Wednesday, June 19, 2019

The Sikh and Delhi


ਮੈਂ ਸੋਚ ਰਿਹਾ ਸੀ ਕਿ ਮੈਂ ਸਿਰਫ਼ ਗੁਰਬਾਣੀ ਤੇ ਗੁਰ-ਇਤਿਹਾਸ ਤੇ ਹੀ ਆਪਣੀ ਲੇਖਣੀ ਨੂੰ ਰੱਖੂੰਗਾ । ਪਰ ਦਿੱਲੀ ਦੇ ਵਿਚ ਵਾਪਰੀ ਘਟਨਾ ਤੇ ਸੋਸ਼ਲ ਮੀਡਿਏ ਤੇ ਹੋ ਰਹੀ ਬਿਆਨਬਾਜ਼ੀ ਨੇ ਮੈਨੂੰ ਇਸ ਵੱਲ ਧੱਕ ਹੀ ਦਿੱਤਾ । ਲੱਗਭਗ ਹਰ ਇਕ ਸਿੱਖ-ਵਿਰੋਧੀ ਸੰਸਥਾ ਜਾਂ ਫਿਰ ਉਹ ਲੋਕ ਜੋ ਸਿੱਖੀ ਨੂੰ ਪਿਆਰ ਨਹੀਂ ਕਰਦੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਸ ਸਿੱਖ ਨੇ ਕਿਰਪਾਨ ਕੱਢ ਕੇ ਗ਼ਲਤ ਕੀਤਾ । ਹਾਂ ਉਹ ਇਹ ਵੀ ਕਹਿ ਰਹੇ ਨੇ ਕਿ ਉਸਦੀ ਕੁੱਟ-ਮਾਰ ਨਹੀਂ ਹੋਣੀ ਚਾਹੀਦੀ ਸੀ । ਪਰ ਉਨ੍ਹਾਂ ਦਾ ਪੂਰਾ ਧਿਆਨ ਸਿੱਖ ਦੀ ਕਿਰਪਾਨ ਤੇ ਹੀ ਜਾ ਰਿਹਾ ਹੈ, ਨਾਕਿ ਇਸ ਗੱਲ ਤੇ ਕਿ ਉਸਦੀ ਕੁੱਟ-ਮਾਰ ਹੋਈ । 'ਕੋਰਾ' ਤੇ ਇਕ ਪੋਸਟ ਵੀ ਇਸ ਵੱਲ ਹੀ ਇਸ਼ਾਰਾ ਕਰ ਰਹੀ ਹੈ ਤੇ ਉਹ ਲੱਗਭਗ ੩੦ ਹਜ਼ਾਰ ਲੋਕਾਂ ਵਲੋਂ ਦੇਖ ਲਈ ਗਈ ਹੈ । ਕੁਝ ਉਚ ਕੋਟੀ ਦੇ ਮੂਰਖ਼ ਇਸਨੂੰ ਖਾਲਿਸਤਾਨ ਨਾਲ ਜੋੜ ਕੇ ਦੇਖਣ ਲੱਗ ਪਏ ਨੇ । ਮੇਰਾ ਇਹ ਮੰਨਣਾ ਹੈ ਕਿ ਜਿਥੇ-ਕਿਤੇ ਵੀ ਇਕ ਸਿੱਖ ਵਲੋਂ ਸ਼ਕਤੀ ਦਾ ਪ੍ਰਦਰਸ਼ਨ ਹੁੰਦਾ ਹੈ ਉਸਨੂੰ ਖਾਲਿਸਤਾਨ ਨਾਲ ਜੋੜ ਹੀ ਦਿੱਤਾ ਜਾਂਦਾ ਹੈ । ਇਸਦਾ ਕਾਰਣ ਇਹ ਹੈ ਕਿ ਡੂੰਗਿਆਈ ਦੇ ਵਿਚ ਨਾ ਜਾ ਕਰ ਸਿਰਫ਼ ਇਹ ਕਹਿਕੇ ਸਾਰ ਦੋ ਕਿ ਇਹ ਘਟਨਾ ਖਾਲਿਸਤਾਨ ਨਾਲ ਜੁੜੀ ਹੈ ਤਾਂ ਜੋ ਬਹੁਤਾਤ ਦੇ ਵਿਚ ਲੋਕ ਉਸ ਸਿੱਖ ਦੀ ਗੱਲ ਸੁਨਣ ਹੀ ਨਾ ।
ਕੁਝ ਸੱਜੇ ਪੱਖੀਆਂ ਨੇ ਇਹ ਵੀ ਲਿਖਿਆ ਕਿ ਜੇ ਲੋਕ ਉਸ ਸਿੱਖ ਨਾਲ ਖੜ੍ਹੇ ਹੋ ਜਾਣਗੇ ਅੱਜ, ਤਾਂ ਫਿਰ ਕੱਲ ਨੂੰ ਕਸ਼ਮੀਰ ਦੇ ਵਿਚ ਜੋ ਹੋ ਰਿਹਾ ਹੈ ਉਸ ਵੱਲ ਵੀ ਲੋਕਾਂ ਦਾ ਨਰਮ ਸੁਭਾਅ ਹੋ ਜਾਵੇਗਾ । ਹਾਲਾਂਕਿ ਦੋਨਾਂ ਘਟਨਾਵਾਂ ਦਾ ਆਪਸ ਦੇ ਵਿਚ ਕੋਈ ਸੰਬੰਧ ਨਹੀਂ ਹੈ ਕਿਉਂਕਿ ਕਸ਼ਮੀਰ ਦੇ ਵਿਚ ਅਜ਼ਾਦੀ ਦੀ ਲੜਾਈ ਚੱਲ ਰਹੀ ਹੈ ਤੇ ਦਿੱਲੀ ਦੇ ਵਿਚ ਹੋਈ ਘਟਨਾ ਦਾ ਦੂਰ-ਦੂਰ ਤੱਕ ਉਸ ਨਾਲ ਕੋਈ ਵਾਸਤਾ ਨਹੀਂ ਹੈ ।
ਗਾਲੀ ਗਲੋਚ, ਰਿਸ਼ਵਤ, ਕਾਰ ਦੀ ਟੱਕਰ, ਤੇ ਹੋਰ ਗਈ ਗੱਲਾਂ ਸਿੱਖ ਤੇ ਪੁਲਿਸ ਦੇ ਵਿਚ ਹੋਈ ਝੜਪ ਦਾ ਕਾਰਣ ਦੱਸੀਆਂ ਜਾ ਰਹੀਆਂ ਹਨ । ਉਸ ਸਿੱਖ ਡਰਾਇਵਰ ਦਾ ਬਿਆਨ ਵੀ ਆਇਆ, ਅਤੇ ਕੁਝ ਪੁਲਿਸ ਵਾਲੇ ਸ਼ਾਇਦ ਬਰਖ਼ਾਸਤ ਵੀ ਕਰ ਦਿੱਤੇ ਗਏ ਹਨ । ਇਸ ਵਿਚ ਵੀ ਕੁਝ ਸਿੱਖ ਵਿਰੋਧੀਆਂ ਨੂੰ ਖੁਰਕ ਹੋਈ ਕਿ ਪੁਲਿਸ ਵਾਲੇ ਤਾਂ ਆਪਣੀ ਡਿਊਟੀ ਕਰ ਰਹੇ ਸੀ, ਬਰਖ਼ਾਸਤ ਕਿਉਂ ਕੀਤੇ ਗਏ ।
ਕੁਝ ਕੁ ਨੁੱਕਤੇ ਮੈਂ ਇਥੇ ਰੱਖਣਾ ਚਾਹੁੰਦਾ ਹਾਂ ।
੧. ਗੁਰੂ ਸਾਹਿਬਾਨ ਨੇ ਕਿਰਪਾਨ ਸਿਰਫ਼ ਜਨੇਊ ਵਾਂਙ ਪਾਉਣ ਲਈ ਨਹੀਂ ਦਿੱਤੀ । ਸਮੇਂ ਸਿਰ ਇਸਦਾ ਇਸਤੇਮਾਲ ਵੀ ਹੁੰਦਾ ਹੈ । ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ '੨੧ਵੀਂ ਸਦੀ ਤੇ ਸਿੱਖ' ਨਾਮੀ ਲੇਖਾਂ ਦੇ ਵਿਚ ਕਿ ਲੋਕ ਕਿਸ ਤਰ੍ਹਾਂ ਕਿਰਪਾਨ ਤੇ ਜਨੇਊ ਨੂੰ ਇਕ ਜਾਣ ਕੇ ਇਹ ਸਵਾਲ ਚੁੱਕ ਰਹੇ ਨੇ ਕਿ ਕਿਰਪਾਨ ਵੀ ਇਕ ਜਨੇਊ ਹੀ ਹੈ । ਸੋ ਜੇਕਰ ਕੋਈ ਤੁਹਾਡੇ ਨੇ ਹਮਲਾ ਕਰਦਾ ਹੈ ਤਾਂ ਤੁਸੀਂ ਬਸ ਛਿੱਤਰ ਖਾਣ ਨੂੰ ਹੀ ਹੋ ? ਕਿਰਪਾਨ ਬਸ ਫਿਰ ਇਕ ਸਜਾਵਟ ਲਈ ਗਹਿਣਾ ਹੈ ? ਇਹ ਗੁਰੂ ਸਾਹਿਬ ਵਲੋਂ ਦਿੱਤੀ ਹੋਈ ਉਹ ਬਖ਼ਸ਼ਿਸ਼ ਹੈ ਜਿਸਨੇ ਮੁਗ਼ਲ ਤਖ਼ਤਾਂ ਤੋਂ ਉਤਾਰ ਕੇ ਜ਼ਮੀਨ ਤੇ ਬਿਠਾ ਦਿੱਤੇ । ਕਿਸੇ ਨਿਰਦੋਸ਼ ਤੇ ਹਮਲਾ ਕਰਨਾ ਬਿਲਕੁਲ ਗ਼ਲਤ ਹੈ, ਪਰ ਜਦੋਂ ਤੁਹਾਨੂੰ ਗੱਲ ਮਾਰਨ-ਕੁੱਟਣ ਤੇ ਆ ਜਾਵੇ, ਫਿਰ ਬਸ ਮਾਰ ਕੁੱਟ ਖਾਈ ਜਾਵੋ ਸਵੇਰ ਦੀ ਰੋਟੀ ਦੀ ਤਰ੍ਹਾਂ ? ਨਾਲੇ ਬਹੁਤਾ ਹਿੱਸਾ ਵੀਡਿਉ ਦਾ ਇਹ ਦਿਖਾ ਰਿਹਾ ਹੈ ਕਿ ਜਦ ਉਸ ਕੋਲ ਕਿਰਪਾਨ ਨਹੀਂ ਵੀ ਸੀ ਤਦ ਵੀ ਉਸ ਨੂੰ ਡੰਡਿਆਂ ਨਾਲ ਮਾਰਿਆ ਜਾ ਰਿਹਾ ਸੀ । ਏਦਾਂ ਕਿਉਂ ?
੨. ਫਿਰ ਲੋਕ ਕਹਿ ਰਹੇ ਨੇ ਕਿ ਉਸ ਬੱਚੇ ਨੇ ਕਾਰ ਮਾਰਨ ਦੀ ਕੋਸ਼ਿਸ਼ ਕੀਤੀ । ਕੌਣ ਆਪਣੇ ਪਿਤਾ ਨੂੰ ਜਦ ਕੁੱਟਿਆ ਜਾ ਰਿਹਾ ਹੋਵੇ, ਉਸਨੂੰ ਦੇਖ ਸਕਦਾ ਹੈ ? ਨੇਕੀ ਵਰਗੀਆਂ ਚਵਲਾਂ ਤਾਂ ਚੱਲ ਸ਼ਾਇਦ ਇਹ ਕਰ ਸਕਦੀਆਂ ਹਨ, ਕਿਉਂਕਿ ਨੇਕੀ 'ਚ ਤੱਤ ਨਹੀਂ ਹਨ । ਪਰ ਕੋਈ ਆਮ ਵਿਅਕਤੀ ਕਦੇ ਆਪਣੇ ਦੋਸਤ ਨੂੰ ਕੁੱਟਦਾ ਹੋਇਆ ਨਹੀਂ ਦੇਖ ਸਕਦਾ, ਫਿਰ ਪਿਤਾ ਨੂੰ ਕਿਵੇਂ ਦੇਖ ਲਵੇਗਾ ? ਬਾਕੀ ਜਾਗਰੀਤੀ ਸ਼ੁਕਲਾ ਵਰਗੀਆਂ ਨੇ ਤਾਂ ੧੯੮੪ ਵੀ ਸਿੱਖਾਂ ਤੇ ਥੋਪ ਤਾ ਸੀ ਕਿ ਸਿੱਖ ਕਤਲੇਆਮ ਸਿੱਖਾਂ ਕਰਕੇ ਹੋਇਆ ਕਿਉਂਕਿ ਉਨ੍ਹਾਂ ਨੇ ਇੰਦਰਾਂ ਨੂੰ ਗੱਡੀ ਚੜ੍ਹਾਇਆ ਸੀ, ਤੇ ਫਿਰ ਇਸ ਘਟਨਾ ਦਾ ਇੱਕ ਸਿਰ ਤੇ ਥੋਪਣਾ ਕਿੰਨਾ ਕੁ ਔਖਾ ਹਊ ਇਨ੍ਹਾਂ ਲੋਕਾਂ ਲਈ ਤੁਸੀਂ ਖ਼ੁਦ ਹੀ ਸੋਚ ਸਕਦੇ ਹੋ ।
੩. ਔਕਾਤ ਦੇ ਬਾਹਰ ਜਾ ਕਰਕੇ ਜਾਂ ਫਿਰ ਬਹੁਤਾ ਦਿਮਾਗ਼ ਇਸਤੇਮਾਲ ਕਰਕੇ ਕੁਝ ਨੇ ਕਿਹਾ ਕਿ ਅਮਰੀਕਾ ਦੇ ਵਿਚ ਸਿੱਧਾ ਗੋਲੀ ਵੱਜਦੀ ਹੈ ਏਦਾਂ ਦੀ ਹਰਕਤ ਕਰਨ ਨਾਲ । ਪਰ ਇਹ ਕਿਉਂ ਭੁੱਲ ਗਏ ਕਿ ਉੱਥੇ ਪੁਲਿਸ ਸ਼ਰੇਆਮ ਨਹੀਂ ਕੁੱਟਦੀ ਕਿਸੇ ਨੂੰ । ਉੱਥੋਂ ਦੀ ਬਲੈਕ ਕਮਿਊਨਿਟੀ ਦੇ ਨਾਲ ਧੱਕਾ ਹੋ ਰਿਹਾ ਹੈ ਜਿਵੇਂ ਸਮੇਂ-ਸਮੇਂ ਸਿਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ । ਪਰ ਇਸ ਤਰੀਕੇ ਦਾ ਵਰਤਾਉ ਕਿਸੇ ਨਾਲ ਨਹੀਂ ਹੁੰਦਾ । ਜਾਂ ਤਾਂ ਸਟੇਟ ਕਹਿ ਦੇਵੇ ਕਿ ਸਾਨੂੰ ਸਿੱਖ ਪਸੰਦ ਨਹੀਂ, ਫਿਰ ਤਾਂ ਚਲੋ ਮੰਨ ਲਵਾਂਗੇ ਤੁਹਾਡੇ ਕੀਤੇ ਹੋਏ ਧੱਕਿਆ ਦਾ ਕਾਰਣ । ਪਰ ਜੇ ਏਦਾਂ ਦੀ ਕੋਈ ਗੱਲ ਨਹੀਂ ਫਿਰ ਕਿਉਂ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ ? ਬਸ ਪੁਲਿਸ ਇਹੀਓ ਸਭ ਕਰ ਸਕਦੀ ਹੈ ? ਪਹਿਲਾਂ ੮੦-੯੦ ਦਹਾਕਿਆਂ ਦੇ ਵਿਚ ਨਿਰਦੋਸ਼ ਸਿੱਖ ਮਾਰਨੇ ਤੇ ੧੯੮੪ ਦੇ ਵਿਚ ਬਸ ਦਰਸ਼ਕ ਬਣਕੇ ਬੈਠ ਜਾਣਾ ਤੇ ਕੁਝ ਨਹੀਂ ਕਰਨਾ, ਇਹੀਓ ਹਨ ਤੁਹਾਡੀਆਂ ਪ੍ਰਾਪਤੀਆਂ ?
੪. ਹਾਂ ਫਿਰ ਗੱਲ ਆਉਂਦੀ ਹੈ ਉਸ ਸਿੱਖ ਦੇ ਉੱਤੇ ਚੱਲ ਰਹੇ ਕੇਸਾਂ ਦੀ । ਮੈਨੂੰ ਇਸ ਬਾਰੇ ਨਹੀਂ ਪਤਾ ਕਿ ਇਸ ਦੇ ਵਿਚ ਕਿੰਨੀ ਕੁ ਸੱਚਾਈ ਹੈ । ਪਰ ਕੀ ਇਹ ਸਹੀ ਪੈਮਾਨਾ ਹੈ ਕਿ ਜੇਕਰ ਕਿਸੇ ਤੇ ਕੇਸ ਚੱਲ ਰਹੇ ਹੋਣ ਤਾਂ ਫਿਰ ਉਸਨੂੰ ਸ਼ਰੇਆਮ ਕੁੱਟੀ ਚਲੋ ਦਿਨ-ਦਿਹਾੜੇ ? ਇਹ ਲੋਕ ਜੋ ਇਸਦਾ ਇਸਤੇਮਾਲ ਕਰ ਰਹੇ ਹਨ, ਇੰਨਾਂ ਦੇ ਆਪਣੇ ਲੀਡਰ ਜੋ ਪਾਰਲੀਮੈਂਟ ਦੇ ਵਿਚ ਹਨ ਉਨ੍ਹਾਂ ਤੇ ਕਿੰਨੇ ਕੇਸ ਦਰਜ਼ ਹਨ ? ਹੁਣ ਤਾਂ ਭਾਰਤ ਦੀ ਪਾਰਲੀਮੈਂਟ ਦੇ ਵਿਚ ਇਕ ਅੱਤਵਾਦੀ ਘਟਨਾ ਲਈ ਜ਼ਿੰਮੇਵਾਰ ਬੀਬੀ ਵੀ ਹੈ । ਜੇਕਰ ਤੁਸੀਂ ਥੋੜ੍ਹਾ ਜਾ ਵੀ ਉਸ ਬਾਰੇ ਪੜ੍ਹਿਆ ਹੋਵੇਗਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੀਆਂ ਦਲੀਲਾਂ ਦੇ ਕਰ ਇਹ ਸਾਬਿਤ ਕਰਦੇ ਨੇ ਕਿ ਉਹ ਬੇਕਸੂਰ ਫਸਾਈ ਗਈ ਕਾਂਗਰਸ ਦੇ ਟਾਈਮ ਤੇ । ਇਕ ਅੱਤਵਾਦ ਦੀ ਘਟਨਾ ਲਈ ਜ਼ਿੰਮੇਵਾਰ ਇਕ ਸੰਤ ਹੋ ਗਈ, ਤੇ ਇੱਕ ਗੱਡੀ ਚਲਾਉਣ ਵਾਲਾ ਮੁਲਜ਼ਮ ।
ਬਾਕੀ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਜੋ ਸਿੱਖ ਭਾਈਚਾਰੇ ਨੇ ਏਕਤਾ ਦਿਖਾਈ ਹੈ ਉਹ ਕਾਬਲੇ ਤਾਰੀਫ਼ ਹੈ । ਸਿਰਸੇ ਦੀ ਸਾਰਿਆਂ ਸਾਹਮਣੇ ਉਸ ਸਿੱਖ ਦੀ ਹਮਾਇਤ ਕਰਨਾ ਇਕ ਫ਼ਕਰ ਦੀ ਗੱਲ ਹੈ । ਇਹੋਂ ਜਿਹੇ ਲੀਡਰ ਜੇਕਰ ਅਕਾਲੀ ਦਲ ਦੀ ਹਾਈ ਕਮਾਂਡ ਦੇ ਵਿਚ ਹੋਣ ਬਾਦਲਾਂ ਨੂੰ ਛੱਡਕੇ ਤਾਂ ਇਕ ਹੋਰ ਹੀ ਦ੍ਰਿਸ਼ ਹੋਵੇਗਾ । ਖ਼ੈਰ ਇਹ ਕੁਝ ਹੋਰ ਮੁੱਦੇ ਨੇ ।
ਸੋ ਚਾਹੇ ਕੋਈ ਵੀ ਬੇ-ਇੰਨਸਾਫ਼ੀ ਕਿਸੇ ਇਕ ਨਾਲ ਹੋਵੇ ਜਾਂ ਹਜ਼ਾਰਾਂ ਨਾਲ, ਆਪਾਂ ਸਾਰਿਆਂ ਨੂੰ ਉਨ੍ਹਾਂ ਨਾਲ ਖੜ੍ਹਨਾ ਚਾਹੀਦਾ ਹੈ । ਚਾਹੇ ਉਹ ਕੋਈ ਗ਼ੈਰ-ਸਿੱਖ ਹੀ ਕਿਉਂ ਨਾ ਹੋਵੇ ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ॥

No comments:

Post a Comment

Popular posts