ਭਾਈ ਅੰਮ੍ਰਿਤਪਾਲ ਸਿੰਘ ਹੋਣਾ ਵੱਲੋਂ ਅਜਨਾਲੇ ਦੇ ਪੁਲਿਸ ਥਾਣੇ ਅੱਗੇ ਆਪਣੇ ਸਾਥੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਇਕ ਸਾਥੀ ਦੀ ਰਿਹਾਈ ਦੀ ਮੰਗ ਕੀਤੀ ਗਈ । ਨਾਲ ਆਏ ਕੁਝ ਸਮਰਥਕ ਪੁਲਿਸ ਵੱਲੋਂ ਲਾਏ ਗਏ ਬੈਰੀਕੇਟ ਤੋੜ ਕੇ ਅੱਗੇ ਵਧੇ । ਇਹ ਸਾਰੀ ਘਟਨਾ ਨੂੰ ਪੰਜਾਬ ਤੋਂ ਬਾਹਰ ਬੈਠੀਆਂ ਧਿਰਾਂ ਵੱਲੋਂ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਜਿਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਖਾਲਿਸਤਾਨ ਲਈ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ ਹੋਵੇ । ਵੈਸੇ ਵੀ ਜੇਕਰ 1984 ਅਤੇ ਬਾਅਦ ਦੀ ਗੱਲ ਵੀ ਕਰੀਏ ਤਾਂ ਉਦੋਂ ਵੀ ਪੰਜਾਬ ਤੋਂ ਬਾਹਰ ਬੈਠੇ ਮੀਡੀਏ ਦਾ ਕੋਈ ਚੰਗਾ ਪੱਖ ਨਹੀਂ ਸੀ ।
ਪਰ ਹੁਣ ਤੇ ਪਹਿਲਾਂ ਦੀ ਗੱਲ ਵਿਚ ਬਹੁਤ ਫ਼ਰਕ ਹੈ । ਹੁਣ ਪੰਜਾਬ ਦੇ ਵਿਚ ਹੀ ਬਹੁਤੇ ਖ਼ਬਰਾਂ ਦੇਣ ਵਾਲੇ ਖਾਤੇ ਬਣ ਗਏ ਨੇ, ਤੇ ਉਹ ਬਰੀਕ ਤੋਂ ਬਰੀਕ ਗੱਲ ਦੀ ਖ਼ਬਰ ਦਿੰਦੇ ਨੇ । ਹੁਣ ਤੱਕ ਤਾਂ ਬਹੁਤ ਸਾਰੀਆਂ ਇੰਟਰਵਿਊ ਵੀ ਕਰ ਚੁੱਕੇ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਣੀ, ਅਤੇ ਰਾਸ਼ਟਰੀ ਮੀਡੀਏ ਨੂੰ ਵੀ ਆ ਕੇ ਗੱਲ ਕਰਨ ਦਾ ਸੱਦਾ ਦਿੱਤਾ । ਅਤੇ ਇੰਡੀਆ ਟੀ.ਵੀ ਵਾਲਿਆਂ ਦੀ ਇਕ ਵੀਡੀਉ ਵੀ ਦੇਖਣ ਵਿਚ ਆਈ ਉਨ੍ਹਾਂ ਦੇ ਨਾਲ (and that’s lit, dude. You should watch it. You won’t find even the Indian politicians with that clear enunciation and thoughts!) । ਇਸ ਨਾਲ ਇਹ ਫ਼ਾਇਦਾ ਹੋਇਆ ਕਿ ਸਿੱਖਾਂ ਨੂੰ ਬਾਹਰਲੇ ਖ਼ਬਰਾਂ ਵਾਲੇ ਚੈੱਨਲ ਨਹੀਂ ਦੇਖਣੇ ਪੈ ਰਹੇ । ਨਾਲੇ ਜੋ ਸਿੱਖਾਂ ਨਾਲ ਧੱਕੇ ਹੋਏ ਉਸ ਸਮੇਂ ਦੇ ਵਿਚ ਉਹ ਵੀ ਬਾਹਰ ਨਿਕਲ ਕੇ ਸਾਹਮਣੇ ਆ ਰਹੇ ਨੇ । ਸੋ ਸਿਰਫ਼ ਇਸ ਨਾਲ ਸਿੱਖਾਂ ਦੀ ਸਹਿਮਤੀ ਨਹੀਂ ਬਣਨੀ ਕਿ ਜੇਕਰ ਕਿਸੇ ਗ਼ੈਰ-ਪੰਜਾਬੀ ਖ਼ਬਰਾਂ ਵਾਲੇ ਨੇ ਕੁਝ ਦਿਖਾ ’ਤਾ ਤਾਂ ਉਹ ਸੱਚ ਸਮਝ ਲਿਆ ਜਾਵੇਗਾ । ਇਹ ਉਨ੍ਹਾਂ ਲੋਕਾਂ ਲਈ ਸੱਚ ਜ਼ਰੂਰ ਹੋ ਸਕਦਾ ਜੋ ਪੰਜਾਬ ਤੋਂ ਬਾਹਰ ਰਹਿੰਦੇ ਹੋਣ ।
ਸਹੀ ਮਾਇਣੇ ਦੇ ਵਿਚ ਪੱਤਰਕਾਰੀ ਉਹ ਹੈ ਜੋ ਪਹਿਲਾਂ ਤੱਥ ਦੱਸੇ ਫਿਰ ਬਿਰਤਾਂਤ ਸਿਰਜੇ, ਪਰ ਗ਼ੈਰ-ਪੰਜਾਬੀ ਪੱਤਰਕਾਰ ਜ਼ਿਆਦਾਤਰ ਪਹਿਲਾਂ ਬਿਰਤਾਂਤ ਸਿਰਜਦੇ ਨੇ ਫਿਰ ਤੱਥ ਦਿਖਾਉਂਦੇ ਨੇ ਤਾਂ ਜੋ ਤੱਥ ਬਿਰਤਾਂਤ ਸਿਰਜਦੇ ਦਿੱਖਣ । ਤੁਸੀਂ ਆਮ ਕਰਕੇ ਦੇਖਿਆ ਹੋਵੇਗਾ ਕਿ ਜੂਨ ਦੇ ਮਹੀਨੇ ਤਕਰੀਬਨ ਹਰ ਇਕ ਗ਼ੈਰ-ਪੰਜਾਬੀ ਚੈੱਨਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਦੱਸੇਗਾ ਕਿ ਕਿਵੇਂ ਉਹ ਖਾਲਿਸਤਾਨ ਦੀ ਮੰਗ ਕਰ ਰਹੇ ਸੀ, ਜਦਕਿ ਉਨ੍ਹਾਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਪਰ ਇਹ ਕਿਹਾ ਕਿ ਜੇ ਮਿਲਿਆ ਤਾਂ ਲਵਾਂਗੇ ਅਤੇ ਲਵਾਂਗੇ ਵੀ ਜਿੰਦੇ ਫ਼ੀਸਦੀ ਸਿੱਖਾਂ ਦੇ ਸਿਰ ਲੱਗੇ ਨੇ ਭਾਰਤ ਦੀ ਅਜ਼ਾਦੀ ਦੇ ਵਿਚ ਓਨੀ ਜ਼ਮੀਨ, ’ਕੱਲਾ ਪੰਜਾਬ ਨਹੀਂ, ਪਰ ਸੱਚ ਇਹ ਵੀ ਆ ਕਿ ਉਨ੍ਹਾਂ ਕਿਹਾ ਸੀ ਕਿ ਜੇਕਰ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਸੰਸਾਰ ਵਿਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ । ਅਤੇ ਇਸੇ ਤਰ੍ਹਾਂ ਅਕਤੂਬਰ ਦੇ ਅਖੀਰਲੇ ਦਿਨ ਇੰਦਰਾ ਗਾਂਧੀ ਬਾਰੇ ਦੱਸਿਆ ਜਾਵੇਗਾ । ਜੇਕਰ ਸਹੀ ਮਾਇਣੇ ਦੇ ਵਿਚ ਇਹ ਪੱਤਰਕਾਰ ਪੰਜਾਬ ਅਤੇ ਸਿੱਖਾਂ ਦੇ ਹਿਤੈਸ਼ੀ ਹੁੰਦੇ ਤਾਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਹਰ ਸਾਲ ਜ਼ਰੂਰ ਦਿਖਾਉਂਦੇ । ਜਸਟਿਸ ਅਜੀਤ ਸਿੰਘ ਬੈਂਸ ਬਾਰੇ ਜ਼ਰੂਰ ਦੱਸਦੇ । ਜਿੰਨੇ ਵੀ ਹੁਣ ਦੇ ਸਮੇਂ ਦੇ ਵਿਚ ਝੂਠੇ ਪੁਲਿਸ ਮੁਕਾਬਲਿਆਂ ਦੇ ਅਦਾਲਤ ਦੇ ਵਿਚ ਮੁਕੱਦਮੇ ਚਲੇ ਨੇ ਅਤੇ ਸਜਾਵਾਂ ਹੋਈਆਂ ਨੇ, ਉਸ ਬਾਰੇ ਵੀ ਲੰਮੀਆਂ ਬਹਿਸਾਂ ਹੁੰਦੀਆਂ । ਪਰ ਅਜਿਹਾ ਹੁੰਦਾ ਨਹੀਂ ਹੈ ।
ਇਹ ਸਾਰਾ ਵਰਤਾਰਾ ਇਹ ਵੀ ਸਾਬਤ ਕਰਦਾ ਹੈ ਕਿ 1980 ਦੇ ਦਹਾਕਿਆਂ ਦੇ ਵਿਚ ਪੱਤਰਕਾਰੀ ਕਿੰਨੀ ਹੇਠਲੇ ਪੱਧਰ ਤੇ ਹੋਵੇਗੀ । ਇਹ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨ ਨਾਲ ਸੰਬੰਧਤ ਗੱਲਾਂ ਨੂੰ ਵੱਧ-ਚੜ੍ਹਾ ਕੇ ਦਿਖਾਉਣਗੇ, ਪਰ ਇਹ ਨਹੀਂ ਦੱਸਣਗੇ ਕਿ ਉਹ ਥਾਂ-ਥਾਂ ਅਮ੍ਰਿਤ ਸੰਚਾਰ ਦੀਆਂ ਗੱਲਾਂ ਕਰਦਾ ਹੈ, ਉਹ ਨਸ਼ਿਆਂ ਦੇ ਵਿਰੁੱਧ ਅਵਾਜ਼ ਉਠਾ ਰਿਹਾ ਹੈ, ਕਿਉਂਕਿ ਇਹ ਉਨ੍ਹਾਂ ਦਾ ਮਕਸਦ ਨਹੀਂ ਹੈ, ਇਸ ਨਾਲ ਉਹ ਬਿਰਤਾਂਤ ਨਹੀਂ ਸਿਰਜਿਆ ਜਾ ਸਕਦਾ ਜੋ ਉਹ ਚਾਹੁੰਦੇ ਨੇ ।
ਅਜਨਾਲੇ ਵਿਖੇ ਹੋਈ ਘਟਨਾ ਨੂੰ ਸਭ ਨੇ ਦਿਖਾਇਆ । ਅਤੇ ਸਭ ਨੇ ਦੇਖਿਆ ਵੀ । ਗੱਲ ਇੰਝ ਹੋਈ ਕਿ ਕਿਸੇ ਬੰਦੇ ਨੇ ਇਹ ਕਹਿ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਉਸਨੂੰ ਕੁੱਟ ਦਿੱਤਾ । ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਕਿਹਾ ਕਿ ਉਸ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ, ਇਸ ਲਈ ਉਨ੍ਹਾਂ ਤੇ ਕੀਤੀ ਗਈ ਐਫ਼.ਆਈ.ਆਰ ਸਹੀ ਨਹੀਂ ਹੈ । ਖ਼ੈਰ ਭਾਈ ਅੰਮ੍ਰਿਤਪਾਲ ਸਿੰਘ ਦੇ ਜੱਥੇ ਦਾ ਜੋ ਸਿੰਘ ਫੜਿਆ ਗਿਆ ਸੀ ਪੁਲਿਸ ਵੱਲੋਂ ਉਹ ਛੱਡ ਦਿੱਤਾ ।
ਪਰ ਮੈਨੂੰ ਇਹ ਲੱਗਦਾ ਕਿ ਜੇਕਰ ਪ੍ਰਦਰਸ਼ਨ ਕਰਨਾ ਸੀ ਤਾਂ ਉਹ ਪੁਲਿਸ ਥਾਣੇ ਦੇ ਬਾਹਰ ਬਹਿ ਕੇ ਕਰਦੇ ਅਤੇ ਭਾਈ ਸਾਹਿਬ ਆਪ ਅਤੇ ਉਨ੍ਹਾਂ ਦੇ ਕੁਝ ਸਾਥੀ ਅੰਦਰ ਜਾ ਕੇ ਗੱਲ ਕਰਦੇ । ਜੋ ਬੈਰੀਕੇਟ ਤੋੜ ਕੇ ਉਨ੍ਹਾਂ ਦੇ ਸਮਰਥਕ ਥਾਣੇ ਵੱਲ ਅੱਗੇ ਵਧੇ ਉਹ ਠੀਕ ਨਹੀਂ ਲੱਗਦਾ । ਹਾਲਾਂਕਿ ਸਮਰਥਕਾਂ ਨੇ ਕੋਈ ਥਾਣੇ ਦੀ ਭੰਨ-ਤੋੜ ਨਹੀਂ ਕੀਤੀ । ਅਤੇ ਅੰਦਰ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀ ਗਏ । ਉਨ੍ਹਾਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਸ਼ੁਰੂਆਤ ਨਾ ਹੋਵੇ ਕਿਉਂਕਿ ਸਰਕਾਰ ਤਾਂ ਬੈਠੀ ਹੈ ਕੁਝ ਵੀ ਕਰਨ ਨੂੰ । ਬਾਕੀ ਇਹ ਵੀ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਬੋਲਣ ਵਾਲੇ – ਢੱਡਰੀ, ਧੂੰਦੇ, ਅਤੇ ਸਰਕਾਰੀ ਦਲਾਲਾਂ ਸਮੇਤ – ਜੋ ਮਰਜ਼ੀ ਬੋਲੀ ਜਾਣ ਉਨ੍ਹਾਂ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ । ਜ਼ਿਆਦਾ ਤੋਂ ਜ਼ਿਆਦਾ ਲੋਕ ਸਿੱਖੀ ਵਾਲੇ ਪਾਸੇ ਆਉਣ, ਗੁਰੂ-ਗੁਰੂ ਜਪਣ, ਇਹੀ ਜੀਵਣ ਹੋਣਾ ਚਾਹੀਦਾ ਹੈ ।
No comments:
Post a Comment