Sunday, June 23, 2019

ਗੁਰੂ ਨਾਨਕ ਦੇਵ ਜੀ ਤੇ ਵੇਈਂ



ਫੇਸਬੁੱਕ ਦੇ ਉੱਤੇ ਪਾਈ ਇਕ ਪੋਸਟ ਨੇ ਇਕ ਸਵਾਲੀਆ ਪ੍ਰਸ਼ਨ ਖੜ੍ਹਾ ਕੀਤਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾ ਤੇ । ਵੇਈਂ ਨਦੀ ਕੋਈ ਆਮ ਨਦੀ ਨਹੀਂ ਕਹੀ ਜਾ ਸਕਦੀ । ਇਸਦੀ ਪਹਿਚਾਣ ਤੇ ਵਿਲੱਖਣਤਾ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜੀ ਹੋਈ ਹੈ । ਦੁਨੀਆਂ ਭਰ ਦੇ ਵਿਚ ਕਈ ਨਦੀਆਂ ਹਨ, ਪੰਜਾਬ ਦੇ ਵਿਚ ਕਈ ਨਦੀਆਂ ਹਨ, ਪਰ ਗੁਰੂ ਸਾਹਿਬਾਨ ਦੀ ਪਰਮੇਸ਼ਰ ਨਾਲ ਮੁਲਾਕਾਤ ਵੇਈਂ ਨਦੀ ਦੇ ਰਾਹੀ ਹੀ ਹੋਈ । ਮੈਂ ਇਥੇ ਕੋਈ ਅੰਧਵਿਸ਼ਵਾਸ਼ ਨਹੀਂ ਪੈਦਾ ਕਰ ਰਿਹਾ, ਮੇਰਾ ਮਨੋਰਥ ਇਹ ਹੈ ਕਿ ਇਹ ਨਦੀਂ ਦੀ ਵਿਸ਼ੇਸ਼ਤਾ ਬਾਕੀ ਆਮ ਨਦੀਆਂ ਨਾਲੋਂ ਕਿਤੇ ਵਧੇਰੇ ਹੈ ।
ਜਿਵੇਂ ਕਿ ਕਾਫ਼ੀ ਸਿੱਖਾਂ ਨੂੰ ਪਤਾ ਹੈ ਕਿ ਇਸ ਘਟਨਾ ਦੇ ਵਿਚ ਗੁਰੂ ਸਾਹਿਬ ਇਕ ਦਿਨ ਇਸ਼ਨਾਨ ਕਰਨ ਗਏ ਤੇ ਫਿਰ ਨਦੀ 'ਚੋਂ ਬਾਹਰ ਨਹੀਂ ਆਏ । ਜੋ ਸੇਵਕ ਕੱਪੜੇ ਫੜ੍ਹ ਕੇ ਖੜ੍ਹਾ ਸੀ ਉਹ ਵੀ ਕੁਝ ਸਮਝ ਨਾ ਪਾਇਆ । ਕੁਝ ਸਮੇਂ ਦੇ ਵਿਚ ਸਾਰੀ ਖ਼ਬਰ ਇਲਾਕੇ ਦੇ ਵਿਚ ਫੈਲ ਗਈ । ਸਿਵਾਏ ਬੇਬੇ ਨਾਨਕੀ ਜੀ ਦੇ ਸਾਰੇ ਇਹੀਓ ਸੋਚ ਰਹੇ ਸੀ ਕਿ ਗੁਰੂ ਸਾਹਿਬ ਨਦੀ ਦੇ ਵਿਚ ਵਹਿ ਗਏ ਨੇ । ਸਿਰਫ਼ ਬੇਬੇ ਜੀ ਨੂੰ ਹੀ ਯਕੀਨ ਸੀ । ਹੈ ਵੀ ਤਾਂ ਇਕੋ-ਇਕ ਸੀ ਪਰਿਵਾਰ 'ਚ ਜਿਸਨੂੰ ਆਪਣੇ ਵੀਰ ਤੇ ਰੱਬ ਹੋਣ ਦਾ ਯਕੀਨ ਸੀ । ਬਾਕੀ ਤਾਂ ਆਮ ਇਨਸਾਨਾਂ ਵਾਗੂੰ ਗੁਰੂ ਨਾਨਕ ਦੇਵ ਜੀ ਨੂੰ ਇਕ ਆਮ ਜਿਹਾ ਬੰਦਾ ਹੀ ਸਮਝ ਰਹੇ ਸਨ ।
ਅੱਜ ਦੇ ਸਮੇਂ ਦੇ ਵਿਚ ਵੀ ਇਹੀਓ ਹਾਲ ਹੈ । ਜੋ ਗੁਰੂ ਤੇ ਗੁਰਬਾਣੀ ਨਾਲ ਜੁੜ੍ਹੇ ਹੋਏ ਨੇ ਉਨ੍ਹਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਰੱਬ ਦੇ ਵਿਚ ਕੋਈ ਫ਼ਰਕ ਨਹੀਂ ਹੈ । ਤੇ ਹੋਰ ਜੁੰਡਲੀ ਜੋ ਨਾ ਹੀ ਗੁਰਬਾਣੀ ਤੇ ਵਿਸ਼ਵਾਸ਼ ਕਰਦੀ ਹੈ ਤੇ ਨਾ ਹੀ ਗੁਰੂ ਤੇ, ਉਨ੍ਹਾਂ ਲਈ ਗੁਰੂ ਨਾਨਕ ਸਿਰਫ਼ ਤੇ ਸਿਰਫ਼ ਇੱਕ ਆਮ ਇਨਸਾਨ ਹੈ ਜੋ ਦੁਨਿਆਵੀ ਹੱਦਾਬੰਦੀ ਦੇ ਵਿਚ ਰਹਿ ਕੇ ਹੀ ਆਪਣਾ ਕੰਮ ਕਰ ਸਕਦਾ ਹੈ । ਕਿਉਂਕਿ ਜੇਕਰ ਗੁਰੂ ਸਾਹਿਬਾਨ ਨੇ ਹੱਦਾਬੰਦੀ, ਜੋ ਇਨ੍ਹਾਂ ਲੋਕਾਂ ਵਲੋਂ ਨਿਰਧਾਰਿਤ ਕੀਤੀ ਹੋਈ ਹੈ, ਟੱਪ ਲਈ ਤਾਂ ਫਿਰ ਗੁਰੂ ਰੱਬ ਹੋ ਜਾਵੇਗਾ, ਜੋ ਕਾਮਰੇਡੀ ਸੋਚ ਵਾਲੇ ਪ੍ਰਚਾਰਕਾਂ/ਲੇਖਕਾਂ ਨੂੰ ਨਹੀਂ ਫਬੇਗਾ । ਸੋ ਉਹ ਗੁਰੂ ਨਾਨਕ ਦੇਵ ਜੀ ਨੂੰ ਸਿਰਫ਼ ਇਕ ਆਮ ਇਨਸਾਨ ਦੀ ਤਰ੍ਹਾਂ ਹੀ ਰੱਖਣਾ ਚਾਹੁੰਦੇ ਹਨ ਤਾਂ ਜੋ ਸਮਾਂ ਆਏ ਤੇ ਕੁਝ ਗ਼ਲਤੀਆਂ ਵੀ ਸਾਹਮਣੇ ਰੱਖ ਸਕਣ ।
ਕਾਫ਼ੀ ਭਾਲ ਦੇ ਬਾਅਦ ਵੀ ਕੋਈ ਗੁਰੂ ਸਾਹਿਬ ਨੂੰ ਲੱਭ ਨਾ ਪਾਇਆ । ਫਿਰ ਗੁਰੂ ਸਾਹਿਬ ਤਿੰਨ ਦਿਨ ਮਗਰੋਂ ਪ੍ਰਗਟ ਹੋਏ ਜਿਥੇ ਉਨ੍ਹਾਂ ਨੇ 'ਨਾ ਕੋਈ ਹਿੰਦੂ ਨਾ ਮੁਸਲਮਾਨ' ਦਾ ਉਪਦੇਸ਼ ਦਿੱਤਾ ।
ਹਾਂ ਕੁਝ ਲੋਕ ਜੋ ਇਹ ਸਮਝ ਨਹੀਂ ਪਾਏ ਉਨ੍ਹਾਂ ਨੇ ਕਿੰਤੂ ਵੀ ਕੀਤਾ ਇਸ ਘਟਨਾ ਤੇ । ਹਰੀ ਰਾਮ ਗੁਪਤਾ ਨੇ ਆਪਣੀ ਕਿਤਾਬ 'ਹਿਸਟਰੀ ਆਫ਼ ਦ ਸਿਖਸ' ਦੇ ਪਹਿਲੇ ਭਾਗ ਦੇ ਵਿਚ ਕੁਝ ਇਸ ਤਰ੍ਹਾਂ ਲਿਖਿਆ:
ਨਾਨਕ ਨੇੜ੍ਹੇ ਵਹਿ ਰਹੀ ਕਾਲੀ ਬੇਨ (ਵੇਈਂ ਨਦੀ) ਹਰ ਰੋਜ਼ ਜਾਇਆ ਕਰਦੇ ਸਨ । ਉਨ੍ਹਾਂ ਨੂੰ ਪਤਾ ਲੱਗਿਆ ਕਿ ਨਗਰ ਦੇ ਔਰਤ ਤੇ ਮਰਦ ਕੱਤਕ ਦੇ ਮਹੀਨੇ ਇਸ ਵਿਚ ਹਰ ਰੋਜ਼ ਇਸ਼ਨਾਨ ਕਰਿਆ ਕਰਦੇ ਸਨ । ਉਨ੍ਹਾਂ ਨੇ ਵੀ ਇਸ ਤਰ੍ਹਾਂ ਕੀਤਾ, ਇਕ ਤਾਂ ਤਾ ਕਰਕੇ ਕਿ ਉਹ ਜਗ੍ਹਾ ਖੁਲ੍ਹੀ ਸੀ, ਤੇ ਦੂਜਾ ਤਾਂ ਕਰਕੇ ਕਿ ਜੋ ਧਾਰਮਿਕ ਬਿਰਤੀ ਦੇ ਲੋਕ ਨਦੀ ਦੇ ਕੋਲ ਹੁੰਦੇ ਸਨ ਉਨ੍ਹਾਂ ਨੂੰ ਸ਼ਬਦ ਸੁਣਾ ਸਕਣ । ਉਹ ਵਰਤ ਰੱਖ ਕੇ ਬਹੁਤ ਕਮਜ਼ੋਰ ਹੋ ਗਏ ਸਨ । ਇਕ ਦਿਨ ਉਹ ਨਦੀ ਦੇ ਕਿਨਾਰੇ ਇਕ ਗੁਫ਼ਾ ਦੇ ਵਿਚ ਬੈਠ ਗਏ ਜਿਥੇ ਲੋਕਾਂ ਵਲੋਂ ਮਿੱਟੀ ਪੱਟੀ ਗਈ ਸੀ । ਉਨ੍ਹਾਂ ਦੀ ਸਮਾਧੀ ਲੱਗ ਗਈ ਤੇ ਦੋ ਦਿਨਾਂ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕਿ ਉਹ ਗੁਫ਼ਾ ਦੇ ਵਿਚ ਹਨ । ਤੀਜੇ ਦਿਨ ਅਚਾਨਕ ਉਨ੍ਹਾਂ ਦੇ ਮਨ ਵਿਚ ਇਕ ਤੇਜ਼ ਰੋਸ਼ਨੀ ਪ੍ਰਗਟ ਹੋਈ । ਉਨ੍ਹਾਂ ਦੀਆਂ ਅੱਖਾਂ ਖੁਲ੍ਹੀਆਂ ਤੇ ਉਹ ਗੁਫ਼ਾ ਦੇ ਵਿਚੋਂ ਬਾਹਰ ਆਏ, ਥੋੜ੍ਹਾ ਜਿਹਾ ਪਾਣੀ ਪੀਤਾ, ਤੇ ਹੌਲੀ-ਹੌਲੀ ਆਪਣੇ ਘਰ ਵੱਲ ਤੁਰ ਗਏ ਆਪਣਾ ਸੰਦੇਸ਼ ਗੁਣਗੁਣਾਉਂਦੇ ।
ਇਸੇ ਤਰ੍ਹਾਂ 'ਸਿਖ ਤਵਾਰੀਖ਼' ਦੇ ਪਹਿਲੇ ਭਾਗ ਦੇ ਵਿਚ ਹਰਜਿੰਦਰ ਸਿੰਘ ਦਿਲਗੀਰ ਲਿਖਦਾ ਹੈ:
ਇਕ ਦਿਨ ਗੁਰੂ ਸਾਹਿਬ ਵੇਈਂ ਨਦੀ 'ਚ ਨਹਾਉਣ ਗਏ । ਨਹਾਉਣ ਮਗਰੋਂ ਉਹ ਵੇਈਂ ਦੇ ਦੂਜੇ ਕੰਢੇ ਦੂਰ ਸੰਘਣੇ ਦਰਖਤਾਂ ਦੇ ਝੁੰਡ ਹੇਠ ਜਾ ਬੈਠੇ ਤੇ ਰੂਹਾਨੀ ਸੋਚਾਂ ਵਿਚ ਮਗਨ ਹੋ ਗਏ । ਆਪ ਦੇ ਮਨ ਵਿਚ ਖ਼ਿਆਲ ਆਇਆ ਕਿ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸੱਚੇ ਧਰਮ ਦਾ ਪਰਚਾਰ ਕਰਨ ਦਾ ਸਮਾਂ ਆ ਗਿਆ ਹੈ । ਆਪ ਨੇ ਇਸ ਸਬੰਧ ਵਿਚ ਪਲਾਨ ਬਣਾਉਣੀ ਸ਼ੁਰੂ ਕਰ ਦਿਤੀ । ਆਪ ਦੀ ਐਸੀ ਲਿਵ ਲਗੀ ਕਿ ਆਪ ਕਈ ਘੜੀਆਂ ਉੱਥੇ ਹੀ ਬੈਠੇ ਰਹੇ । (ਕੁਝ ਲੇਖਕ ਇਸ ਨੂੰ ੩ ਦਿਨ ਨਦੀ ਵਿਚ ਵੜੇ ਰਹਿਣਾ ਲਿਖਦੇ ਹਨ, ਜੋ ਸਹੀ ਨਹੀਂ ਹੈ ) ।
ਭਾਵ ਇਹ ਕਿ ਹਰ ਇਕ ਘਟਨਾ ਨੂੰ ਦੁਨਿਆਵੀ ਬੁੱਧੀ ਦੇ ਅਧੀਨ ਲਿਆ ਕੇ ਇਤਿਹਾਸ ਲਿਖਿਆ ਜਾ ਰਿਹਾ ਹੈ । ਭਾਈ ਵੀਰ ਸਿੰਘ ਜੀ ਦੇ ਸਮੇਂ ਤੇ, ਜਦ ਉਨ੍ਹਾਂ 'ਸੂਰਜ ਪ੍ਰਕਾਸ਼' ਗ੍ਰੰਥ ਆਪਣੀਆਂ ਟਿਪਣੀਆਂ ਨਾਲ ਸੰਪਾਦਿਤ ਕੀਤਾ ਸੀ, ਓਦੋਂ ਵੀ ਇਤਿਹਾਸ ਤੇ ਬਹੁਤ ਖੋਜ ਹੋਈ । ਪਰ ਉਸ ਸਮੇਂ ਤੇ ਮਨੋਰਥ ਇਹ ਨਹੀਂ ਸੀ ਕਿ ਗੁਰੂ ਸਾਹਿਬ ਦੀ ਜੀਵਨੀ ਨਾਲ ਜੁੜੀ ਹੋਈ ਹਰ ਇਕ ਅਧਿਆਤਮਕ ਤੇ ਕਲਾ ਵਾਲੀ ਘਟਨਾ ਨੂੰ ਕੱਟ ਦਿੱਤਾ ਜਾਵੇ । ਮਨੋਰਥ ਇਹ ਸੀ ਕਿ ਜੋ ਚੀਜ਼ਾਂ ਗ਼ਲਤ ਹਨ, ਜਾਂ ਗੁਰਮਤਿ ਦੇ ਵਿਰੋਧ ਦੇ ਵਿਚ ਹਨ, ਉਨ੍ਹਾਂ ਬਾਰੇ ਆਪਣੀ ਰਾਇ ਦਿੱਤੀ ਜਾਵੇ, ਪਹਿਲੇ ਲਿਖੇ ਜਾ ਚੁੱਕੇ ਇਤਿਹਾਸਿਕ ਗ੍ਰੰਥਾਂ ਤੇ ਗੁਰਬਾਣੀ ਦੇ ਆਧਾਰ ਤੇ । ਚਾਹੇ ਉਹ ਦੇਵੀ ਪੂਜਣ ਬਾਰੇ ਹੋਵੇ, ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਬੰਧ ਦੇ ਵਿਚ, ਜਾਂ ਹੋਰ ਵੀ ਕਈ ਗੱਲਾਂ ।
ਪਰ ਅੱਜ ਦੇ ਸਮੇਂ ਦੇ ਵਿਚ ਇਤਿਹਾਸ ਉਨ੍ਹਾਂ ਲੋਕਾਂ ਵਲੋਂ ਲਿਖਿਆ ਜਾ ਰਿਹਾ ਹੈ ਜਿਨ੍ਹਾਂ ਦੀ ਆਪਣੀ ਕੋਈ ਅਵਸਥਾ ਨਹੀਂ ਹੈ । ਜੋ ਓਨਾਂ ਮੰਡਲਾਂ ਦੇ ਵਿਚ ਨਹੀਂ ਵਿਚਰੇ ਜਿਥੇ ਸਤਿਗੁਰੂ ਦਾ ਨਿਵਾਸ ਹੈ । ਉਹ ਤਾਂ ਬਸ ਦੁਨਿਆਵੀ ਹੱਦਾਬੰਦੀ ਦੇ ਵਿਚ ਹੀ ਰਹਿ ਗਏ ਨੇ । ਤੇ ਇਸ ਹੱਦਬੰਦੀ ਦੇ ਵਿਚ ਰਹਿ ਕੇ ਆਮ ਲੋਕਾਂ ਦਾ ਇਤਿਹਾਸ ਜ਼ਰੂਰ ਲਿਖਿਆ ਜਾ ਸਕਦਾ ਹੈ, ਗੁਰੂ ਸਾਹਿਬਾਨਾਂ ਦਾ ਨਹੀਂ । ਅੱਜ ਕਲ੍ਹ ਦੇ ਲੋਕ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਰਚਨਾ ਨੂੰ ਇਕ ਘੜੇ ਦੇ ਵਿਚ ਸਮੇਟਣਾ ਚਾਹੁੰਦੇ ਹਨ । ਗੁਰੂ ਨਾਨਕ ਦੇਵ ਜੀ ਦੇ ਸਬੰਧ ਦੇ ਵਿਚ ਹਰ ਇਕ ਚੀਜ਼ ਸਮੁੰਦਰ ਤੋਂ ਵੀ ਵੱਡੀ ਹੈ ਜੋ ਇਕ ਘੜੇ ਦੇ ਵਿਚ ਨਹੀਂ ਸਮਾ ਸਕਦੀ । ਗੁਰੂ ਨੂੰ ਸਮਝਣਾ ਮੀਂਹ ਦੀਆਂ ਬੂੰਦਾਂ ਗਿਣਨ ਦੇ ਬਰਾਬਰ ਹੈ, ਜਿਸਨੂੰ ਜਿੰਨਾਂ ਦਿੱਖ ਪੈਂਦਾ ਹੈ ਉਹ ਓਨਾਂ ਕੁ ਸਮਝ ਲੈਂਦਾ ਹੈ ।
ਗੁਰੂ ਸਾਹਿਬਾਨ ਦੀ ਅਕਾਲ ਪੁਰਖ ਨਾਲ ਮੁਲਾਕਾਤ ਵੇਈਂ ਇਸ਼ਨਾਨ ਵੇਲੇ ਹੋਈ । ਤੇ ਫਿਰ ਉਹ ਉਥੇ ਹੀ ਰਹੇ ਕੁਝ ਸਮਾਂ । ਉਦਾਸੀਆਂ ਦੇ ਸਮੇਂ ਤੇ ਜਦ ਦਸਤਗੀਰ ਦੇ ਪੁੱਤਰ ਨੂੰ ਨਾਲ ਲੈ ਕੇ ਗਏ ਤਾਂ ਕੁਝ ਸਮੇਂ ਦੇ ਵਿਚ ਕਈ ਆਕਾਸ਼ ਤੇ ਪਾਤਾਲ ਦਿਖਾ ਦਿੱਤੇ । ਭਾਈ ਗੁਰਦਾਸ ਜੀ ਦੀ ਵਾਰ ਵੀ ਇਸ ਬਾਰੇ ਸਹਿਮਤੀ ਪ੍ਰਗਟ ਕਰਦੀ ਹੈ ਕਿ ਗੁਰੂ ਸਾਹਿਬਾਨ ਨੇ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਪਾਤਾਲ ਦਿਖਾ ਦਿੱਤੇ । ਇਹ ਕਿਸ ਤਰ੍ਹਾਂ ਹੋ ਗਿਆ ਫਿਰ ? ਹੁਣ ਤਾਂ ਸਮਾਂ ਇੰਨਾ ਭਿਆਨਕ ਹੈ ਕਿ ਭਾਈ ਗੁਰਦਾਸ ਜੀ ਦੀ ਵਾਰ ਤੇ ਵੀ ਕਿੰਤੂ ਪ੍ਰੰਤੂ ਸ਼ੁਰੂ ਕਰ ਦਿੱਤਾ ਗਿਆ ਹੈ ।
ਕੁਝ ਕੁ ਅਖੌਤੀ ਬੁੱਧੀਜੀਵੀ ਇਹ ਵੀ ਕਹਿ ਸਕਦੇ ਨੇ ਕਿ ਜਿਸ ਤਰ੍ਹਾਂ ਹਿਸਟਰੀ ਟੀ.ਵੀ. ਤੇ ਦੂਜੀ ਦੁਨੀਆਂ ਦੇ ਲੋਕਾਂ ਬਾਰੇ ਦੱਸਿਆ ਸੀ, ਸ਼ਾਇਦ ਇਸ ਤਰ੍ਹਾਂ ਦੀ ਗੱਲ ਹੋਵੇ । ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿਚੋਂ ਕਿੰਨੇ ਲੋਕਾਂ ਨੇ ਇਸ ਬਾਰੇ ਸੁਣਿਆ ਹੈ । ਉਸ ਵਿਚ ਇਹ ਦਿਖਾਉਣ ਦਾ ਯਤਨ ਕੀਤਾ ਗਿਆ ਸੀ ਕਿ ਜੋ ਪੀਰ, ਪੈਗ਼ੰਬਰ, ਅਵਤਾਰਾਂ ਦੀਆਂ ਗੱਲਾਂ ਹਨ ਇਹ ਸਭ ਦੂਜੇ ਗ੍ਰਹਿਆਂ ਤੋਂ ਆਏ ਹੋਏ ਲੋਕ ਸਨ – ਏਲੀਅਨਸ ।
ਰਹੀ ਗੱਲ ਕਿ ਗੁਰੂ ਸਾਹਿਬਾਨ ਨੇ ਸਾਹ ਕਿਵੇਂ ਲਿਆ ਹੋਵੇਗਾ । ਇਹ ਤਾਂ ਓਦੋਂ ਹੀ ਪਤਾ ਲੱਗੇਗਾ ਜਦ ਪਰਮਾਤਮਾ ਤੇ ਆਪਣੀ ਰੂਹ ਇੱਕ-ਮਿੱਕ ਹੋ ਗਈ । ਉਸ ਤੋਂ ਬਿਨਾਂ ਤਾ ਔਖਾ ਹੈ ਪਤਾ ਕਰਨਾ । ਤੇ ਉਸ ਨਾਲ ਇੱਕ-ਮਿੱਕ ਹੋਣਾ ਵੀ ਬਹੁਤ ਔਖਾ ਹੈ, ਇਸ ਕਰਕੇ ਜੋ ਭਗਤੀ ਦਾ ਸਾਧਨ ਗੁਰੂ ਸਾਹਿਬਾਨ ਵਲੋਂ ਦੱਸਿਆ ਗਿਆ ਹੈ ਉਹ ਨਾ ਕਰਕੇ ਬਸ ਸਵਾਲ ਖੜ੍ਹਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਸਵਾਲ ਕਰਨਾ ਸੌਖਾ ਹੈ, ਪਰ ਉਸ ਦੇ ਉੱਤਰ ਲੈਣ ਦੀ ਪ੍ਰਾਪਤੀ ਮੁਸ਼ਕਿਲ ।

No comments:

Post a Comment

Popular posts