ਅਫ਼ਗਾਨਿਸਤਾਨ ਦੀ ਰਾਜਧਾਨੀ ਉੱਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਅਤੇ ਇਸ ਦੇਸ਼ ਦਾ ਰਾਸ਼ਟਰਪਤੀ ਦੇਸ਼ ਛੱਡ ਦੇ ਚਲਾ ਗਿਆ । ਉਸ ਦਾ ਇਹ ਕਹਿਣਾ ਸੀ ਕਿ ਜੇਕਰ ਉਹ ਰੁਕਦਾ ਤਾਂ ਫ਼ੌਜ ਅਤੇ ਤਾਲਿਬਾਨ ਦੇ ਵਿਚ ਟਾਕਰਾ ਪੱਕਾ ਸੀ, ਅਤੇ ਇਸਨੂੰ ਰੋਕਣ ਦੇ ਲਈ ਉਹ ਦੇਸ਼ ਵਿਚੋਂ ਨਿਕਲ ਗਿਆ । ਸ਼ਾਇਦ ਇਹ ਸਹੀ ਹੀ ਸੀ ਕਿਉਂਕਿ ਇਕ ਰਾਜਨੀਤਿਕ ਬੰਦੇ ਅਤੇ ਫ਼ੌਜੀ ਦੇ ਵਿਚ ਅੰਤਰ ਹੁੰਦਾ ਹੈ । ਇਸ ਥਾਂ ਤੇ ਜੇਕਰ ਇਕ ਫ਼ੌਜੀ ਹੁੰਦਾ ਤਾਂ ਉਹ ਕੋਸ਼ਿਸ਼ ਕਰਦਾ ਕਿ ਆਪਣੀ ਜਾਨ ਦੇ ਕੇ ਉਹ ਜਗ੍ਹਾ ਨੂੰ ਬਚਾਵੇ । ਹਰ ਇਕ ਇਨਸਾਨ ਦਾ ਅਲੱਗ ਤਰੀਕਾ ਹੁੰਦਾ ਹੈ ਇਸਨੂੰ ਦੇਖਣ ਦਾ ।
20 ਸਾਲ ਦੇ ਇਸ ਯੁੱਧ ਦੇ ਵਿਚ ਅਮਰੀਕਾ ਦੀ ਬਹੁਤ ਵੱਡੀ ਹਾਰ ਹੋਈ ਹੈ । 20 ਸਾਲ ਤੱਕ ਤਾਲਿਬਾਨ ਅਤੇ ਅਮਰੀਕਾ ਦੇ ਫ਼ੌਜੀਆਂ ਦੇ ਵਿਚ ਲੜਾਈਆਂ ਹੁੰਦੀਆਂ ਰਹੀਆਂ, ਅਤੇ ਅੰਤ ਅਮਰੀਕਾ ਸਮਝ ਗਿਆ ਕਿ ਹੁਣ ਕੋਈ ਫ਼ਾਇਦਾ ਨਹੀਂ ਹੈ । ਕਈ ਇਸਨੂੰ ਵੀਅਤਨਾਮ ਦੇ ਯੁੱਧ ਨਾਲ ਜੋੜ ਕੇ ਦੇਖ ਰਹੇ ਹਨ ਕਿ ਅਮਰੀਕਾ ਦੀ ਵੀਅਤਨਾਮ ਵਾਲੀ ਹਾਲਤ ਕਰਤੀ ਹੈ ਤਾਲਿਬਾਨ ਨੇ । ਸਮੇਂ ਦੇ ਹਿਸਾਬ ਨਾਲ ਪਰਿਭਾਸ਼ਾਵਾਂ ਵੀ ਬਦਲਦੀਆਂ ਰਹੀਆਂ । ਕਿਸੇ ਸਮੇਂ ਤੇ ਤਾਲਿਬਾਨ ਨੂੰ ਇਕ ਅੱਤਵਾਦੀ ਸੰਸਥਾ ਕਰਕੇ ਜਾਣਿਆਂ ਜਾਂਦਾ ਸੀ । ਫਿਰ ਇਹ ਇਕ ਲੜਾਕਿਆਂ ਦੀ ਸੰਸਥਾ ਕਰਕੇ ਸਾਹਮਣੇ ਆਈ । ਖ਼ਾਸ ਕਰ ਦੋਹਾ ਸਮਝੌਤੇ ਤੋਂ ਬਾਅਦ ਇਸ ਦੀ ਪਰਿਭਾਸ਼ਾ ਜ਼ਿਆਦਾ ਉੱਭਰ ਕੇ ਸਾਹਮਣੇ ਆਈ ।
ਸਿੱਖਾਂ ਵੱਲੋਂ ਚਲਾਏ ਜਾ ਰਹੇ ਫੇਸਬੁਕ ਪੰਨਿਆਂ (pages) ਉੱਤੇ ਇਹ ਖ਼ਾਸ ਕਰਕੇ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਨੇ ਕਿਸੇ ਸਮੇਂ ਤੇ ਅਫ਼ਗ਼ਾਨਾਂ ਨੂੰ ਹਰਾਇਆ ਸੀ ਜੋ ਹੁਣ ਦੇ ਸਮੇਂ ਦੀਆਂ ਤਾਕਤਾਂ – ਸੋਵੀਅਤ ਸੰਘ (ਜੋ ਕੇ ਹੁਣ ਟੁੱਟ ਚੁੱਕਾ ਹੈ) ਅਤੇ ਅਮਰੀਕਾ – ਵੀ ਨਹੀਂ ਹਰਾ ਸਕੀਆਂ । ਉਹ ਇਸਨੂੰ ਇਕ ਮਾਨ ਵਾਲੀ ਗੱਲ ਸਮਝਦੇ ਨੇ, ਅਤੇ ਸਮਝਣਾ ਵੀ ਚਾਹੀਦਾ ਹੈ । ਦੂਜੇ ਪਾਸੇ ਕਈ ਪੁਰਾਣੀਆਂ ਪਰਿਸਥਿਤੀਆਂ ਅਤੇ ਨਵੀਆਂ ਦੇ ਵਿਚ ਅੰਤਰ ਦੇਖ ਕੇ ਇਹ ਗੱਲ ਸਵੀਕਾਰ ਨਹੀਂ ਕਰਨਾ ਚਾਹੁੰਦੇ । ਜਿਥੇ-ਕਿਤੇ ਵੀ ਲੋਕਾਂ ਨੇ ਹਥਿਆਰਬੰਦ ਸੰਘਰਸ਼ ਕੀਤਾ ਹੈ ਉਹ ਇਸਨੂੰ ਆਪਣੀ ਲੜਾਈ ਦੇ ਤੌਰ ਤੇ ਵੀ ਦੇਖ ਰਹੇ ਹਨ । ਦੂਜੇ ਪਾਸੇ ਕਈਆਂ ਨੂੰ ਫ਼ਿਕਰ ਪਿਆ ਹੈ ਕਿ ਤਾਲਿਬਾਨ ਔਰਤਾਂ ਦੀ ਪੜ੍ਹਾਈ ਜਾਂ ਫਿਰ ਉਨ੍ਹਾਂ ਦਾ ਘਰੋਂ ਬਾਹਰ ਨਿੱਕਲਣਾ ਬੰਦ ਕਰ ਦੇਵੇਗਾ । ਇਥੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਅਮਰੀਕਾ ਦੇ 2001 ਦੇ ਹਮਲੇ ਤੋਂ ਪਹਿਲਾਂ ਉਥੇ ਤਾਲਿਬਾਨ ਦੀ ਹੀ ਸਰਕਾਰ ਸੀ, ਜਿਸਨੂੰ ਲੋਕ ਇਕ ਕੱਟੜਵਾਦੀ-ਸੋਚ ਵਾਲੀ ਸਰਕਾਰ ਵੀ ਕਹਿੰਦੇ ਨੇ ।
ਪਿਛਲੇ ਕੁਝ ਸਮੇਂ ਤੋਂ ਕੁਝ ਕੁ ਵੀਡੀਉ ਸਾਹਮਣੇ ਆਈਆਂ ਨੇ ਜਿਸ ਵਿਚ ਲੋਕ ਕਾਬੁਲ ਦੇ ਹਵਾਈ ਅੱਡੇ ਤੇ ਇਕੱਠੇ ਹੋ ਰਹੇ ਨੇ ਤਾਂ ਜੋ ਉਹ ਤਾਲਿਬਾਨ ਦਾ ਸ਼ਿਕਾਰ ਨਾ ਹੋ ਜਾਣ । ਕੁਝ ਤਾਂ ਜਹਾਜ਼ ਦੇ ਨਾਲ ਲਮਕਦੇ ਰਹੇ ਅਤੇ ਜਦੋਂ ਜਹਾਜ਼ ਉੱਡਿਆ ਤਾਂ ਉਹ ਹੇਠਾਂ ਡਿੱਗ ਪਏ, ਜਿਸ ਕਰਕੇ ਉਨ੍ਹਾਂ ਦੀ ਮੌਤ ਤੈਅ ਸੀ ਕਿਉਂਕਿ ਜਹਾਜ਼ ਕਈ ਫੁੱਟ ਉੱਪਰ ਉੱਠ ਚੁੱਕਾ ਸੀ । ਇਹ ਤਸਵੀਰਾਂ ਕਿਸੇ ਫ਼ਿਲਮ ਤੋਂ ਘੱਟ ਨਹੀਂ ਸਨ । ਇੰਝ ਲੱਗ ਰਿਹਾ ਸੀ ਜਿਵੇਂ ਕਿ ਕੋਈ ਪਰਦੇ ਤੇ ਫ਼ਿਲਮ ਦਿਖਾ ਰਿਹਾ ਹੈ । ਸੋਚੋ ਉਨ੍ਹਾਂ ਲੋਕਾਂ ਦਾ ਕੀ ਹਾਲ ਹੋਇਆ ਹੋਵੇਗਾ ਜੋ ਉਸ ਸਮੇਂ ਦੇ ਵਿਚੋਂ ਗੁਜ਼ਰ ਰਹੇ ਸਨ ਤੇ ਇਹ ਸਭ ਕੁਝ ਆਪਣੇ ਪਿੰਡੇ ਤੇ ਹੰਢਾ ਰਹੇ ਸਨ ।
ਕਿਥੇ ਧਰਮ ਕਰਕੇ ਸਾਰਿਆਂ ਨੂੰ ਜੀਵਨ ਦਾ ਅਧਿਕਾਰ ਮਿਲਣਾ ਸੀ, ਤੇ ਕਿਤੇ ਲੋਕ ਡਰ ਕਰਕੇ ਭੱਜ ਰਹੇ ਸਨ । ਕਈ ਇਸਨੂੰ ਆਉਣ ਵਾਲਾ ਸਮਾਂ ਦੱਸ ਰਹੇ ਨੇ ਭਾਰਤ ਦਾ ਕਿਉਂਕਿ ਕਈ ਕੱਟੜ ਲੋਕਾਂ ਨੇ ਗਰੀਬ ਮੁਸਲਮਾਨਾਂ ਤੋਂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਵਾਉਣੇ ਸ਼ੁਰੂ ਕਰ ਦਿੱਤੇ ਨੇ । ਇੱਦਾਂ ਦੀਆਂ ਬਹੁਤ ਹੀ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਜੋ ਚਿੰਤਾ ਦਾ ਵਿਸ਼ਾ ਨੇ । ਇਹ ਆਮ ਹੀ ਵਰਤਾਰਾ ਹੈ ਕਿ ਜਿਹੜੀ ਚੀਜ਼ ਕੋਈ ਦੂਜਾ ਕਰਦਾ ਹੈ ਤਾਂ ਸਾਨੂੰ ਭਾਸਦੀ ਨਹੀਂ, ਪਰ ਜੇ ਕੋਈ ਹੋਰ ਕਰੇ ਤਾਂ ਭਾਸਦੀ ਹੈ । ਕਿਤੇ ਇਹ ਨਾ ਹੋਵੇ ਕਿ ਜਿਹੜੀਆਂ ਚੀਜ਼ਾਂ ਕਰਕੇ ਲੋਕ ਤਾਲਿਬਾਨ ਨੂੰ ਨਫ਼ਰਤ ਕਰਦੇ ਨੇ, ਉਹੀ ਗੱਲਾਂ ਕਰਕੇ ਆਪਣੇ ਲੋਕਾਂ ਨੂੰ ਸਲਾਹੁਣ ਲੱਗ ਜਾਣ । ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਲੋਕ ‘ਜੈ ਸ਼੍ਰੀ ਰਾਮ’ ਦੇ ਜਬਰੀ ਨਾਅਰੇ ਲਾਉਂਦੇ ਹਨ ਪੁਲਿਸ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੀ । ਪੁਲਿਸ ਨੇ ਕਈ ਗ੍ਰਿਫ਼ਤਾਰੀਆਂ ਵੀ ਕੀਤੀਆਂ ਨੇ, ਪਰ ਪ੍ਰਸ਼ਨ ਇਹ ਉਪਜਦਾ ਹੈ ਕਿ ਇਹੋ ਜੇ ਕੀ ਕਾਰਣ ਸਮਾਜ ਦੇ ਵਿਚ ਪੈਦਾ ਕੀਤੇ ਜਾ ਚੁੱਕੇ ਨੇ ਕਿ ਲੋਕ ਇਹੋ ਜਿਹੇ ਕੰਮਾਂ ਤੇ ਉੱਤਰ ਆਏ ਨੇ ।
ਇਹ ਇਕ ਇਤਿਹਾਸਿਕ ਸੱਚਾਈ ਹੈ ਕਿ ਜਦੋਂ ਸਮਾਂ ਕਰਵਟ ਲੈ ਰਿਹਾ ਹੁੰਦਾ ਹੈ ਉਦੋਂ ਕੋਈ-ਕੋਈ ਹੀ ਇਸਨੂੰ ਪਛਾਣਦਾ ਹੈ । ਸਮਾਂ ਬਦਲਣ ਤੇ ਸਿਰਫ਼ ਪਛਤਾਵਾ ਹੀ ਹੱਥ ਰਹਿ ਜਾਂਦਾ ਹੈ । ਇਹ ਭਾਰਤ ਦੇ ਵਿਚ ਰਹਿੰਦੇ ਹਰ ਇਕ ਬੰਦੇ ਲਈ ਚਿੰਤਾ ਦਾ ਵਿਸ਼ਾ ਹੈ ਜੋ ਸ਼ਾਂਤੀ ਚਾਹੁੰਦਾ ਹੈ ।
ਅਫ਼ਗਾਨਿਸਤਾਨ ਦੇ ਵਿਚ 1970 ਦੇ ਵਿਚ ਸਿੱਖਾਂ ਦੀ ਗਿਣਤੀ ਲੱਖਾਂ ਦੇ ਵਿਚ, ਅਤੇ ਹੁਣ ਮਸਾਂ 700 ਦੇ ਕਰੀਬ ਹੈ । ਇਸੇ ਤਰ੍ਹਾਂ 1990 ਤੱਕ 63 ਦੇ ਕਰੀਬ ਗੁਰਦੁਆਰੇ ਸਨ, ਅਤੇ ਹੁਣ ਸਿਰਫ਼ 10, ਕਈਆਂ ਵਿਚ ਸੇਵਾ ਕਰਨ ਵਾਲੇ ਵੀ ਨਹੀਂ ਹਨ । ਕਿਹੋ ਜੇ ਹਾਲਾਤ ਬਣ ਗਏ ਨੇ । ਇਹ ਤਾਂ ਇਕ ਤਰੀਕੇ ਨਾਲ ਸਿੱਖਾਂ ਦਾ ਘਾਣ ਕਰਨ ਵਾਲੀ ਗੱਲ ਹੈ । ਬਹੁਤ ਸਾਰੇ ਸਿੱਖ ਅਫ਼ਗਾਨਿਸਤਾਨ ਛੱਡ ਕੇ ਆ ਗਏ ਸਨ 1990 ਦੇ ਦਹਾਕੇ ਦੇ ਵਿਚ ।
ਗੁਰੂ ਨਾਨਕ ਦੇਵ ਜੀ ਦੇ ਅਫ਼ਗਾਨਿਸਤਾਨ ਦੇ ਵਿਚ ਜਾਣ ਦੇ ਸਬੂਤ ਮਿਲਦੇ ਨੇ । ਜੇਕਰ ਸਿੱਖ ਹੀ ਨਹੀਂ ਰਹੇ ਉਥੇ ਫਿਰ ਉਨ੍ਹਾਂ ਦੀਆਂ ਨਿਸ਼ਾਨੀਆਂ ਕੌਣ ਸੰਭਲੇਗਾ । ਆਉਣ ਵਾਲੇ ਸਮੇਂ ਦੇ ਵਿਚ ਫਿਰ ਕੋਈ ‘ਬੁੱਧੀਜੀਵੀ’ ਉਠੇਗਾ ਤੇ ਕਹੇਗਾ ਇਥੇ ਤਾਂ ਕੋਈ ਨਿਸ਼ਾਨੀ ਹੀ ਨਹੀਂ ਹੈ ਫਿਰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਇਥੇ ਪਹੁੰਚੇ ਸੀ । ਇਹ ਇਤਿਹਾਸ ਦੇ ਵਿਚ ਪਹਿਲਾਂ ਵੀ ਹੋ ਚੁੱਕਾ ਹੈ ਤੇ ਹੁਣ ਵੀ ਹੋਵੇਗਾ ।
ਮੈਂ ਸੋਚਦਾ ਹਾਂ ਕਿ ਕਿੰਨਾ ਮਹਾਨ ਰਾਜ ਹੁੰਦਾ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਜਿਥੇ ਕੋਈ ਇਸ ਕਰਕੇ ਖ਼ਤਰੇ ਦੇ ਵਿਚ ਨਹੀਂ ਆਇਆ ਹੋਵੇਗਾ ਕਿਉਂਕਿ ਸਿੱਖ ਰਾਜ ਕਰਨ ਆਏ ਨੇ । ਅਫ਼ਗਾਨਿਸਤਾਨ ਜਾਂ ਪਾਕਿਸਤਾਨ ਦੇ ਵਿਚ ਪੁਰਾਣੀਆਂ ਹੋ ਚੁੱਕੀਆਂ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਖਾਲਸੇ ਦਾ ਰਾਜ ਹੀ ਬਚਾਅ ਸਕਦਾ ਹੈ । ਕਿਉਂਕਿ ਇਕ ਧਾਰਮਿਕ ਸ਼ਾਸਕ ਹੋਣ ਕਰਕੇ ਆਪਣੇ ਧਰਮ ਦੇ ਅਸੂਲ ਦੂਜਿਆਂ ਤੇ ਨਹੀਂ ਥੋਪਣੇ ਸਿੱਖਾਂ ਦੇ ਹਿੱਸੇ ਹੀ ਆਇਆ ਹੈ, ਨਹੀਂ ਤਾਂ ਵੱਡੇ-ਵੱਡੇ ਦੇਸ਼ ਇਸਨੂੰ ਸਮਝਣ ਦੇ ਵਿਚ ਫ਼ੇਲ੍ਹ ਹੋ ਚੁੱਕੇ ਨੇ ।