇ ਸੂਬਿਆਂ ਦੇ ਵਿਚ ਤਾਲਾਬੰਦੀ ਕਰ ਦਿੱਤੀ ਗਈ ਹੈ ਤਾਂ ਜੋ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ । ਸ਼ਾਇਦ ਆਉਣ ਵਾਲੇ ਸਮੇਂ ਦੇ ਵਿਚ ਇਹ ਹੋਰ ਭਿਅੰਕਰ ਹੋ ਜਾਵੇ । ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨੇ ਬਹੁਤ ਸਾਰਾ ਪੈਸਾ ਅਲੱਗ ਕਰ ਰੱਖਿਆ ਹੈ ਜੋ ਲੋਕਾਂ ਤੇ ਲਗਾਇਆ ਜਾਵੇਗਾ । ਇਹ ਹਦਾਇਤਾਂ ਵੀ ਕਰ ਦਿੱਤੀਆਂ ਹਨ ਕਿ ਲੋਕ ਆਪਣੇ ਘਰਾਂ ਤੋਂ ਕੰਮ ਕਰਨ ਤੇ ਵੱਧ ਤੋਂ ਵੱਧ ਘਰ ਰਹਿਣ, ਸਿਰਫ਼ ਜਦੋਂ ਜ਼ਰੂਰਤ ਹੈ ਓਦੋਂ ਹੀ ਬਾਹਰ ਨਿਕਲਣ । ਪਰ ਜੋ ਸਟੋਰਾਂ ਜਾਂ ਫਿਰ ਕਾਰਖ਼ਾਨਿਆਂ ਦੇ ਵਿਚ ਲੱਗੇ ਹੋਏ ਹਨ ਉਨ੍ਹਾਂ ਲਈ ਇਹ ਕਿਸੇ ਮੁਸੀਬਤ ਤੋਂ ਘੱਟ ਨਹੀਂ, ਖ਼ਾਸ ਕਰਕੇ ਪੰਜਾਬ ਦੇ ਵਿਚ ਜੋ ਲੋਕ ਰਿਕਸ਼ਾ ਵਗੈਰਾ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਉਨ੍ਹਾਂ ਲਈ ਤਾਂ ਭੁੱਖੇ ਮਰਨ ਵਾਲੇ ਹਾਲਾਤ ਬਣ ਸਕਦੇ ਹਨ ।
ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਬਿਮਾਰੀ ਨੂੰ ਰੋਕਣ ਦੇ ਲਈ ੨੧ ਦਿਨਾਂ ਦੀ ਤਾਲਾਬੰਦੀ ਦਾ ਫ਼ੁਰਮਾਣ ਜਾਰੀ ਕੀਤਾ ਹੈ । ਸਭ ਲੋਕਾਂ ਨੂੰ ਇਸ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਜਿੰਨਾਂ ਹੋ ਸਕੇ ਘਰੇ ਰਹਿਣਾ ਚਾਹੀਦਾ ਹੈ । ਬਸ ਅਣਸਰਦੇ ਨੂੰ ਹੀ ਬਾਹਰ ਜਾਉ, ਜਦੋਂ ਰਸਦ-ਪਾਣੀ ਲੈਣ ਜਾਣਾ ਹੋਵੇ । ਸ਼ਾਇਦ ਇਹ ੧੯੪੭ ਦੀ ਭਾਰਤ ਵੰਡ ਤੋਂ ਪਹਿਲਾਂ ਅਜਿਹਾ ਮੌਕਾ ਹੋਵੇਗਾ ਜਦ ਪੂਰੇ ਦੇਸ਼ ਨੂੰ ਹੀ ਬੰਦ ਕਰ ਦਿੱਤਾ ਗਿਆ ਹੈ । ਤਾਲਾਬੰਦੀ ਤੇ ਸਰਹੱਦ-ਸੀਲ ਤਾਂ ਰਾਜਾਂ ਦੇ ਵਿਚ ਕਈ ਵਾਰੀ ਹੋ ਚੁੱਕੀ ਹੈ ਜਿਥੇ-ਕਿਤੇ ਵੀ ਹਥਿਆਰਬੰਦ ਸੰਘਰਸ਼ ਹੋਇਆ । ਪਰ ਪੂਰੇ ਦੇਸ਼ ਵਿਚ ਸ਼ਾਇਦ ਨਹੀਂ ।
ਕਈ ਲੋਕ ਇਸ ਵਾਇਰਸ ਨੂੰ ਪ੍ਰਯੋਗਸ਼ਾਲਾਵਾਂ ਦੀ ਦੇਣ ਦੱਸ ਰਹੇ ਹਨ ਤੇ ਉਂਗਲ ਸਿੱਧੀ ਚੀਨ ਤੇ ਕੀਤੀ ਜਾ ਰਹੀ ਹੈ । ਇਸ ਵਿਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਬਹੁਤ ਜ਼ਰੂਰੀ ਹੈ ।

ਰੱਬ ਨੇ ਇਹ ਕਰਤਾ ਓਹ ਕਰਤਾ ਤੇ ਸਿੱਖੀ
ਕਾਮਰੇਡੀ ਤੇ ਨਾਸਤਿਕ ਵਿਚਾਰਧਾਰਾਵਾਂ ਨਾਲ ਸੰਬੰਧਿਤ ਕਈ ਲੋਕਾਂ ਤੇ ਇਸ ਘੜੀ ਵਿਚ ਰੱਬ ਨੂੰ ਵੀ ਵਿੱਚੇ ਘਸੀਟ ਲਿਆਂਦਾ ਹੈ । ਜਿਵੇਂ ਕਿ ਹਰ ਇਕ ਦੁੱਖ ਦੀ ਘੜੀ ਦੇ ਵਿਚ ਰੱਬ ਯਾਦ ਆ ਜਾਂਦਾ ਹੈ ਨਾਸਤਿਕਾਂ ਨੂੰ, ਉਸੇ ਤਰ੍ਹਾਂ ਹੁਣ ਵੀ ਉਹ ਰੱਬ ਦੀ ਹੋਂਦ ਤੋਂ ਮੁਨਕਰ ਹੋ ਕਰ ਡਾਕਟਰਾਂ ਦੀ ਵਡਿਆਈ ਦੇ ਵਿਚ ਲੱਗੇ ਹੋਏ ਨੇ । ਫ਼ੇਸਬੁੱਕ ਤੇ ਕਈ ਖ਼ਾਤੇ ਅਜਿਹੇ ਦੇਖੇ ਨੇ ਜਿਸ ਵਿਚ ਸਿੱਖੀ ਸਰੂਪਾਂ ਵਾਲੇ ਨੌਜਵਾਨ ਵੀ ਅਜਿਹੀਆਂ ਗੱਲਾਂ ਕਰ ਰਹੇ ਨੇ । ਕਈ ਇਸ ਨੂੰ ਨਕਾਰ ਵੀ ਦੇਣ ਕਿ ਇਹ ਜਾਅਲੀ ਖ਼ਾਤੇ ਹੋਣਗੇ । ਪਰ ਮੈਂ ਇਸ ਤੋਂ ਮੁਨਕਰ ਨਹੀਂ ਹੋਣਾ ਚਾਹੁੰਦਾ ਕਿ ਨਾਸਤਿਕਪੁਣੇ ਵਾਲੇ ਵਿਚਾਰਾਂ ਦਾ ਜੋ ਪ੍ਰਚਾਰ[2] ਹੁਣ ਦੇ ਸਮੇਂ ਦੇ ਵਿਚ ਹੋ ਰਿਹਾ ਹੈ, ਸ਼ਾਇਦ ਹੀ ਕਿਸੇ ਹੋਰ ਸਮੇਂ ਦੇ ਵਿਚ ਹੋਇਆ ਹੋਵੇ ।
ਇਹ ਦੁੱਖਾਂ ਦਾ ਸਮਾਂ ਹੁੰਦਾ ਹੀ ਅਜਿਹਾ ਹੈ ਕਿ ਰੱਬ ਭੁੱਲ ਜਾਈਦਾ ਹੈ । ਜੋ ਚੀਜ਼ ਤੁਹਾਨੂੰ ਸਭ ਤੋਂ ਪਿਆਰੀ ਹੋਵੇ, ਜੋ ਇਨਸਾਨ ਤੁਹਾਨੂੰ ਸਭ ਤੋਂ ਪਿਆਰਾ ਹੋਵੇ, ਜੇਕਰ ਉਹ ਹੀ ਚੱਲ ਵਸੇ ਫਿਰ ਤਾਂ ਅੰਦਰੋਂ ਮਰਨ ਹੋ ਜਾਂਦਾ ਹੈ ਬੰਦੇ ਦਾ । ਫਿਰ ਰੱਬ ਨੂੰ ਕੋਸਣ ਤੋਂ ਬਿਨਾਂ ਕੁਝ ਰਹਿ ਨਹੀਂ ਜਾਂਦਾ । ਪਰ ਜਿਨ੍ਹਾਂ ਦਾ ਅਡੋਲ ਨਿਸ਼ਚਾ ਹੁੰਦਾ ਹੈ ਰੱਬ ਤੇ ਉਹ ਉਸ ਘੜੀ ਦੇ ਵਿਚ ਵੀ ਵਾਹਿਗੁਰੂ ਨੂੰ ਹੀ ਯਾਦ ਕਰਦੇ ਨੇ । ਕਈ ਅਡੋਲ ਨਿਸ਼ਚੇ ਵਾਲੇ ਸਿੱਖਾਂ ਨੇ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਕਰੀਏ ਇਸ ਔਖੀ ਘੜੀ ਦੇ ਵਿਚ, ਤੇ ਰੱਬ ਦੀ ਹੋਂਦ ਤੋਂ ਮੁਨਕਰ ਵਾਲਿਆਂ ਨੇ ਕਹਿ ਦਿੱਤਾ ਜੇ ਰੱਬ ਹੁੰਦਾ ਤਾਂ ਅਜਿਹਾ ਹੁੰਦਾ ਹੀ ਨਾ ਸੋ ਅਰਦਾਸ ਦਾ ਕੋਈ ਫ਼ਾਇਦਾ ਨਹੀਂ ਹੈ ।
ਮੈਂ ਬਲਿਹਾਰੇ ਜਾਨਾਂ ਉਸ ਸਿੱਖ ਤੋਂ ਜਿਸ ਨੇ ਆਪਣਾ ਬੰਦ-ਬੰਦ ਕਟਾ ਲਿਆ ਪਰ ਰੱਬ ਨੂੰ ਨੀ ਕੋਸਿਆ । ਜੋ ਚਰਖੜ੍ਹੀਆਂ ਤੇ ਚੜ੍ਹ ਗਏ, ਜੋ ਆਰਿਆਂ ਨਾਲ ਚੀਰੇ ਗਏ, ਜਿਨ੍ਹਾਂ ਨੂੰ ਗਰਮ ਪਾਣੀ ਦੇ ਵਿਚ ਉਬਾਲਿਆ ਗਿਆ, ਜਿਨ੍ਹਾਂ ਨੂੰ ਰੂੰ ਦੇ ਨਾਲ ਲਪੇਟ ਕੇ ਸਾੜਿਆ ਗਿਆ, ਜਿਨ੍ਹਾਂ ਨੇ ਧਰਮ ਹੇਠ ਸੀਸ ਦਿੱਤੇ, ਕੌਣ ਸਨ ਇਹ ਸਿੱਖ? ਕਿਉਂ ਨਹੀਂ ਇੰਨ੍ਹਾਂ ਦਾ ਭਰੋਸਾ ਡੋਲਿਆ? ਕਿਉਂ ਨਹੀਂ ਇਹ ਸਿਦਕ ਹਾਰੇ? ਉਹ ਮਾਵਾਂ ਜਿਨ੍ਹਾਂ ਨੇ ਆਪਣੇ ਛੋਟੇ-ਛੋਟੇ ਪੁੱਤਰਾਂ ਦੇ ਟੋਟੇ-ਟੋਟੇ ਕਰ ਕੇ ਹਾਰ ਬਣਾ ਕੇ ਆਪਣੇ ਗਲ੍ਹਾਂ ਦੇ ਵਿਚ ਪਵਾ ਲਏ, ਕੌਣ ਸਨ ਉਹ ਮਾਵਾਂ? ਸਿੱਖਾਂ ਦੇ ਪਹਿਲੇ ਸ਼ਹੀਦ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਭ ਸ਼ਕਤੀਆਂ ਨਾਲ ਭਰਪੂਰ, ਰੱਬ ਆਪ, ਚਾਹੁੰਦੇ ਤਾਂ ਅੱਖ ਝਪਕਣ ਤੋਂ ਪਹਿਲਾਂ ਹੀ ਸਭ ਨਾਸ਼ ਕਰ ਦਿੰਦੇ, ਪਰ ਨਹੀਂ ਭਾਣਾ ਮੰਨਣਾ ਸਿਖਾਇਆ ।
ਕਿੰਨੀਆਂ ਹੀ ਉਦਾਹਰਣਾਂ ਹਨ ਆਪਣੇ ਕੋਲ । ਕੀ ਆਪਾਂ ਬਸ ਇਹ ਹੀ ਸਿੱਖਦੇ ਹਾਂ ਕਿ ਸ਼ਹੀਦਾਂ ਦੇ ਨਾਂ ਕੀ ਸਨ ਜਾਂ ਸ਼ਹੀਦੀ ਕਿਵੇਂ ਹੋਈ? ਕੀ ਆਪਾਂ ਇਹ ਕਦੇ ਨਹੀਂ ਸਿੱਖਿਆ ਕਿ ਭਾਣਾ ਕਿਵੇਂ ਮੰਨੀਦਾ ਵਾ? ਕਿਉਂ ਇਹ ਤੱਤੀਆਂ ਹਵਾਵਾਂ ਆਪਾਂ ਨੂੰ ਹਲਾ ਜਾਂਦੀਆਂ ਹਨ? ਖ਼ਾਲਸਾ ਕੋਈ ਘਿਉ ਦੇ ਪੀਪੇ ਦੀ ਤਰ੍ਹਾਂ ਨਹੀਂ ਕਿ ਥੋੜ੍ਹੀ ਜੀ ਗਰਮੀ ਹੋਗੀ ਤਾਂ ਪਿਘਲ ਗਿਆ, ਠੰਢ ਪੈ ਗਈ ਤਾਂ ਸਖ਼ਤ ਹੋ ਗਿਆ । ਆਪਣਾ ਤਾਂ ਇਤਿਹਾਸ ਹੀ ਅਜਿਹਾ ਹੈ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿ ਡੋਲ ਜੀਏ । ਹਾਂ, ਪਰਮਾਤਮਾ ਕੀ ਚਾਹੁੰਦਾ ਹੈ ਇਹ ਨਹੀਂ ਪਤਾ । ਪਰ ਖ਼ਾਲਸਾ ਕਦੇ ਢਹਿੰਦੀਆਂ ਕਲਾ ਵਿਚ ਨਹੀਂ ਹੁੰਦਾ । ਫਿਰ ਕੀ ਹੋ ਗਿਆ ਹੈ ਸਾਨੂੰ ਕਿ ਅਸੀਂ ਨਾਸਤਕਪੁਣੇ ਵੱਲ ਝੁਕ ਗਏ ਹਾਂ? ਕੀ ਆਪਾਂ ਨੂੰ ਕੁਝ ਵੀ ਯਾਦ ਨਹੀਂ ਆਪਣੇ ਇਤਿਹਾਸ ਦਾ? ਬਸ ਵਾਇਰਸ ਆ ਗਿਆ, ਕੁਝ ਲੋਕਾਂ ਦੀ ਮੌਤ ਹੋ ਗਈ, ਤੇ ਆਪਾਂ ਡੋਲ ਗਏ? ਤੁਹਾਨੂੰ ੧੯੮੪ ਦਾ ਘੱਲੂਘਾਰਾ ਯਾਦ ਹੋਵੇਗਾ । ਸੋਚੋ ਜੇਕਰ ਉਸ ਸਮੇਂ ਤੇ ਡੋਲਣ ਵਾਲੇ ਸਿੱਖ ਹੁੰਦੇ ਤਾਂ ਬਸ ਹੱਥ ਤੇ ਹੱਥ ਧਰ ਰੱਬ ਨੂੰ ਕੋਸਣ ਲੱਗ ਜਾਂਦੇ । ਪਰ ਅਜਿਹਾ ਨਹੀਂ ਹੋਇਆ ।
ਸਿੱਖੀ ਇਹ ਜ਼ਰੂਰ ਸਿਖਾਉਂਦੀ ਹੈ ਕਿ ਜੀਵਣ ਜਿਉਣਾ ਕਿਵੇਂ ਹੈ । ਪਰ ਇਹ ਵੀ ਦੱਸਦੀ ਹੈ ਕਿ ਮਰਨਾ ਕਿਵੇਂ ਹੈ । ਸਿੱਖਾਂ ਨੂੰ ਤਾਂ ਮਰਨ ਦਾ ਚਾਅ ਵੀ ਹੈ ।[3] ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਇਕ ਸਪੀਚ ਦੇ ਵਿਚ ਇਹ ਵੀ ਸੁਣਿਆ ਸੀ ਕਿ ਅਖੇ ਕਿਸੇ ਨੇ ਕਹਿਤਾ ਕਿ ਭਾਈ ਤੇਰੇ ਕਿਸੇ ਕਰੀਬੀ ਨੂੰ ਮਾਰ ਦਿਆਂਗੇ, ਸੰਤਾਂ ਨੇ ਕਿਹਾ ਸੀ ਕਿ ਪੰਜ ਜੈਕਾਰੇ ਛੱਡਾਂਗਾ ਜੇ ਅਜਿਹਾ ਹੋਇਆ ਤਾਂ । ਇਹ ਸੀ ਸਿੱਖੀ । ਜਿਉਣਾ ਤਾਂ ਪਰਮਾਤਮਾ ਦੀ ਬੰਦਗੀ ਦੇ ਲਈ, ਜ਼ੁਲਮ ਦੇ ਖ਼ਿਲਾਫ਼ ਲੜਨ ਦੇ ਲਈ, ਮਰ ਵੀ ਗਏ ਤਾਂ ਕੋਈ ਅਫ਼ਸੋਸ ਨਹੀਂ । ਦੁਨੀਆਂ ਤੇ ਆਏ ਹੀ ਮਰਨ ਲਿਖਾਕੇ ਸੀ[4] । ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਸਿੱਖ ਓਦੋਂ ਅਡੋਲ ਰਹੇ, ਤੇ ਆਪਾਂ ਕੂਲੇ-ਕੂਲੇ ਗੱਦਿਆਂ ਤੇ ਬੈਠੇ ਹੀ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਾਂ ।
ਕਿਵੇਂ ਬਚੀਏ ਫਿਰ? ਕਿਵੇਂ ਅਡੋਲ ਰਹੀਏ? ਬਸ ਅਰਦਾਸ ਕਰੋ ਮਹਾਰਾਜ ਅੱਗੇ ਕਿ ਆਪਣੇ ਅੰਗ-ਸੰਗ ਰੱਖਣ । ਬਿਨਾਂ ਉਸ ਤੋਂ ਹੋਰ ਕੁਝ ਨਹੀਂ ਹੈ । ਜਿੱਦਾਂ ਪੁਰਾਣੇ ਸਿੱਖ ਹੁੰਦੇ ਸਨ, ਰਹਿਣੀ-ਬਹਿਣੀ ਦੇ ਪੱਕੇ, ਅਸੀਂ ਵੀ ਉਸ ਤਰ੍ਹਾਂ ਦੇ ਬਣੀਏ ।

ਬਿਬੇਕੀ ਸਿੱਖ
ਕੁਝ ਸਮੇਂ ਤੋਂ ਬਿਬੇਕੀ ਸਿੱਖਾਂ ਬਾਰੇ ਵੀ ਖੁਲ੍ਹ ਕੇ ਵਿਚਾਰ ਹੋਈ ਹੈ, ਖ਼ਾਸ ਕਰ ਕੋਰੋਨਾ ਵਾਇਰਸ ਕਰਕੇ । ਬਹੁਤੇ ਲੋਕਾਂ ਨੂੰ ਨੇਮਾਂ ਦਾ ਪਤਾ ਹੋਵੇਗਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਕੀ ਕਰਨਾ ਹੈ । ਉਨ੍ਹਾਂ ਵਿਚ ਕਈ ਅਸੂਲ ਹੁੰਦੇ ਹਨ ਜੋ ਕਈਆਂ ਨੂੰ ਨਹੀਂ ਪਤਾ ਹੁੰਦੇ । ਇਨ੍ਹਾਂ 'ਚੋਂ ਇਕ ਹੁੰਦਾ ਹੈ ਬਿਬੇਕ ਰੱਖਣਾ, ਭਾਵ ਆਪਣਾ ਖਾਣਾ-ਪੀਣਾ ਸਹੀ ਰੱਖਣਾ ।
ਇਸ ਵਿਚ ਕਈ ਅਸੂਲ ਆ ਜਾਂਦੇ ਨੇ, ਜਿਵੇਂ ਹੱਥ ਧੋਣੇ ਰੋਟੀ ਬਣਾਉਣ ਤੋਂ ਪਹਿਲਾਂ, ਟੂਟੀਆਂ ਸਾਫ਼ ਕਰਕੇ ਪਾਣੀ ਪੀਣਾ, ਬਾਹਰੋਂ ਦੁਕਾਨਾਂ ਤੋਂ ਕੁਝ ਨਹੀਂ ਖਾਣਾ, ਇਤਿਆਦਿ । ਕਈ ਸਿੱਖ ਅਜੇ ਵੀ ਆਪਣੇ ਘਰਾਂ ਦੇ ਵਿਚ ਰੇਤੇ ਨਾਲ ਭਾਂਡੇ ਮਾਂਜਦੇ ਹਨ ਤੇ ਟੂਟੀਆਂ ਵੀ । ਮੇਰੇ ਵਰਗੇ ਹਜੇ ਸਾਬਣ ਨਾਲ ਕੰਮ ਚਲਾਉਂਦੇ ਹਨ । ਮੈਨੂੰ ਯਾਦ ਹੈ ਮੇਰੇ ਕਈ ਦੋਸਤਾਂ ਨੇ ਕਿਹਾ ਸੀ ਕਿ ਇਹ ਸਭ ਵਹਿਮ ਹੁੰਦਾ ਇੰਝ ਨਹੀਂ ਕਰਨਾ ਚਾਹੀਦਾ । ਯਾ ਕਈ ਇਸਨੂੰ ਪਾਖੰਡ ਵੀ ਕਹਿ ਦਿੰਦੇ ਹਨ । ਉਨ੍ਹਾਂ ਨੂੰ ਬਸ ਸਤਿ-ਸ੍ਰੀ-ਅਕਾਲ ਬੁਲਾ ਕੇ ਅੱਗੇ ਚੱਲੋ ।
ਹੁਣ ਜਦੋਂ ਕੋਰੋਨਾ ਨੇ ਚਾਰ-ਸੁਫੇਰਿਓ ਘੇਰ ਲਿਆ ਹੈ, ਹੁਣ ਸਭ ਆਪਣੇ ਹੱਥ ੧੦-੧੦ ਵਾਰੀ ਧੋਂਦੇ ਹਨ, ਟੂਟੀਆਂ ਵੀ ਮਾਂਜਦੇ ਹਨ । ਹੋਰ ਤਾਂ ਹੋਰ ਦਰਵਾਜ਼ਿਆਂ ਦੇ ਹੈਂਡਲ ਵੀ ਦਵਾਈ ਮਾਰਕੇ ਸਾਫ਼ ਕਰਦੇ ਨੇ । ਬਾਹਰੋਂ ਰੋਟੀ ਖਾਣੀ ਸਾਰੇ ਬੰਦ ਕਰੀ ਜਾਂਦੇ ਨੇ । ਜੇਕਰ ਸਿੱਖ ਬਿਬੇਕ ਕਹਿ ਕੇ ਜਾਂ ਗੁਰੂ ਦੇ ਅਸੂਲ ਕਹਿਕੇ ਇਹ ਸਭ ਕਰਦਾ ਹੈ ਤਾਂ ਉਹ ਪਾਖੰਡੀ ਬਣ ਜਾਂਦਾ ਹੈ, ਜੇਕਰ ਕੋਈ ਡਾਕਟਰ ਕਹਿ ਦੇਵੇ ਜਾਂ ਜੇਕਰ ਸੂਖ਼ਮਜੀਵਾਂ (ਜਰਮਸ) ਕਰਕੇ ਇਹ ਦੇਖਿਆ ਜਾਵੇ ਤਾਂ ਸਭ ਸਹੀ ਹੈ । ਕਹਿਣ ਦਾ ਭਾਵ ਆਪ ਰਹਿਤ ਨਹੀਂ ਰੱਖਣੀ ਤੇ ਜੇ ਦੂਜੇ ਨੇ ਰੱਖ ਲਈ ਫਿਰ ਕਹਿਣਾ ਕਿ ਤੂੰ ਕਿਉਂ ਰੱਖੀ ਹੈ । ਇਹ ਹਾਲ ਹੈ ਲੋਕਾਂ ਦਾ ।


[1] ਇੰਗਲੈਂਡ, ਇਟਲੀ, ਡੈੱਨਮਾਰਕ, ਭਾਰਤ, ਚੀਨ, ਫ਼ਰਾਂਸ, ਅਮਰੀਕਾ, ਇਤਿਆਦਿ ।
[2] ਇਸ ਵਿਚ ਢੱਡਰੀਆਂ ਵਾਲੇ ਦਾ ਨਾਂ ਚੋਟੀ ਤੇ ਹੈ, ਜਿਸਨੇ ਸਾਇੰਸ-ਸਾਇੰਸ ਦਾ ਰਾਗ ਅਲਾਪ ਦੇ ਕੁਦਰਤ ਨੂੰ ਹੀ ਰੱਬ ਬਣਾ ਦਿੱਤਾ ਹੈ । ਇਸ ਨੂੰ ਸੁਨਣ ਵਾਲਿਆਂ ਤੇ ਇਸ ਮੂਰਖ਼ ਦਾ ਬਹੁਤ ਪ੍ਰਭਾਵ ਹੈ । ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸਨੂੰ ਸੁਨਣ ਵਾਲੇ ਹੀ ਰੱਬ ਤੇ ਉਂਗਲ ਚੁੱਕਣ ਤੇ ਲੱਗੇ ਹੋਏ ਨੇ ।
[3] ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥ – ਅੰਗ ੧੩੬੭
[4] ਮਰਣੁ ਲਿਖਾਇ ਮੰਡਲ ਮਹਿ ਆਏ ॥ – ਅੰਗ ੬੮੫

1 comment:

Popular posts