ਪਿਛਲੇ ਦਿਨੀਂ ਇਕ ਘਟਨਾ ਸਾਹਮਣੇ ਆਈ ਜਿਸ ਵਿਚ ਕੁਝ ਕੁ
ਨੌਜਵਾਨ ਮੁੰਡੇ ਅੰਮ੍ਰਿਤ ਦੀ ਨਕਲ ਕਰਦੇ ਹੋਏ ਸ਼ਰਾਬ ਨੂੰ ਇਕ ਬਰਤਨ ਦੇ ਵਿਚ ਪਾ ਕਰ ਪੀ ਰਹੇ ਸਨ ।
ਉਨ੍ਹਾਂ ਨੌਜਵਾਨਾਂ ਵਿਚੋਂ ਇਕ ਸਿੱਖ ਘਰਾਣੇ ਨਾਲ ਸਬੰਧ ਰੱਖਣ ਵਾਲਾ ਵੀ ਸੀ । ਬਹੁਤੀ ਹੈਰਾਨੀ ਉਸ
ਨੌਜਵਾਨ ਤੇ ਹੋਈ, ਜੋ ਸ਼ਾਇਦ ਗੁਰੂ ਸਾਹਿਬ ਦੇ ਖਾਲਸਾ ਪੰਥ ਸਾਜਣ
ਤੋਂ ਵਾਕਫ਼ ਹੋਵੇਗਾ ।
ਕੀ ਨੌਜਵਾਨੀ ਦਾ ਨਸ਼ਾ ਏਨਾਂ ਜ਼ਿਆਦਾ ਚੜ੍ਹ
ਜਾਂਦਾ ਹੈ ਕਿ ਇਕ ਇਨਸਾਨ ਨੂੰ ਕੁਝ ਵੀ ਸੁੱਧ-ਬੁੱਧ ਨਹੀਂ ਰਹਿੰਦੀ ਸਹੀ ਗ਼ਲਤ ਦੀ ? ਦੇਖਣ 'ਚ ਤੇ ਬੋਲਣ ਦੇ ਵਿਚ ਉਹ ਸਾਰੇ ਪੰਜਾਬੀ ਹੀ
ਲੱਗਦੇ ਸਨ । ਜਦੋਂ ਸੋਸ਼ਲ ਮੀਡਿਏ ਤੇ ਉਨ੍ਹਾਂ ਦੀ ਵੀਡੀਉ ਬਹੁਤ ਲੋਕਾਂ ਨੇ ਦੇਖ ਲਈ ਤਾਂ ਉਨ੍ਹਾਂ
ਨੇ ਮੁਆਫ਼ੀ ਵੀ ਮੰਗੀ ਸਾਰਿਆਂ ਤੋਂ । ਸ਼ਾਇਦ ਇਸ ਦੀ ਵਜ੍ਹਾ ਡਰ ਸੀ । ਕਿ ਉਨ੍ਹਾਂ ਨੂੰ ਆਪਣੀ ਗ਼ਲਤੀ
ਦਾ ਅਹਿਸਾਸ ਹੋ ਗਿਆ ਸੀ ?
ਇਹ ਗੱਲ ਸਿਰਫ਼ ਉਸ ਸਿੱਖ ਘਰਾਣੇ ਨਾਲ ਸਬੰਧ
ਰੱਖਣ ਵਾਲੇ ਨੌਜਵਾਨ ਜਾਂ ਜੋ ਹੋਰ ਮੁੰਡੇ ਸੀ ਉਨ੍ਹਾਂ ਤੇ ਹੀ ਸੀਮਤ ਨਹੀਂ ਰਹਿੰਦੀ । ਸਿੱਖ ਘਰਾਂ
ਦੇ ਵਿਚ ਜੰਮੇ ਨੌਜਵਾਨ ਕੁਰਾਹੇ ਵਾਲੇ ਰਸਤੇ ਤੇ ਚੱਲ ਰਹੇ ਨੇ । ਉਨ੍ਹਾਂ ਨੂੰ ਇਸ ਦੁਨੀਆਂ ਦਾ,
ਸਿੱਖੀ ਦਾ, ਸਿੱਖੀ ਭੇਸ ਦੇ ਵਿਚ ਲੁਕੇ ਹੋਏ ਗ਼ੱਦਾਰਾਂ ਦਾ
ਕੁਝ ਵੀ ਨਹੀਂ ਪਤਾ । ਬਹੁਤੀ ਵਾਰ ਅਜਿਹਾ ਹੀ ਹੁੰਦਾ ਹੈ ਕਿ ਨੌਜਵਾਨ ਜਾਣੇ-ਅਨਜਾਣੇ ਦੇ ਵਿਚ
ਇਨ੍ਹਾਂ ਲੋਕਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ, ਤੇ ਫਿਰ ਸਿੱਖੀ
ਤੋਂ ਦੂਰ ਹੀ ਤੁਰਦੇ ਰਹਿੰਦੇ ਹਨ ।
ਇਹ ਨੌਜਵਾਨ ਪੀੜ੍ਹੀ ਸਿੱਖਾਂ ਦੀ ਆਉਣ ਵਾਲੀ
ਅਗਲੀ ਪੀੜ੍ਹੀ ਲਈ ਬਹੁਤ ਹੀ ਘਾਤਕ ਸਿੱਧ ਹੋ ਸਕਦੀ ਹੈ । ਕਿਉਂਕਿ ਜੇਕਰ ਕਿਸੇ ਨੂੰ ਖ਼ੁਦ ਰਸਤਾ
ਨਹੀਂ ਪਤਾ, ਤਾਂ ਉਹ ਕਿਸੇ ਹੋਰ ਨੂੰ ਰਸਤਾ ਨਹੀਂ ਦਿਖਾ
ਸਕਦਾ । ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਹੀ ਪਤਾ ਹੋਵੇ ਸਭ ਕੁਝ, ਪਰ ਜਿਹੜੀਆਂ ਮਰਿਯਾਦਾਵਾਂ ਗੁਰੂ ਸਾਹਿਬਾਨਾਂ ਨੇ ਬੰਨ੍ਹੀਆਂ ਸੀ ਘੱਟੋ-ਘੱਟ ਉਸ
ਬਾਰੇ ਤਾਂ ਪਤਾ ਹੋਵੇ, ਖ਼ੁਦ ਧਾਰਨੀ ਹੋਵੇ ਉਨ੍ਹਾਂ ਮਰਿਯਾਦਾਵਾਂ ਦਾ
ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰੇਰੇ । ਜੇ ਉਸਨੂੰ ਖ਼ੁਦ ਨੂੰ ਹੀ ਨਹੀਂ ਪਤਾ ਹੋਵੇਗਾ ਉਸਦਾ ਫਿਰ
ਉਹ ਕਿਸੇ ਦੂਸਰੇ ਨੂੰ ਵੀ ਦੱਸਣ ਦੇ ਕਾਬਿਲ ਨਹੀਂ ਹੋਵੇਗਾ । ਇਨ੍ਹਾਂ ਕਾਰਣਾਂ ਕਰਕੇ ਹੀ ਨੌਜਵਾਨ
ਪੀੜ੍ਹੀ ਨੂੰ ਭਟਕਾਇਆ ਜਾਂਦਾ ਹੈ ।
ਇਸਦੇ ਲਈ ਇਕ ਵਾਤਾਵਰਨ ਬਣਾਇਆ ਜਾਂਦਾ ਹੈ,
ਜਿਸ ਵਿਚ ਉਸ ਨੌਜਵਾਨ ਪੀੜ੍ਹੀ ਨੂੰ ਰੱਖਿਆ ਜਾਂਦਾ ਹੈ । ਹਰ ਸਮੇਂ ਤੇ ਜੋ ਵੀ
ਸਿੱਖੀ ਤੋਂ ਦੂਰ ਲੈ ਕਰ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਉਨ੍ਹਾਂ ਰਾਹੀ ਫਿਰ ਉਨ੍ਹਾਂ ਦਾ
ਪਾਲਣ-ਪੋਸ਼ਣ ਹੁੰਦਾ ਹੈ । ਉਹ ਚੀਜ਼ ਜੋ ਜ਼ਹਿਰ ਦੀ ਤਰ੍ਹਾਂ ਹੈ ਉਹ ਮਿੱਠੀ ਲੱਗਣ ਲੱਗ ਜਾਂਦੀ ਹੈ ।
ਹੌਲੀ-ਹੌਲੀ ਫਿਰ ਉਹ ਆਪਣੇ ਆਪ ਨੂੰ ਵੱਡਾ ਸਮਝ ਕਰ ਦੂਜਿਆਂ ਨੂੰ ਵੀ ਇਹ ਮਿੱਠਾ ਜ਼ਹਿਰ ਲੈਣ ਲਈ
ਪ੍ਰੇਰਦਾ ਹੈ । ਉਹ ਹੁਣ ਇਕ ਬੱਚਾ ਨਾ ਹੋ ਕਰ ਇਕ ਸਿਪਾਹੀ ਬਣ ਜਾਂਦਾ ਹੈ ਜੋ ਸਿੱਖ-ਵਿਰੋਧੀ ਸੰਸਥਾਵਾਂ
ਦੇ ਹੱਥ ਵਿਚ ਖੇਡਦਾ ਹੈ ।
ਅਜੇ ਕੱਲ੍ਹ ਦੀ ਹੀ ਗੱਲ ਹੈ ਮੈਂ ਇਕ ਸਿੱਖੀ
ਸਰੂਪ ਦੇ ਵਿਚ ਲੜਕੇ ਨੂੰ ਦੇਖਿਆ ਜੋ ਖ਼ੁਦ ਇਤਿਹਾਸ ਤੇ ਗੁਰਬਾਣੀ ਤੇ ਕਿੰਤੂ-ਪ੍ਰੰਤੂ ਕਰ ਰਿਹਾ ਸੀ
। ਮੈਂ ਜ਼ਿਆਦਾਤਰ ਬੁੱਢੇ ਲੋਕਾਂ ਨੂੰ ਹੀ ਦੇਖਿਆ ਹੈ ਜੋ ਗ਼ਲਤ ਪ੍ਰਚਾਰ ਕਰਦੇ ਹਨ । ਪਰ ਹੁਣ ਅਜਿਹਾ
ਪ੍ਰਤੀਤ ਹੋ ਰਿਹਾ ਹੈ ਕਿ ੨੫-੩੦ ਸਾਲਾਂ ਦੇ ਗੱਭਰੂ ਵੀ ਸਿੱਖ-ਵਿਰੋਧੀ ਸੰਸਥਾਵਾਂ ਦੇ ਅੜਿੱਕੇ
ਚੜ੍ਹ ਗਏ ਨੇ । ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਪੈਸੇ ਲਈ ਕੰਮ ਨਹੀਂ ਕਰਦੇ ਹੋਣਗੇ ।
ਮੈਂ ਗ਼ਲਤ ਵੀ ਹੋ ਸਕਦਾ ਹਾਂ । ਇਨ੍ਹਾਂ ਦਾ ਝੁਕਾਅ ਸਿੱਖ-ਵਿਰੋਧੀ ਲੋਕਾਂ ਵੱਲ ਇਸ ਲਈ ਵੱਧ ਜਾਂਦਾ
ਹੈ ਕਿਉਂਕਿ ਇਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ ਹੁੰਦਾ । ਮਿਸਾਲ ਦੇ ਤੌਰ ਤੇ ਇਹ ਲੋਕ ਗੁਰਬਾਣੀ
ਕੀਰਤਨ ਨਹੀਂ ਸੁਣਦੇ । ਜਾਂ ਕਥਾ ਵੱਲ ਇਨ੍ਹਾਂ ਦਾ ਕੋਈ ਵੀ ਧਿਆਨ ਨਹੀਂ ਹੁੰਦਾ । ਹਾਂ ਅਜਿਹਾ
ਜ਼ਰੂਰ ਹੋ ਸਕਦਾ ਹੈ ਕਿ ਕੁਝ ਕੁ ਪ੍ਰਚਾਰਕ ਜੋ ਇੱਧਰ-ਓਧਰ ਦੀ ਗੱਲਾਂ ਕਰ ਜਾਂਦੇ ਨੇ ਸਟੇਜਾਂ ਤੇ
ਉਨ੍ਹਾਂ ਨੂੰ ਇਹ ਸੁਣਦੇ ਹੋਣ । ਕਿਉਂਕਿ ਅੱਜ ਦੀ ਨਵੀਂ ਪਨੀਰੀ ਲਈ ਖ਼ੁਸ਼ਕ ਗਿਆਨ ਹੀ ਕਾਫ਼ੀ ਮਾਇਨੇ
ਰੱਖਦਾ ਹੈ ।
ਖ਼ੁਸ਼ਕ ਗਿਆਨੀ ਉਹ ਲੋਕ ਤਾਂ ਪੈਦਾ ਕਰ ਸਕਦੇ ਨੇ
ਜੋ ਤਰਕ ਤੇ ਤਰਕ ਕਰਕੇ ਆਪਣੀ ਗੱਲ ਸਿੱਧ ਕਰਦਾ ਹੋਵੇ । ਪਰ ਅਜਿਹੇ ਲੋਕ ਕੋਈ ਇਨਸਾਨ ਦਾ ਸੰਤਮਈ
ਜੀਵਨ ਨਹੀਂ ਬਣਾ ਸਕਦੇ । ਉਸਨੂੰ ਗੁਰੂ ਨਾਲ ਪਿਆਰ ਕਿਵੇਂ ਕਰਨਾ ਹੈ, ਉਹ
ਨਹੀਂ ਦੱਸ ਸਕਦੇ । ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਨਾਲ ਲਿਵ ਲਾਉਣ ਦਾ ਚਾਉ ਨਹੀਂ ਪੈਦਾ ਕਰ
ਸਕਦੇ । ਸੋ ਇਹ ਖ਼ੁਸ਼ਕ ਗਿਆਨੀ ਅੱਜ ਦੇ ਸਮੇਂ ਦੇ ਵਿਚ ਕੁਝ ਜ਼ਿਆਦਾ ਸੁਣੇ ਜਾ ਰਹੇ ਨੇ, ਜੋ ਸਿੱਖਾਂ ਨੂੰ ਕੁਰਾਹੇ ਪਾ ਰਹੇ ਨੇ ।
ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈ ਕਿ ਸਿਰਫ਼
ਖ਼ੁਸ਼ਕ ਗਿਆਨੀ ਹੀ ਆਪਣੀ ਗੱਲ ਰੱਖ ਰਹੇ ਨੇ ਸਟੇਜਾਂ ਤੇ । ਨਹੀਂ । ਬਹੁਤ ਸੁਹਿਰਦ ਕਥਾਵਾਚਕ ਵੀ ਹਨ
ਜੋ ਗੁਰਬਾਣੀ ਦਾ ਗਿਆਨ, ਗੁਰਇਤਿਹਾਸ ਦਾ ਗਿਆਨ ਬਖ਼ਸ਼ ਰਹੇ ਨੇ
ਸਿੱਖ-ਸੰਗਤਾਂ ਨੂੰ । ਪ੍ਰਚਾਰ ਹੋ ਰਿਹਾ ਹੈ । ਲੋਕਾਂ ਦੇ ਜੀਵਨ ਵੀ ਬਦਲ ਰਹੇ ਨੇ । ਪਰ ਮੈਂ
ਸਮਝਦਾ ਹਾਂ ਕਿ ਕਿਤੇ ਨਾ ਕਿਤੇ ਖ਼ੁਸ਼ਕ ਗਿਆਨੀਆਂ ਦਾ ਲੜ ਭਾਰਾ ਜਾਪਦਾ ਹੈ । ਪਰ ਇਹ ਸਮੇਂ-ਸਮੇਂ
ਹੁੰਦਾ ਹੀ ਰਹਿੰਦਾ ਹੈ । ਗੁਰੂ ਕਾਲ ਦੇ ਸਮੇਂ ਵੀ ਆਪਣੇ ਆਪ ਨੂੰ ਵਿਦਵਾਨ ਜਾਂ ਧਾਰਮਿਕ ਪੁਸਤਕਾਂ
ਦਾ ਗਿਆਤਾ ਕਹਾਉਣ ਵਾਲੇ ਗੁਰੂ ਸਾਹਿਬਾਨਾਂ ਨੂੰ ਟੱਕਰਦੇ ਰਹੇ ਸਨ । ਫਿਰ ਸਿੰਘ ਸਭਾਵਾਂ ਸਮੇਂ ਵੀ
ਖ਼ੁਸ਼ਕ ਗਿਆਨੀਆਂ ਨੇ ਸਿੰਘਾਂ ਨਾਲ ਟਕਰਾਉ ਕੀਤਾ ਸੀ । ਉਨ੍ਹਾਂ ਦੀਆਂ ਹੀ ਔਲਾਦਾਂ ਫਿਰ ਆ ਗਈਆਂ ਨੇ
ਆਪਣਾ ਖ਼ੁਸ਼ਕ ਗਿਆਨ ਲੈ ਕਰ ।
ਸੋ ਜਿਹੜੀ ਸਹੀ ਨੌਜਵਾਨ ਪੀੜ੍ਹੀ ਹੈ ਉਨ੍ਹਾਂ
ਨੂੰ ਚਾਹੀਦਾ ਹੈ ਕਿ ਜੋ ਉਨ੍ਹਾਂ ਨੇ ਹੁਣ ਤੱਕ ਗੁਰਬਾਣੀ ਤੇ ਗੁਰਇਤਿਹਾਸ ਬਾਰੇ ਸੁਣਿਆ ਹੈ ਉਹ ਵੱਧ
ਤੋਂ ਵੱਧ ਹੋਰ ਸਿੱਖ-ਸੰਗਤਾਂ ਰਾਹੀ ਪ੍ਰਚਾਰਿਆ ਜਾਵੇ । ਜੋ ਗੁਰਬਾਣੀ ਦੇ ਗਿਆਨ ਤੋਂ ਹੀਣੇ ਹਨ ਉਨ੍ਹਾਂ
ਖ਼ੁਸ਼ਕ ਗਿਆਨੀਆਂ ਦੇ ਵਿਚ ਭਾਵਨਾ ਨਾ ਹੋਣ ਕਰਕੇ ਸਿਰਫ਼ ਤਰਕ ਤੇ ਮਖੌਲ ਹੀ ਹੈ । ਸੋ ਇਨ੍ਹਾਂ ਖ਼ੁਸ਼ਕ
ਗਿਆਨੀਆਂ ਨੂੰ ਸ਼ਾਇਦ ਆਪਾਂ ਨਾ ਸੁਧਾਰ ਸਕੀਏ । ਜੇ ਕਿਸੇ ਨੇ ਪੈਸੇ ਨੂੰ ਹੀ ਆਪਣਾ ਬਾਪੂ ਮੰਨ ਲਿਆ
ਹੈ ਤਾਂ ਤੁਹਾਡਾ ਗਿਆਨ ਤੇ ਦਲੀਲਾਂ ਉਸ ਲਈ ਕੁਝ ਨਹੀਂ ਹਨ । ਪਰ, ਹਾਂ,
ਜੋ ਨੌਜਵਾਨ ਪੀੜ੍ਹੀ ਖ਼ੁਸ਼ਕ ਗਿਆਨੀਆਂ ਦੇ ਸੰਪਰਕ ਦੇ ਵਿਚ ਆ ਗਈ ਹੈ, ਉਨ੍ਹਾਂ ਨੂੰ ਜ਼ਰੂਰ ਸੁਧਾਰ ਸਕਦੇ ਹਨ ।
ਹੁਣ ਤਾਂ ਬਹੁਤ ਤਰੀਕੇ ਬਣ ਗਏ ਨੇ ਆਪਸ ਦੇ
ਵਿਚ ਜੁੜਨ ਦੇ ਲਈ । ਤੇ ਬਹੁਤ ਨੌਜਵਾਨਾਂ ਨੇ ਕਲਮਾਂ ਵੀ ਚੁੱਕ ਲਈਆਂ ਹਨ । ਫੇਸਬੁੱਕ ਤੇ ਹੋਵੇ
ਜਾਂ ਵੀਡੀਉ ਰਾਹੀਂ, ਉਹ ਇਨ੍ਹਾਂ ਖ਼ੁਸ਼ਕ ਗਿਆਨੀਆਂ ਨੂੰ ਉੱਤਰ ਦਿੰਦੇ
ਹੀ ਰਹਿੰਦੇ ਹਨ ਸਮੇਂ ਸਮੇਂ ਤੇ । ਉਨ੍ਹਾਂ ਸਭ ਭੈਣਾਂ ਤੇ ਭਰਾਵਾਂ ਦਾ ਮੈਂ ਅਤਿ ਧੰਨਵਾਦੀ ਹਾਂ ਜੋ
ਜਿਹੜਾ ਵੀ ਮਾਰਗ ਹੋਵੇ, ਜਿੰਨੀ ਵੀ ਸਮਝ ਹੋਵੇ, ਉਸ ਰਾਹੀ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ ।
ਕੁਝ ਆਪਣੇ 'ਚੋਂ
ਉਹ ਵੀ ਹੁੰਦੇ ਹਨ ਜੋ ਕਰਨਾ ਕੁਝ ਚਾਹੁੰਦੇ ਹਨ, ਪਰ ਕਰਦੇ ਨਹੀਂ ।
ਸੋ ਉਨ੍ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕੰਮ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ । ਇਹ ਕੰਮ
ਕਿਸੇ ਇਕ ਪ੍ਰਚਾਰਕ ਜਾਂ ਸੰਸਥਾ ਦਾ ਨਹੀਂ ਹੈ । ਸਿੱਖਾਂ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਸਿੱਖੀ
ਲਈ ਜੋ ਉਪਰਾਲੇ ਕਰ ਸਕਦੇ ਹਨ ਉਹ ਕਰਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ
ਤੋਂ ਰੋਕਿਆ ਜਾ ਸਕੇ ।
No comments:
Post a Comment