ਭੁੱਖੇ ਮਰਦੇ ਲੋਕ
ਗੁਰਮੇਲ ਕੌਰ ਦੀ ਉਮਰ ਕੋਈ ੭੦ ਕੁ ਸਾਲਾਂ ਦੀ ਹੋਵੇਗੀ । ਬੁੱਢੜੀ ਉਮਰ ਦੇ ਵਿਚ ਉਸ ਨੇ ਬਹੁਤ ਕੁਝ ਦੇਖ ਲਿਆ ਸੀ । ਸੱਚ ਤਾਂ ਇਹ ਹੈ ਕਿ ਸਾਰੀ ਉਮਰ ਹੀ ਸੰਘਰਸ਼ ਦੇ ਵਿਚ ਬੀਤੀ ਸੀ । ੧੦ ਸਾਲ ਪਹਿਲਾਂ ਪਤੀ ਗੱਜਣ ਸਿੰਘ ਗੁਜ਼ਰ ਗਿਆ, ਫਿਰ ਦੋ ਪੁੱਤਾਂ ਨੇ ਵੀ ਸਾਰ ਲੈਣੀ ਬੰਦ ਕਰ ਦਿੱਤੀ । ਆਪਣੇ ਭਾਗਾਂ ਦਾ ਲਿਖਿਆ ਉਸਨੂੰ ਚੰਗਾ ਵੀ ਨੀ ਲੱਗਦਾ ਸੀ ਤੇ ਮਾੜਾ ਵੀ ਨਹੀਂ । ਰੋਟੀ ਟੁੱਕ ਮਿਲ ਜਾਂਦਾ ਸੀ ਉਸਨੂੰ ਸਵੇਰੇ ਸ਼ਾਮ । ਦੁਪਹਿਰ ਦੀ ਰੋਟੀ ਬੰਦ ਕੀਤੀ ਹੋਈ ਨੂੰ ਤਾਂ ਬਹੁਤ ਵਕਤ ਬੀਤ ਗਿਆ ਸੀ । ਪਤੀ ਦੇ ਮਰਨ ਦੇ ੫ ਸਾਲ ਪਿਛੋਂ, ਉਸਦੇ ਪੁੱਤਰ ਉਸਨੂੰ ਉਸਦੇ ਹਾਲ ਤੇ ਛੱਡ ਕੇ ਸ਼ਹਿਰ ਨੂੰ ਚਲੇ ਗਏ । ਉਸਦੇ ਪੋਤੇ-ਪੋਤੀਆਂ ਨੇ ਰੁਕਣਾ ਵੀ ਚਾਹਿਆ, ਪਰ ਨੂੰਹਾਂ ਦੀ ਘੂਕ ਅੱਗੇ ਇਕ ਨਾ ਚੱਲੀ ।
ਪੈਨਸ਼ਨ ਨਾਲ ਹੀ ਉਸਦਾ ਕੰਮ ਚੱਲਦਾ ਸੀ । ਦਾਲ-ਰੋਟੀ ਉਹ ਆਪ ਬਣਾ ਲੈਂਦੀ ਸੀ । ਕਈ ਚੰਗੇ ਗੁਆਂਢੀ ਸਾਰ ਵੀ ਲੈ ਜਾਂਦੇ ਸਨ । ਫਿਰ ਸ਼ਾਮ ਨੂੰ ਉਸ ਦੀਆਂ ਦਰਾਣੀਆਂ-ਜੇਠਾਣੀਆਂ ਵੀ ਆ ਜਾਂਦੀਆਂ ਸਨ ਗੱਲਾਂ ਕਰਨ । ਇੰਝ ਹੀ ਕਈ ਸਾਲ ਬੀਤ ਗਏ ਦੁੱਖ-ਸੁੱਖ ਵੰਡਾਉਂਦੇ । ਉਸ ਦੀ ਸਭ ਤੋਂ ਛੋਟੀ ਦਰਾਣੀ ਨੇ ਕਿਹਾ ਵੀ ਸੀ ਕਿ ਉਹ ਉਨ੍ਹਾਂ ਕੋਲ ਆ ਸਕਦੀ ਹੈ । ਆਉਣਾ ਵੀ ਕੋਈ ਦੂਰ ਨਹੀਂ ਸੀ, ਦੋ ਘਰ ਛੱਡ ਕੇ ਉਨ੍ਹਾਂ ਦਾ ਘਰ ਸੀ । ਪਰ ਗੁਰਮੇਲ ਕੌਰ ਕਿਸੇ ਦਾ ਅਹਿਸਾਨ ਨਹੀਂ ਸੀ ਰੱਖਣਾ ਚਾਉਂਦੀ । ਜਦੋਂ ਉਸ ਦੀ ਖ਼ੁਦ ਦੀ ਸੰਤਾਨ ਨੇ ਉਸ ਨੂੰ ਨਹੀਂ ਸੰਭਾਲਿਆਂ ਤਾਂ ਫਿਰ ਉਹ ਹੋਰ ਕਿਸੇ ਕੋਲ ਜਾਣ ਲਈ ਵੀ ਝਿਜਕ ਦੀ ਸੀ ।
ਦੋ ਟਾਈਮ ਉਹ ਗੁਰਦੁਆਰਾ ਸਾਹਿਬ ਚਲੀ ਜਾਂਦੀ, ਸੇਵਾ ਕਰ ਲੈਂਦੀ ਝੱਟ ਕੁ, ਫਿਰ ਕੁਝ ਸਮਾਂ ਬੈਠ ਕੇ ਕਥਾ ਜਾਂ ਕੀਰਤਨ ਸੁਣ ਲੈਂਦੀ । ਗੁਰਮੇਲ ਕੌਰ ਕੋਈ ਪੜ੍ਹੀ ਲਿਖੀ ਨਹੀਂ ਸੀ । ਦੋ ਜਮਾਤਾਂ ਪੜ੍ਹ ਕੇ ਉਸ ਨੂੰ ਹਟਾ ਲਿਆ ਗਿਆ ਸੀ । ਉਹ ਬਾਣੀ ਵੀ ਨਹੀਂ ਪੜ੍ਹ ਸਕਦੀ ਸੀ । ਪਰ ਜਦੋਂ ਗੱਜਣ ਸਿੰਘ ਪਾਠ ਕਰਦਾ ਸੀ ਉਹ ਸੁਣਦੀ ਜ਼ਰੂਰ ਹੁੰਦੀ ਸੀ । ਉਸ ਦੇ ਸੁਣਨੇ ਕਰਕੇ ਉਸਨੂੰ ਕੁਝ ਕੁ ਜਪੁ ਜੀ ਸਾਹਿਬ ਦੀਆਂ ਪੌੜ੍ਹੀਆਂ ਕੰਠ ਵੀ ਹੋ ਗਈਆਂ ਸਨ, ਤੇ ਉਹ ਉਨ੍ਹਾਂ ਨੂੰ ਹੀ ਗਾਉਂਦੀ ਰਹਿੰਦੀ ।
ਕਾਫ਼ੀ ਸਾਲ ਬੀਤ ਗਏ । ਫਿਰ ਸਰਕਾਰਾਂ ਨੇ ਲੋਕਾਂ ਦਾ ਬਾਹਰ ਨਿਕਲਣਾ ਬੰਦ ਕਰ ਦਿੱਤਾ । ਗੁਰਮੇਲ ਕੌਰ ਨੇ ਇਹ ਕਹਿੰਦੇ ਹੋਏ ਸੁਣਿਆਂ ਸੀ ਕਿ ਕੋਈ ਲਾਗ ਦੀ ਬਿਮਾਰੀ ਚੱਲ ਰਹੀ ਹੈ । ਸਰਕਾਰ ਨੇ ਤਾਲਾਬੰਦੀ ਕਰ ਦਿੱਤੀ ਸੀ । ਗਲੀਆਂ ਸੁਨ-ਸਾਨ ਹੋ ਚੁੱਕੀਆਂ ਸਨ । ਨਾ ਬੰਦਾ ਤੇ ਨਾ ਬੰਦੇ ਦੀ ਜਾਤ ਦਿਸਦੀ ਸੀ । ਸ਼ਾਮ ਵੇਲੇ ਕਈ ਬੱਚੇ ਖੇਡਣ ਲਈ ਬਾਹਰ ਆ ਜਾਂਦੇ ਸਨ, ਪਰ ਹੁਣ ਤਾਂ ਉਹ ਵੀ ਨਹੀਂ ਹੁੰਦਾ ।
ਇਕ ਦਿਨ ਉਹ ਸਵੇਰੇ ਸੋਚਾਂ ਦੇ ਵਿਚ ਪੈ ਗਈ । ਉਸ ਦੇ ਘਰ ਦਾ ਰਾਸ਼ਨ ਖ਼ਤਮ ਹੋ ਗਿਆ ਸੀ । ਸਰਕਾਰ ਵੱਲੋਂ ਉਸਨੂੰ ਅੰਨ ਮਿਲ ਗਿਆ ਸੀ, ਪਰ ਉਹ ਬਹੁਤੀ ਦੇਰ ਨਹੀਂ ਚੱਲਿਆ । ਕਲ੍ਹ ਰਾਤ ਦੀ ਰੋਟੀ ਆਖ਼ਰੀ ਰੋਟੀ ਸੀ । ਅੱਜ ਸਵੇਰੇ ਉਸ ਨੇ ਆਪਣਾ ਪਾਣੀ ਨਾਲ ਹੀ ਗੁਜ਼ਾਰਾ ਕੀਤਾ । ਪਹਿਲਾਂ ਉਸਨੇ ਸੋਚਿਆ ਕਿ ਆਪਣੀ ਛੋਟੀ ਦਰਾਣੀ ਕੋਲੋਂ ਮੰਗ ਲਿਆਵਾਂ ਦੋ ਕੁ ਬਾਟੀ ਆਟਾ । ਲੂਣ ਭੁੱਕ ਕੇ ਖਾ ਲਵੇਗੀ । ਪਰ ਉਸ ਦਾ ਮਨ ਨਹੀਂ ਮੰਨਿਆਂ । ਉਸਦੀ ਦਰਾਣੀ ਦੇ ਘਰ ਕੋਈ ਪੈਸੇ ਵਾਲੇ ਦਰਖ਼ਤ ਨਹੀਂ ਲੱਗੇ ਸਨ । ਛੇ ਜੀਅ ਸਨ ਉਹ । ਪਹਿਲਾਂ ਹੀ ਹਾਲਤ ਖ਼ਸਤਾ ਸੀ ਉਨ੍ਹਾਂ ਦੀ । ਤੇ ਉਸ ਦੇ ਮੰਗਣ ਨਾਲ ਉਨ੍ਹਾਂ ਦੀ ਆਪਣੀ ਰਸਦ ਘੱਟ ਜਾਵੇਗੀ ।
ਗੁਰਮੇਲ ਕੌਰ ਨੂੰ ਇਹ ਵੀ ਪਤਾ ਸੀ ਕਿ ਉਹ ਜ਼ਿਆਦਾ ਦੇਰ ਭੁੱਖੀ ਨਹੀਂ ਰਹਿ ਸਕਦੀ । ਕਾਫ਼ੀ ਸੋਚ-ਵਿਚਾਰ ਪਿਛੋਂ ਉਹ ਆਪਣੇ ਘਰੋਂ ਬਾਹਰ ਨਿੱਕਲ ਗਈ । ਉਸਨੇ ਸੋਚਿਆ ਕਿ ਚੱਲ ਗੁਰਦੁਆਰਾ ਸਾਹਿਬ ਵਿਚ ਹੀ ਲੰਗਰ ਛੱਕ ਲਵੇਗੀ । ਗੁਰਦੁਆਰਾ ਸਾਹਿਬ ਕੁਝ ਪੰਦਰਾਂ-ਵੀਹਾਂ ਮਿੰਟਾਂ ਦਾ ਰਸਤਾ ਸੀ । ਅਜੇ ਗੁਰਦੁਆਰਾ ਸਾਹਿਬ ਬੰਦ ਨਹੀਂ ਕੀਤੇ ਸਨ ।
ਸੜਕਾਂ ਸੁੰਨੀਆਂ ਪਈਆਂ ਸਨ । ਦੂਰ-ਦੂਰ ਤੱਕ ਕੋਈ ਪੁਲਸ ਕਰਮੀ ਵੀ ਨਹੀਂ ਦਿੱਖ ਰਿਹਾ ਸੀ । ਚੱਲ ਇਹ ਚੰਗਾ ਹੋਇਆ ਨਹੀਂ ਤਾਂ ਖਾਹ-ਮੁ-ਖਾਹ ਉਨ੍ਹਾਂ ਨੇ ਰੋਕ ਲੈਣਾ ਸੀ । ਗੁਰਮੇਲ ਕੌਰ ਨੇ ਇਹ ਵੀ ਸੁਣਿਆ ਸੀ ਕਿ ਪੁਲਿਸ ਵਾਲੇ ਨੌਜਵਾਨਾਂ ਨੂੰ ਬਹੁਤ ਬੇਰਹਿਮੀ ਨਾਲ ਕੁੱਟ ਰਹੇ ਹਨ । ਜੋ ਵੀ ਘਰੋਂ ਬਾਹਰ ਨਿਕਲਿਆ, ਉਹ ਨੀਲ ਪਵਾ ਕੇ ਹੀ ਘਰ ਵਾਪਸ ਮੁੜਿਆ । ਸ਼ਾਇਦ ਜੇ ਕੋਈ ਪੁਲਸੀਆ ਟੱਕਰ ਵੀ ਗਿਆ ਤਾਂ ਉਸ ਦੀ ਉਮਰ ਦੇਖ ਕੇ ਲਿਹਾਜ਼ ਕਰ ਲਵੇ । ਉਹ ਤਾਂ ਅਰਦਾਸ ਹੀ ਕਰ ਸਕਦੀ ਸੀ । ਘਰੇ ਭੁੱਖੇ ਮਰਨ ਨਾਲੋਂ ਵਧੀਆ ਕੁਝ ਖਾ ਕਰ ਮਰਿਆ ਜਾਵੇ । ਭੁੱਖ ਨਾਲੋਂ ਤਾਂ ਮੌਤ ਹੀ ਚੰਗੀ ਹੈ ।
ਅਜੇ ਉਸਨੇ ਕੋਈ ਚਾਰ ਕੁ ਗਲੀਆਂ ਹੀ ਟੱਪੀਆਂ ਸਨ ਕਿ ਉਹ ਥੱਕ ਗਈ । ਗੁਰਦੁਆਰੇ ਅਜੇ ਵੀ ਕਾਫ਼ੀ ਦੂਰ ਸੀ । ਧੁੱਪ ਨੇ ਉਸ ਦੇ ਗਲਾ ਸੁਕਾ ਦਿੱਤਾ ਸੀ । ਇਕ ਥੜ੍ਹੀ ਦਿਸੀ ਉਸਨੂੰ ਜਿਸ ਤੇ ਦਰਖ਼ਤ ਦੀ ਛਾਂ ਪੈ ਰਹੀ ਸੀ । ਆਪਣੀ ਚੁੰਨੀ ਨਾਲ ਪਸੀਨਾ ਪੂੰਝਦੀ ਹੋਈ ਉਹ ਉੱਥੇ ਬੈਠ ਗਈ । ਉਸ ਵਿਚ ਹੁਣ ਚੱਲਣ ਦੀ ਸਮਰਥਾ ਨਹੀਂ ਬਚੀ ਸੀ । ਬੈਠੀ-ਬੈਠੀ ਆਪਣੇ ਆਪ ਨੂੰ ਕੋਸਣ ਲੱਗ ਗਈ ਕਿ ਬਾਹਰ ਨਹੀਂ ਨਿਕਲਣਾ ਚਾਹੀਦਾ ਸੀ । ਪਰ ਭੁੱਖ ਚੰਦਰੀ ਕਿੱਥੇ ਸੁਣਦੀ ਹੈ ਬਾਤਾਂ ।
ਰਾਤ ਦੀ ਸੋਚਾਂ ਤੇ ਹੁਣ ਵੇਲੇ ਦੀ ਭੁੱਖ ਨੇ ਉਸਨੂੰ ਉਸ ਘਰ ਦੀ ਘੰਟੀ ਮਾਰਨ ਲਈ ਮਜਬੂਰ ਕਰ ਦਿੱਤਾ ਜਿਨ੍ਹਾਂ ਦੀ ਥੜ੍ਹੀ ਤੇ ਉਹ ਬੈਠੀ ਸੀ ।
ਕੁਝ ਚਿਰ ਇੰਤਜ਼ਾਰ ਕਰਨ ਪਿੱਛੋਂ ਇਕ ਨੌਜਵਾਨ ਬਾਹਰ ਆਇਆ ।
"ਬੇਟਾ, ਕੁਝ ਖਾਣ ਨੂੰ ਮਿਲ ਜੂਗਾ? ਮੈਂ ਕਾਫ਼ੀ ਭੁੱਖੀ ਹਾਂ ।"
"ਹਾਂ ਮਾਤਾ ਬੈਠ ਏਥੇ, ਲਿਆ ਦਿੰਨਾਂ ਮੈਂ ।"
ਮਾਤਾ ਨੇ ਹੱਥ ਜੋੜ੍ਹ ਕੇ ਪਰਮਾਤਮਾ ਦਾ ਤੇ ਨੌਜਵਾਨ ਦਾ ਧੰਨਵਾਦ ਕੀਤਾ ।
ਪੰਜ ਕੁ ਮਿੰਟਾਂ ਬਾਅਦ ਉਹ ਨੌਜਵਾਨ ਸੱਤ-ਅੱਠ ਰੋਟੀਆਂ ਸਬਜ਼ੀ ਨਾਲ ਲੈ ਆਇਆ । ਗੁਰਮੇਲ ਕੌਰ ਨੇ ਉਸਦਾ ਧੰਨਵਾਦ ਕੀਤਾ, ਤੇ ਨਿਮਾਣੀ ਜੀ ਹੋ ਕੇ ਪੁੱਛਿਆ ਕਿ ਪਾਣੀ ਦਾ ਗਲਾਸ ਮਿਲ ਜਾਂਦਾ ਦਾ ਵਧੀਆ ਹੋ ਜਾਂਦਾ । ਨੌਜਵਾਨ ਆਪਣਾ ਸਿਰ ਹਾਂ ਵਿਚ ਮਾਰ ਕੇ ਅੰਦਰ ਵੱਗ ਗਿਆ । ਛੇਤੀ ਦੇਣੇ ਉਹ ਗਲਾਸ ਤੇ ਜੱਗ ਨਾਲ ਬਾਹਰ ਆਇਆ ।
ਗੁਰਮੇਲ ਕੌਰ ਨੇ ਨੌਜਵਾਨ ਤੋਂ ਗਲਾਸ ਫੜ੍ਹ ਕੇ ਠੰਢਾ ਪਾਣੀ ਪੀਤਾ । ਇਕ ਵਾਰੀ ਫੇਰ ਪਵਾਇਆ ਤੇ ਖਾਲੀ ਕੀਤਾ । ਨੌਜਵਾਨ ਨੂੰ ਅਸੀਸਾਂ ਦੇ ਕੇ ਗੁਰਮੇਲ ਕੌਰ ਆਪਣੇ ਘਰ ਵੱਲ ਨੂੰ ਹੋ ਤੁਰੀ ।