ਜਲੰਧਰ ਜਿਮਣੀ ਚੋਣਾਂ ਦੇ ਨਤੀਜੇ ਆਏ ਨੂੰ ਕਾਫ਼ੀ ਦਿਨ ਹੋ ਗਏ ਨੇ । ਕਾਂਗਰਸ ਦੇ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਹ ਜਿਮਣੀ ਚੋਣਾਂ ਹੋਈਆਂ, ਜਿਸ ਵਿਚ ਕਾਂਗਰਸ ਵਿਚੋਂ ‘ਆਪ’ ਵਿਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਹੋਈ । ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਰਿਹਾ ਅਤੇ ਕਾਂਗਰਸ ਦੂਜੇ ਤੇ । ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦੇ ਜਿੱਤਣ ਦੇ ਕੋਈ ਆਸਾਰ ਨਹੀਂ ਸਨ । 1996 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਜਲੰਧਰ ਲੋਕ ਸਭਾ ਚੋਣ ਨਹੀਂ ਜਿੱਤੀ । ਪੰਜਾਬ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰ ਹੋਣ ਤੋਂ ਬਾਅਦ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਕਿ ਉਹ ਪਾਰਟੀ ਨੂੰ ਜਿਤਾ ਸਕੇ । ਆਮ ਸਿੱਖਾਂ ਦੇ ਮਨਾਂ ਦੇ ਵਿਚ ਬਾਦਲ ਪਰਿਵਾਰ ਲਈ ਕੋਈ ਜ਼ਿਆਦਾ ਇੱਜ਼ਤ ਨਹੀਂ ਰਹੀ, ਖਾਸ ਕਰ ਨੌਜਵਾਨਾਂ ਦੇ ਵਿਚ । ਇਕੋ-ਇਕ ਤਰੀਕਾ ਜੋ ਪਾਰਟੀ ਨੂੰ ਲੀਹਾਂ ਤੇ ਲੈ ਕੇ ਆ ਸਕਦਾ ਹੈ ਉਹ ਇਹ ਕਿ ਸੁਖਬੀਰ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ ਤੇ ਕੋਈ ਬਾਦਲ ਪਰਿਵਾਰ ਤੋਂ ਬਾਹਰਲਾ ਬੰਦਾ ਪ੍ਰਧਾਨ ਬਣਾਏ ਅਤੇ ਆਪਣੇ ਪੁੱਤ ਨੂੰ ਪਾਰਟੀ ਦਾ ਹਿੱਸਾ ਨਾ ਬਣਾਏ ।
ਖ਼ੈਰ ਸਾਰਿਆਂ ਨੂੰ ਇੰਝ ਲੱਗਦਾ ਸੀ ਚਾਹੇ ਕੋਈ ਵੀ ਜਿੱਤੇ ਪਰ ‘ਆਪ’ ਨਾ ਜਿੱਤੇ । ਜਿਵੇਂ ਸੰਗਰੂਰ ਵਿਚ ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਜਦ ਚੋਣਾਂ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕੀਤੀ । ਚਾਹੇ ਇਹ ਜਿੱਤ ਸਿਰਫ਼ ਕੁਝ ਛੇ ਕੁ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਸੀ । ਜਿੱਤ ਦਾ ਕਾਰਣ ‘ਆਪ’ ਸਰਕਾਰ ਦੇ ਸਮੇਂ ਸਿੱਧੂ ਮੂਸੇਵਾਲੇ ਦੀ ਹੱਤਿਆ ਸਮਝੀ ਗਈ, ਜਦੋਂ ਉਸਨੂੰ ਦਿਨ-ਦਿਹਾੜੇ ਜਵਾਹਰਕੇ ਦੇ ਪਿੰਡ ਦੇ ਵਿਚ ਗੈਂਗਸਟਰਾਂ ਨੇ ਘੇਰ ਕੇ ਗੋਲੀਆਂ ਮਾਰ ਦਿੱਤੀਆਂ । ਇਹ ਵੀ ਕਿਹਾ ਗਿਆ ਕਿ ਜਦ ਉਸਦੇ ਅੰਗ-ਰੱਖਿਅਕ ਹਟਾਉਣ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਖ਼ਬਰਾਂ ਦੇ ਵਿਚ ਫੈਲੀ ਤਾਂ ਉਸਨੂੰ ਮਾਰਨ ਵਾਲੇ ਲੋਕਾਂ ਨੇ ਜਲਦੀ ਨਾਲ ਤਰਕੀਬ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ । ਆਪ ਦੇ ਲੋਕਾਂ ਅਤੇ ਸਲਾਹਕਾਰ ਬਣੇ ਪੱਤਰਕਾਰ ਨੇ ਸੀਨਾ ਚੌੜਾ ਕਰ-ਕਰ ਕੇ ਇਹ ਖ਼ਬਰਾਂ ਸੋਸ਼ਲ ਮੀਡੀਏ ਤੇ ਪਾਈਆਂ ।
ਇਹ ਜੋ ਹਾਰ ਸੀ ਸੰਗਰੂਰ ਦੀ, ਇਹੀ ਹਾਰ ਲੋਕ ਸੋਚ ਰਹੇ ਸੀ ਜਲੰਧਰ ਦੀ । ਪਰ ਅਜਿਹਾ ਨਹੀਂ ਹੋਇਆ । ਕੀ ਇਸਦਾ ਕਾਰਣ ਇਹ ਸੀ ਕਿ ਲੋਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹੁਣ ਭੁੱਲ ਗਏ ਨੇ ? ਜਾਂ ਇਹ ਕਿ ਜਲੰਧਰ ਦੇ ਵਿਚ ਹਿੰਦੂਆਂ ਦਾ ਬੋਲ-ਬਾਲਾ ਹੈ ? ਮੈਨੂੰ ਨੀ ਲੱਗਦਾ ਕਿ ਇਸਦਾ ਇਨ੍ਹਾਂ ਦੋਨਾਂ ਦਾ ਸੰਬੰਧ ਹੈ । ਫਿਰ ਕੀ ਕਾਰਣ ਹੋ ਸਕਦਾ ਹੈ ?
ਕਈ ਸ਼ਾਇਦ ਇਸਨੂੰ ਇਸ ਤਰੀਕੇ ਨਾਲ ਦੇਖਣ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਗ੍ਰਿਫ਼ਤਾਰੀ ਕਰਕੇ ਪੰਜਾਬ ਸਰਕਾਰ ਨੇ ਇਹ ਲਾਹਾ ਖੱਟਿਆ । ਪਰ ਜੇ ਇਹ ਗੱਲ ਹੁੰਦੀ ਤਾਂ ਇਸ ਵਿਚ ਭਾਜਪਾ ਦੀ ਜਿੱਤ ਹੋਣੀ ਸੀ ਕਿਉਂਕਿ ਕੇਂਦਰ ਸਰਕਾਰ, ਜੋ ਕਿ ਭਾਜਪਾ ਦੀ ਹੈ, ਨੇ ਇਸ ਵਿਚ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਮਦਦ ਕੀਤੀ ਸੀ । ਪਰ ਭਾਜਪਾ ਤਾਂ ਚੌਥੇ ਨੰਬਰ ਤੇ ਰਹੀ ਸੀ ਜਲੰਧਰ ਦੀਆਂ ਜਿਮਣੀ ਚੋਣਾਂ ਦੇ ਵਿਚ ਅਤੇ ਉਨ੍ਹਾਂ ਦੀਆਂ ਵੋਟਾਂ ਜਿੱਤਣ ਵਾਲੇ ਤੋਂ ਅੱਧੀਆਂ ਵੀ ਨਹੀਂ ਸੀ । ਪਰ, ਹਾਂ, ਇਹ ਵੀ ਦੇਖਣ ਵਾਲੀ ਗੱਲ ਹੈ ਕਿ ਭਾਜਪਾ ਨੇ ਪਹਿਲੀ ਵਾਰ ਆਪਣਾ ਇਕੱਲਾ ਉਮੀਦਵਾਰ ਖੜਾ ਕੀਤਾ ਸੀ ਤੇ ਉਹ 15% ਵੋਟਾਂ ਲੈਣ ਵਿਚ ਸਫ਼ਲ ਹੋਇਆ । ਪਰ ਕੀ ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਵੇਂ 1984 ਦੀਆਂ ਚੋਣਾਂ ਵੇਲੇ ਇੰਦਰਾ ਗਾਂਧੀ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਾ ਕੇ ਆਪਣੀ ਜਿੱਤ ਪੱਕੀ ਕੀਤੀ ਗਈ ਸੀ, ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜ੍ਹ ਕੇ, ਸਿੱਖਾਂ ਦੇ ਖ਼ਿਲਾਫ਼ ਬਿਰਤਾਂਤ ਸਿਰਜ ਕੇ, ‘ਆਪ’ ਸਰਕਾਰ ਨੇ ਵੀ ਉਵੇਂ ਹੀ ਕੀਤਾ ਹੈ ?
ਸ਼ਾਇਦ ਹੋ ਸਕਦਾ ਹੈ ।
ਪਰ ਇਕ ਗੱਲ ਪੱਕੀ ਹੈ, ਜਿਸ ਤਰ੍ਹਾਂ ਦੀ ਹਵਾ ਪੰਜਾਬ 2022 ਚੋਣਾਂ ਵੇਲੇ ਸੀ ‘ਆਪ’ ਵੱਲ, ਉਹ ਉਵੇਂ ਨਹੀਂ ਰਹੀ । ਇਹ ਥਾਂ-ਥਾਂ ਪ੍ਰਦਰਸ਼ਨ ਵਿਚ ਦੇਖਿਆ ਜਾ ਸਕਦਾ ਹੈ । ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੀ ਦੱਸਣਗੀਆਂ ਕਿ ਇਸ ਵਿਰੋਧ ਦਾ ਵੋਟਾਂ ਤੇ ਕਿੰਨਾ ਕੁ ਅਸਰ ਪੈਂਦਾ ਹੈ ।
No comments:
Post a Comment