Friday, September 16, 2022

ਕ੍ਰਿਸ਼ਨ ਜੀ ਦੀ ਉਸਤਤ

ਪਿਛੇ ਜੇ ਜਨਮਅਸਟਮੀ ਲੰਘੀ ਹੈ, ਜਿਸ ਦਿਨ ਕ੍ਰਿਸ਼ਨ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ । ਪਰ ਇਸ ਸਮੇਂ ਹੀ ਕੁਝ ਅਜਿਹੀਆਂ ਗੱਲਾਂ ਹੋਈਆਂ ਜਿਸਦਾ ਜ਼ਿਕਰ ਕਰਨਾ ਬਣਦਾ ਹੈ । ਕਿਉਂਕਿ ਜੇਕਰ ਇਹ ਗੱਲਾਂ ਨਾ ਲਿਖੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇਗਾ ।

ਕਈ ਸਿੱਖਾਂ ਨੇ ਆਪਣੇ ਸੋਸ਼ਲ ਖਾਤਿਆਂ ਤੇ ਗੁਰਬਾਣੀ ਜਾਂ ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਸਤਰਾਂ ਲੈ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖੀ ਵਿਚ ਕ੍ਰਿਸ਼ਨ ਦੀ ਉਸਤਤ ਹੈ । ਕਾਰਨ ਇਸਦਾ ਇਹ ਸੀ ਕਿ ਕੁਝ ਲੋਕਾਂ ਨੇ ਕ੍ਰਿਸ਼ਨ ਜੀ ਬਾਰੇ ਕੁਝ ਅਪਸ਼ਬਦ ਬੋਲ ਦਿੱਤੇ ਜਾਂ ਲਿਖ ਦਿੱਤੇ । ਇਹ ਸਭ ਵਰਤਾਰਾ ਕੁਝ ਰਾਗੀ ਸਿੰਘਾਂ ਦੀ ਗਾਈ ਧਾਰਨਾ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਹਾਂ-ਪੱਖੀ ਜਾਂ ਨਾ-ਪੱਖੀ ਵਰਤਾਰਾ ਸ਼ੁਰੂ ਹੋਇਆ । ਹਾਲਾਂਕਿ ਕੁਝ ਸਮੇਂ ਬਾਅਦ ਰਾਗੀ ਸਿੰਘਾਂ ਨੇ ਇਸ ਬਾਰੇ ਸਪਸ਼ਟੀਕਰਨ ਵੀ ਦਿੱਤਾ ਸੀ ।

ਹੋਇਆ ਕੀ ਕਿ ਕੁਝ ਸਮਾਂ ਪਹਿਲਾਂ ਇਕ ਵੀਡੀਉ ਸਾਹਮਣੇ ਆਈ ਜਿਸ ਵਿਚ ਰਾਗੀ ਸਿੰਘ ਗਾ ਰਹੇ ਸੀਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ । ਜਿਸਨੇ ਵੀ ਇਹ ਵੀਡੀਉ ਬਣਾਈ ਸੀ ਉਸਨੇ ਇਸ ਵਿਚ ਇਕ ਭਾਰੀ ਤਬਦੀਲੀ ਕੀਤੀ ਹੈ । ਹੋਇਆ ਕੀ ਹੈ ਕਿ ਇਹ ਧਾਰਨਾ ਗੁਰਦੁਆਰੇ ਵਿਚ ਗਾਈ ਗਈ ਸੀ, ਪਰ ਇਸ ਵਿਚ ਤਬਦੀਲੀ ਕਰਕੇ ਕੁਝ ਕੁ ਹਿੱਸਾ ਕ੍ਰਿਸ਼ਨ ਜੀ ਦੀ ਮੂਰਤੀ ਦਾ ਵੀ ਪਾਇਆ ਗਿਆ ਹੈ । ਦੇਖਣ ਵਾਲੇ ਨੂੰ ਇੰਝ ਲੱਗਦਾ ਹੈ ਕਿ ਸਿੱਖ ਮੂਰਤੀ ਦੇ ਸਾਹਮਣੇ ਬੈਠ ਕੇ ਗਾ ਰਹੇ ਨੇ । ਪਰ ਜੇ ਥੋੜ੍ਹਾ ਜਾ ਧਿਆਨ ਨਾਲ ਦੇਖੀਏ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਿਉਂਕਿ ਜਦੋਂ ਮੂਰਤੀ ਆਉਂਦੀ ਹੈ ਤਾਂ ਕੈਮਰੇ ਦੇ ਕਈ ਨਿਸ਼ਾਨ ਆਉਂਦੇ ਨੇ ਜਿਵੇਂ ਅਵਾਜ਼, ਸਮਾਂ, ਆਦਿ ਦੇ ਨਿਸ਼ਾਨ । ਇਹ ਜੋ ਗੀਤ ਹੈ ਇਹ ਬਹੁਤ ਪਹਿਲਾਂ ਦਾ ਕਿਸੇ ਗਾਇਕ ਨੇ ਵੀ ਗਾਇਆ ਹੋਇਆ ਹੈ ।

ਇਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਕਿਸੇ ਦੀ ਇਹ ਸ਼ਰਾਰਤ ਹੈ । ਜੇਕਰ ਰਾਗੀ ਸਿੰਘਾਂ ਨੂੰ ਹੀ ਦਰਸਾਉਣਾ ਸੀ ਕਿ ਉਹ ਕ੍ਰਿਸ਼ਨ ਜੀ ਦੀ ਉਸਤਤ ਕਰ ਰਹੇ ਨੇ ਤਾਂ ਸਿੱਧੀ ਵੀ ਵੀਡੀਉ ਪਾਈ ਜਾ ਸਕਦੀ ਸੀ ਬਿਨਾਂ ਕਿਸੇ ਹੇਰ-ਫੇਰ ਦੇ, ਪਰ ਇੱਦਾਂ ਨਹੀਂ ਹੋਇਆ । ਇਸ ਦੇ ਨਾਲ ਹੀ ਫਿਰ ਬਹਿਸ ਸ਼ੁਰੂ ਹੋ ਗਈ ਸੋਸ਼ਲ ਮੀਡੀਏ ਤੇ ਕਈਆਂ ਨੇ ਗੁਰੂ ਸਾਹਿਬਾਨ ਦੀ ਬਾਣੀ ਲੈ ਕੇ ਖੰਡਣ ਕੀਤਾ ਕਿ ਗੁਰਬਾਣੀ ਵਿਚ ਕਿਸੇ ਦੇਵੀ-ਦੇਵਤੇ ਦੀ ਉਸਤਤ ਨਹੀਂ ਹੈ । ਤੇ ਕਈਆਂ ਨੇ ਗੁਰਬਾਣੀ ਨਾਲ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਕ੍ਰਿਸ਼ਨ ਜੀ ਦੀ ਉਸਤਤ ਹੈ ਗੁਰਬਾਣੀ ਦੇ ਵਿਚ ।

ਰਾਗੀ ਸਿੰਘਾਂ ਨੇ ਬਾਅਦ ਵਿਚ ਇਹ ਸਪਸ਼ਟੀਕਰਨ ਦਿੱਤਾ ਕਿ ਕੁਰੂਕਸ਼ੇਤਰ ਜਾਂਦੇ ਹੋਏ ਪਿਪਲੀ ਵਿਚ ਇਕ ਸਮਾਗਮ ਹੋਇਆ ਤੇ ਇਹ ਧਾਰਨਾ ਪੜ੍ਹਨ ਤੋਂ ਪਹਿਲਾ ਇਹ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਰਾਮ ਅਤੇ ਕ੍ਰਿਸ਼ਨ ਅਤੇ ਅੱਲ੍ਹਾ ਨੇ, ਅਤੇ ਅਕਾਲ ਪੁਰਖ ਨੂੰ ਸੰਬੋਧਤ ਕਰਕੇ ਇਹ ਧਾਰਨਾ ਪੜ੍ਹੀ ਗਈ ਸੀ ।

ਮੈਨੂੰ ਯਾਦ ਹੈ ਕਿ ਪਹਿਲੀ ਵਾਰ ਮੈਨੂੰ ਕਿਸੇ ਨੇ ਭਾਈ ਗੁਰਦਾਸ ਜੀ ਦੀ ਵਾਰ ਦਾ ਹਵਾਲਾ ਦੇ ਕੇ ਇਹ ਕਿਹਾ ਸੀ ਕਿ ਇਸ ਵਿਚ ਕ੍ਰਿਸ਼ਨ ਜੀ ਦੀ ਉਸਤਤ ਹੈ । ਦਸਵੀਂ ਵਾਰ ਦੇ ਵਿਚ ਪੁਰਾਣੇ ਤੇ ਕਲਯੁਗ ਦੇ ਸਮੇਂ ਦੇ ਵਿਚ ਹੋਏ ਭਗਤਾਂ ਦੀਆਂ ਸੂਖਮ ਸਾਖੀਆਂ ਵਰਣਨ ਹਨ । ਇਸ ਵਿਚ ਹੀ ਸੁਦਾਮੇ ਦੀ ਸਾਖੀ ਮੌਜੂਦ ਹੈ । ਜੋ ਸਤਰ ਲੋਕ ਲਿਖਦੇ ਨੇ ਉਹ ਇਹ ਹੈ:

ਛਡਿ ਸਿੰਘਾਸਣੁ ਹਰਿ ਜੀ ਆਏ ।

ਇਹ ਵੀ ਅੱਧੀ ਸਤਰ ਹੈ । ਪੂਰੀ ਪਉੜੀ ਕੀ ਕਹਿੰਦੀ ਹੈ ਇਸ ਬਾਰੇ ਉਨ੍ਹਾਂ ਨੂੰ ਸ਼ਾਇਦ ਪਤਾ ਵੀ ਨਹੀਂ ।

ਇਸ ਪੂਰੀ ਪਉੜੀ ਦੇ ਵਿਚ ਸੁਦਾਮੇ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਉਹ ਕ੍ਰਿਸ਼ਨ ਜੀ ਨੂੰ ਮਿਲਦਾ ਹੈ । ਸੰਦੇਸ਼ ਤਾਂ ਇਹ ਹੈ ਕਿ ਕ੍ਰਿਸ਼ਨ ਜੀ ਇੰਨੇ ਵੱਡੇ ਰਾਜੇ ਹੋਣ ਦੇ ਬਾਵਜੂਦ ਵੀ ਆਪਣੇ ਪੁਰਾਣੇ ਦੋਸਤ ਨੂੰ ਨਹੀਂ ਭੁੱਲੇ ਜੋ ਅੱਤ ਦਾ ਗਰੀਬ ਸੀ । ਨਹੀਂ ਤਾਂ ਥੋੜ੍ਹੀ ਜਿਹੀ ਇੱਜ਼ਤ ਜਾਂ ਪੈਸਾ ਮਿਲਣ ਨਾਲ ਲੋਕ ਸਭ ਕੁਝ ਭੁੱਲ ਬੈਠਦੇ ਨੇ । ਪਰ ਕ੍ਰਿਸ਼ਨ ਜੀ ਨੇ ਇੰਝ ਨਹੀਂ ਕੀਤਾ, ਜਦੋਂ ਦੇਖਿਆ ਕਿ ਸੁਦਾਮਾ ਆਇਆ ਹੈ ਤਾਂ ਉਹ ਆਪਣਾ ਸਿੰਘਾਸਣ ਛੱਡ ਕੇ ਉਸਨੂੰ ਮਿਲਣ ਗਏ । ਹੋਰ ਤਾਂ ਹੋਰ ਉਸਨੂੰ ਸਿੰਘਾਸਣ ਤੇ ਬਿਠਾਇਆ ਤੇ ਫਿਰ ਸੁਦਾਮੇ ਦੇ ਪੈਰ ਧੋਤੇ । ਇਥੇ ਹੀ ਬਸ ਨਹੀਂ, ਕ੍ਰਿਸ਼ਨ ਜੀ ਨੇ ਸੁਦਾਮੇ ਦੇ ਲਿਆਂਦੇ ਹੋਏ ਚੌਲ ਵੀ ਖਾਧੇ । ਦੇਖੋ ਕਿੰਨਾ ਵੱਡਾ ਉਪਦੇਸ਼ ਹੈ । ਕੀ ਹੁਣ ਦੇ ਸਮੇਂ ਦੇ ਵਿਚ ਤੁਸੀਂ ਦੇਖਿਆ ਇਹ ਹੁੰਦਾ ? ਹੁਣ ਤਾਂ ਲੋਕ ਜਦ ਚਾਰ ਛਿੱਲੜ ਆ ਜਾਣ ਜਾਂ ਤਾਕਤ ਆ ਜਾਵੇ ਤਾਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ ।

ਭਾਰਤ ਦੇ ਕੁਝ ਕੁ ਰਾਜਾਂ ਦੇ ਵਿਚ ਇਹ ਦੇਖਣ ਨੂੰ ਆਇਆ ਹੈ ਕਿ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਵੱਡੇ-ਵੱਡੇ ਰਾਜਸੀ ਲੋਕ ਗਰੀਬਾਂ ਦੇ ਘਰਾਂ ਵਿਚ ਜਾ ਕੇ ਰੋਟੀ ਖਾਂਦੇ ਨੇ । ਪਰ ਇਹ ਲੋਕ ਦਿਖਾਵੇ ਤੋਂ ਬਿਨਾਂ ਕੁਝ ਨਹੀਂ ਹੁੰਦਾ । ਅਤੇ ਇਸ ਪਿਛੇ ਕਈ ਮਨੋਰਥ ਹੁੰਦੇ ਨੇ । ਪਰ ਸੁਦਾਮੇ ਦੀ ਸਾਖੀ ਦੇ ਵਿਚ ਇੰਝ ਨਹੀਂ ਸੀ । ਕ੍ਰਿਸ਼ਨ ਜੀ ਨੇ ਸੁਦਾਮੇ ਤੋਂ ਕੋਈ ਪੈਸਾ ਜਾਂ ਫਿਰ ਲੋਕਾਂ ਨੂੰ ੁਸ਼ ਕਰਨ ਦੇ ਲਈ ਇਹ ਨਹੀਂ ਕੀਤਾ । ਇਹ ਉਨ੍ਹਾਂ ਦਾ ਆਪਸ ਦੇ ਵਿਚ ਪ੍ਰੇਮ ਸੀ ਜੋ ਉਹ ਤਾਕਤ ਅਤੇ ਪੈਸਾ ਆਉਣ ਨਾਲ ਭੁੱਲੇ ਨਹੀਂ ।

ਉਪਦੇਸ਼ ਨਿਮਰਤਾ ਦਾ ਹੈ ਇਸ ਵਿਚ । ਪਰ ਲੋਕ ਇਸਨੂੰ ਕ੍ਰਿਸ਼ਨ ਜੀ ਦੀ ਉਸਤਤ ਸਮਝ ਲੈਂਦੇ ਨੇ । ਉਸਤਤ ਹਮੇਸ਼ਾ ਜੋਤਿ ਦੀ ਹੁੰਦੀ ਹੈ । ਪਰ ਜੋ ਲੋਕ ਕ੍ਰਿਸ਼ਨ ਜਾਂ ਫਿਰ ਰਾਮਚੰਦਰ ਜੀ ਨੂੰ ਮੰਨਦੇ ਨੇ ਉਹ ਗੁਰਬਾਣੀ ਅਤੇ ਸਿੱਖ ਸਾਹਿਤ ਵਿਚੋਂ ਇਨ੍ਹਾਂ ਦੀ ਉਸਤਤ ਲੱਭਣ ਲੱਗ ਜਾਂਦੇ ਨੇ । ਮੈਂ ਇਹ ਪਹਿਲਾਂ ਵੀ ਕਿਹਾ ਸੀ ਕਿ ਇਨ੍ਹਾਂ ਦੇ ਜੀਵਣ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਪਰ ਇਨ੍ਹਾਂ ਦੀ ਉਸਤਤ ਕਿਤੇ ਨਹੀਂ ਕੀਤੀ ਗਈ ।

ਇਸੇ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਭਾਈ ਗੁਰਦਾਸ ਜੀ ਨੇ ਲੈਲਾ ਅਤੇ ਮਜਨੂੰ ਦੀ ਵੀ ਗੱਲ ਕੀਤੀ ਹੈ ।

ਲੈਲੀ ਦੀ ਦਰਗਾਹ ਦਾ ਕੁਤਾ ਮਜਨੂੰ ਦੇਖਿ ਲੁਭਾਣਾ । - ਵਾਰ 37ਵੀਂ, ਪਉੜੀ 31ਵੀਂ

ਉਹ ਲੋਕ ਜੋ ਹੀਰ-ਰਾਂਝਾ ਜਾਂ ਮਿਰਜਾ-ਸਾਹਿਬਾ ਦੇ ਕਿੱਸੇ ਪੜ੍ਹਦੇ ਨੇ, ਜਾਂ ਜੋ ਜਵਾਨੀ ਵੇਲੇ ਕਿਸੇ ਨੂੰ ਪਿਆਰ ਕਰਨ ਦੀ ਗੱਲ ਕਰਦੇ ਨੇ, ਉਹ ਇਹ ਸਤਰ ਲੈ ਕੇ ਸ਼ਾਇਦ ਇਹ ਸਿੱਧ ਕਰਨ ਦੀ ਗੱਲ ਕਰਨ ਕਿ ਦੇਖੋ ਜੀ, ਮਜਨੂੰ (ਜਿਸਦਾ ਨਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਕੈਸ ਲਿਖਿਆ ਹੈ, ਜੋ ਮਜਨੂੰ ਹੋ ਜਾਂਦਾ ਹੈ ਭਾਵ ਦੀਵਾਨਾ ਹੋ ਗਿਆ) ਵੀ ਲੈਲਾ ਦੇ ਕੁੱਤੇ ਨੂੰ ਪਿਆਰ ਕਰਦਾ ਸੀ, ਇਸ ਲਈ ਆਪਣੀ ਸਹੇਲੀ ਦੇ ਕੁੱਤੇ ਨੂੰ ਪਿਆਰ ਕਰਨਾ ਕੋਈ ਗ਼ਲਤ ਗੱਲ ਨਹੀਂ ।ਪਰ ਇਸਦਾ ਉਪਦੇਸ਼ ਇਹ ਨਹੀਂ ਹੈ । ਜੇਕਰ ਆਪਾਂ ਇੱਦਾਂ ਹੀ ਇਕ-ਦੋ ਸਤਰਾਂ ਲੈ ਕੇ ਅਰਥ ਕਰਾਂਗੇ ਤਾਂ ਸਹੀ ਨਹੀਂ ਹੋਵੇਗਾ, ਾਸ ਕਰ ਜੇ ਇਹ ਪੂਰੇ ਸ਼ਬਦ ਦੇ ਅਰਥ ਵਿਚ ਨਹੀਂ ਆਉਂਦਾ ।

ਪਰ ਗੱਲ ਇਹੋ ਹੀ ਹੈ ਕਿ ਲੋਕ ਮੂਲ ਨੂੰ ਨਹੀਂ ਦੇਖਦੇ । ਸਿੱਖੀ ਵਿਚ ਸਭ ਕੁਝ ਮੂਲ ਹੀ ਹੈ । ਮੂਲ ਦੀ ਹੀ ਉਸਤਤ ਹੈ ।

 

ਗੁਰਦੁਆਰਾ ਸਾਹਿਬ ਵਿਚ ਨ੍ਰਿਤ

ਇਨ੍ਹਾਂ ਹੀ ਦਿਨਾਂ ਦੇ ਵਿਚ ਇਕ ਬਰ ਇਹ ਵੀ ਆਈ ਸੀ ਕਿ ਉਤਰਾਖੰਡ ਦੇ ਇਕ ਗੁਰਦੁਆਰੇ ਦੇ ਵਿਚ ਨ੍ਰਿਤ (ਨੱਚਣਾ) ਪੇਸ਼ ਕੀਤਾ ਗਿਆ ਸੀ ਜਨਮਅਸਟਮੀ ਕਰਕੇ । ਦੇਖੋ ਕਿੱਧਰ ਨੂੰ ਜਾ ਰਹੇ ਨੇ ਲੋਕ । ਦੇਖਣ ਵਿਚ ਉਹ ਕੁੜੀ ਕੋਈ ਜ਼ਿਆਦਾ ਉਮਰ ਦੀ ਨਹੀਂ ਲੱਗਦੀ ਸੀ, ਅਤੇ ਕਈ ਲੋਕ ਉਸਦੀ ਵੀਡੀਉ ਵੀ ਬਣਾਉਂਦੇ ਦੇਖੇ ਗਏ । ਹੋਰ ਤਾਂ ਹੋਰ, ਗੁਰੂ ਸਾਹਿਬ ਦੇ ਸੱਜੇ ਪਾਸੇ ਇਕ ਝੂਲਾ ਲਾਇਆ ਗਿਆ ਜਿਸ ਵਿਚ ਕ੍ਰਿਸ਼ਨ ਜੀ ਦੀ ਸ਼ਾਇਦ ਫ਼ੋਟੋ ਰੱਖੀ ਗਈ ਹੈ ਤੇ ਅੱਗੇ ਬੈਠਾ ਵਿਅਕਤੀ ਉਸਨੂੰ ਹਿਲਾ ਰਿਹਾ ਹੈ । ਕਿੱਡੀ ਭਾਰੀ ਬੇਅਦਬੀ ਹੈ ਇਹ । ਠੀਕ ਆ ਜੇਕਰ ਕੋਈ ਨ੍ਰਿਤ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਅਸਥਾਨਾਂ ਤੇ ਜਾ ਕੇ ਕਰੇ, ਪਰ ਜੇਕਰ ਗੁਰਦੁਆਰੇ ਵਿਚ ਆਉਣਾ ਹੈ ਤਾਂ ਉਥੇ ਗੁਰੂ ਦੀ ਮਰਯਾਦਾ ਚੱਲਣੀ ਚਾਹੀਦੀ ਹੈ, ਕਿਸੇ ਨਿੱਜੀ ਵਿਅਕਤੀ ਦੀ ਨਹੀਂ ।

ਸ਼ਾਇਦ ਇਸ ਲਈ ਹੀ ਕਿਹਾ ਜਾਂਦਾ ਹੈ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਲਾ ਇਕ ਸਿੰਘ ਜਾਂ ਸਿੰਘਣੀ ਹੋਣੀ ਚਾਹੀਦੀ ਹੈ । ਜੇਕਰ ਕਿਸੇ ਗੈਰ ਨੂੰ ਕਹੋਗੇ ਸੰਭਾਲ ਲਈ ਤਾਂ ਉਹ ਆਪਣੀਆਂ ਰੀਤਾਂ ਵੀ ਲੈ ਕੇ ਆਵੇਗਾ ਨਾਲ । ਇੱਦਾਂ ਹੀ ਤਾਂ ਹੋਇਆ ਸੀ 19ਵੀਂ ਸਦੀ ਦੇ ਵਿਚ ਜਦੋਂ ਲੋਕਾਂ ਨੇ ਆਪਣੀਆਂ ਰੀਤਾਂ ਗੁਰੂ ਘਰਾਂ ਵਿਚ ਵਾੜੀਆਂ । ਪਰ ਸਿੰਘਾਂ ਦੀ ਮਿਹਨਤ ਸਕਦਾ ਸਭ ਪੁਰਾਤਨ ਹੋ ਗਿਆ ਸੀ, ਤੇ ਨਵੀਨ ਰੀਤਾਂ ਨੂੰ ਠੱਲ ਪਈ ਸੀ ।

ਸਿੱਖੀ ਇਸੇ ਲਈ ਹੀ ਨਿਰਾਲੀ ਹੈ ਕਿਉਂਕਿ ਅਸੀਂ ਕਿਸੇ ਦੇ ਅਸਥਾਨਾਂ ਤੇ ਜਾ ਕੇ ਆਪਣੀ ਮਰਯਾਦਾ ਨਹੀਂ ਤੋਰਦੇ । ਹਾਂ, ਆਪਾਂ ਗੱਲ ਕਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਪਰ ਜਾਣਬੁਝ ਕੇ ਕਿਸੇ ਦੇ ਅਸਥਾਨਾਂ ਦੀ ਬੇਅਦਬੀ ਨਹੀਂ ਕਰਦੇ । ਇਹ ਹੀ ਗੁਰੂਆਂ ਦਾ ਮਾਰਗ ਹੈ । ਜੇਕਰ ਕਿਸੇ ਨੇ ਸਿੱਖੀ ਧਾਰਨ ਕਰਨੀ ਹੋਵੇਗੀ ਉਹ ਆਪ ਆਵੇਗਾ, ਉਸ ਅੱਗੇ ਨੱਚਣ ਦੀ ਲੋੜ ਨਹੀਂ । ਗੁਰਦੁਆਰੇ ਦੀ ਕਮੇਟੀ ਨੂੰ ਵੀ ਇਹ ਵਰਤਾਰਾ ਦੇਖਣਾ ਚਾਹੀਦਾ ਸੀ । ਕੀ ਉਨ੍ਹਾਂ ਨੂੰ ਪਤਾ ਹੀ ਨੀ ਲੱਗਿਆ ਕਿ ਕੋਈ ਨ੍ਰਿਤ ਪੇਸ਼ ਕਰੇਗਾ ? ਏਨੇ ਅਵੇਸਲੇ ਨੇ ਪ੍ਰਬੰਧਕ ਗੁਰਦੁਆਰਾ ਸਾਹਿਬ ਦੇ ?

ਆਓ ਆਪਾਂ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖੀ ਨੂੰ ਸੰਭਾਲ ਕੇ ਰੱਖੀਏ ਕਿਉਂਕਿ ਹਰ ਮੋੜ ਤੇ ਤੁਹਾਨੂੰ ਗੁਰੂ ਨਾਲੋਂ ਤੋੜਨ ਵਾਲਾ ਖੜ੍ਹਾ ਹੈ ।

Popular posts