ਕੁਝ ਕੁ ਸਮੇਂ ਤੋਂ ਸਿੱਖ ਪੰਥ ਅੰਦਰ ਖ਼ੁਸ਼ਕ ਗਿਆਨੀਆਂ ਦੀ
ਗਿਣਤੀ ਬਹੁਤ ਵੱਧ ਗਈ ਹੈ । ਪਹਿਲਾਂ ਪਹਿਲ ਸਿੱਖੀ ਤੇ ਹਮਲੇ ਕਰਨ ਦੇ ਲਈ ਤਲਵਾਰਾਂ ਦਾ ਜ਼ੋਰ ਚੱਲਿਆ, ਫਿਰ ਆਏ ਗੁਰਬਾਣੀ
ਨੂੰ ਗੁਰਬਾਣੀ ਨਾ ਮੰਨਣ ਵਾਲੇ । ਜਦ ਹੁਣ ਸਭ ਕੁਝ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਬਦਲਿਆ ਸਿੱਖਾਂ
ਦੇ ਵਿਚ ਤਾਂ ਸਿੱਖ-ਵਿਰੋਧੀਆਂ ਨੇ ਇਹ ਖ਼ੁਸ਼ਕ ਗਿਆਨੀ ਪੰਥ ਦੇ ਵਿਚ ਵਾੜ੍ਹ ਦਿੱਤੇ ਨੇ ।
ਖ਼ੁਸ਼ਕ ਗਿਆਨੀ ਉਹ ਨੇ ਜੋ ਗੁਰਬਾਣੀ ਨੂੰ ਬਸ ਇਕ
ਆਮ ਜਿਹੀ ਕਵਿਤਾ ਦੇ ਰੂਪ ਦੇ ਵਿਚ ਦੇਖਦੇ ਹਨ, ਤੇ ਗੁਰਬਾਣੀ ਨੂੰ ਲਿਆਉਣ ਵਾਲੇ ਗੁਰੂਆਂ ਨੂੰ ਆਮ ਇਨਸਾਨ
ਸਮਝਦੇ ਨੇ । ਇਹ ਰੀਤ ਜੋ ਤੁਰੀ ਹੋਈ ਹੈ ਇਹ ਉਸੇ ਰਸਤੇ ਤੇ ਸਿੱਖਾਂ ਨੂੰ ਪਹੁੰਚਾਉਣ ਦਾ ਯਤਨ
ਕਰੇਗੀ ਜਿਸ ਤੇ ਪਹਿਲਾਂ ਦੇ ਪੰਥ-ਦੋਖੀਆਂ ਨੇ ਪਹੁੰਚਾਉਣਾ ਸੀ । ਮਨੋਰਥ ਇਕੋ ਹੀ ਸੀ ਸਭ ਦਾ ।
ਜਦੋਂ ਹੁਣ ਉਹ ਮਨੋਰਥ ਪੂਰਾ ਨਹੀਂ ਹੋ ਸਕਿਆ ਤਾਂ ਇਨ੍ਹਾਂ ਖ਼ੁਸ਼ਕ ਗਿਆਨੀਆਂ ਦੀ ਮਦਦ ਲਿੱਤੀ ਜਾ ਰਹੀ
ਹੈ ।
ਇਹ ਖ਼ੁਸ਼ਕ ਗਿਆਨੀਆਂ ਦੀ ਜੋ ਬਹੁਤ ਵੱਡੀ ਸੱਟ
ਹੈ ਪੰਥ ਤੇ ਉਹ ਹੈ ਗੁਰਬਾਣੀ ਦੇ ਅਰਥ ਆਪਣੀ ਬੁੱਧੀ ਨਾਲ ਕਰਨੇ । ਇਨ੍ਹਾਂ ਖ਼ੁਸ਼ਕ ਗਿਆਨੀਆਂ ਵਿਚ ਜੋ
ਦੋ ਪ੍ਰਮੁੱਖ ਲੋਕ ਹਨ ਉਹ ਹਨ ਢੱਡਰੀਆਂ ਵਾਲਾ ਤੇ ਧਰਮ ਸਿੰਘ ਨਿਹੰਗ । ਢੱਡਰੀਆਂ ਵਾਲਿਆਂ ਦੀਆਂ
ਗੱਲਾਂ ਤਾਂ ਹਾਸੋ-ਹੀਣ ਲੱਗਦੀਆਂ ਹਨ । ਪਰ ਇਸ ਵਿਚ ਉਹ ਤਰਕ ਕਰਕੇ ਆਪਣੀ ਹਾਸੋ-ਹੀਣੀ ਗੱਲ ਨੂੰ ਵੀ
ਇਕ ਗੁੱਝਾ ਹੋਇਆ ਭੇਦ ਦੱਸਣ ਦਾ ਯਤਨ ਕਰਦਾ ਹੈ । ਇਸ ਗੁੱਝੇ ਹੋਏ ਬੇਮਤਲਬੀ ਭੇਦ ਨੂੰ ਸਮਝਣ ਦੇ ਲਈ
ਕੁਝ ਸਿੱਖ ਇਸਦੇ ਨਾਲ ਜੁੜ ਗਏ ਨੇ । ਇਞੇ ਹੀ ਧਰਮ ਸਿੰਘ ਦੀ ਗੱਲ ਹੈ । ਧਰਮ ਸਿੰਘ ਆਪਣੇ ਭਾਅਦਾ
ਬਹੁਤ ਡੂੰਗੀ ਗੱਲ ਕਰਨ ਦਾ ਯਤਨ ਕਰਦਾ ਹੈ,
ਪਰ ਕਿਤੇ ਨਾ ਕਿਤੇ ਇਹ ਵੀ ਆਪਣੀਆਂ ਬੇ-ਤੁਕੀਆਂ ਗੱਲਾਂ
ਨਾਲ ਲੋਕਾਂ ਦਾ ਦਿਲ ਜਿੱਤਣ ਦਾ ਯਤਨ ਕਰਦਾ ਹੈ ।
ਧਰਮ ਸਿੰਘ ਤੇ ਢੱਡਰੀਆਂ ਵਾਲੇ ਦੇ ਵਿਚ
ਥੋੜ੍ਹਾ ਜਾ ਫਰਕ ਤਾਂ ਹੈ । ਢੱਡਰੀ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਮੂਰਖ਼ ਬਣਾ ਰਿਹਾ ਹੈ ਆਪਣੀਆਂ
ਦਲੀਲਾਂ ਨਾਲ, ਪਰ ਧਰਮ ਸਿੰਘ ਮੂਰਖ਼ ਦੇ ਨਾਲ-ਨਾਲ ਇਕ ਕਾਫ਼ਲਾ ਵੀ ਬਣਾ ਰਿਹਾ ਹੈ ਜੋ ਉਸ ਦੀਆਂ ਗੱਲਾਂ
ਸੁਣ ਲੋਕਾਂ ਨਾਲ ਬਹਿਸਣ ਲੱਗ ਜਾਂਦੇ ਨੇ ।
ਇਨ੍ਹਾਂ ਦੋਹਾਂ ਦੇ ਵਿਚੋਂ ਕਿਸੇ ਇਕ ਨੇ ਵੀ
ਗੁਰਬਾਣੀ ਪੂਰੀ ਨਹੀਂ ਪੜ੍ਹੀ ਕਿਉਂਕਿ ਜੇਕਰ ਪੜ੍ਹੀ ਹੁੰਦੀ ਤਾਂ ਇਨ੍ਹਾਂ ਨੂੰ ਇਹ ਸਮਝ ਲੱਗ ਜਾਣਾ
ਸੀ ਕਿ ਇਹ ਕਿੰਨੇ ਗ਼ਲਤ ਨੇ । ਕੁਝ ਕੁ ਲੋਕਾਂ ਨੇ ਧਰਮ ਸਿੰਘ ਨੂੰ ਏਜੰਸੀਆਂ ਦਾ ਬੰਦਾ ਵੀ ਦੱਸਿਆ
ਹੈ । ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਇਹ ਕਿੰਨੀ ਕੁ ਸਹੀ ਗੱਲ ਹੈ, ਪਰ ਧਰਮ ਸਿੰਘ
ਆਪਣੀ ਕੀਤੀ ਹੋਈ ਵੀਚਾਰ ਨਾਲ ਲੋਕਾਂ ਨੂੰ ਗੁੰਮਰਾਹ ਜ਼ਰੂਰ ਕਰ ਰਿਹਾ ਹੈ ਤੇ ਇਹ ਗੱਲ ਬਹੁਤਿਆਂ ਨੇ
ਖੋਲ੍ਹ ਕੇ ਵੀ ਦੱਸੀ ਹੈ ਸਾਰਿਆਂ ਨੂੰ ।
ਜੋ ਇਕ ਗੱਲ ਦੀ ਹਮੇਸ਼ਾ ਤਕਲੀਫ਼ ਰਹੀ ਹੈ ਉਹ ਇਹ
ਕਿ ਸਿੱਖ ਬਹੁਤ ਹੀ ਜ਼ਲਦ ਇਨ੍ਹਾਂ ਲੋਕਾਂ ਦੇ ਅੜਿੱਕੇ ਚੜ੍ਹ ਜਾਂਦੇ ਨੇ । ਸ਼ਾਇਦ ਇਹ ਕਹਿਣਾ ਗ਼ਲਤ
ਨਹੀਂ ਹੋਵੇਗਾ ਕਿ ਇਸ ਮਾਮਲੇ ਦੇ ਵਿਚ ਸਿੱਖ ਨੌਜਵਾਨਾਂ ਦਾ 'ਬ੍ਰੇਨਵਾਸ਼' ਕਰਨਾ ਬਹੁਤ ਸੌਖਾ ਹੈ । ਨਾ ਹੀ ਬਹੁਤੇ ਸਿੱਖ ਆਪਣੇ
ਇਤਿਹਾਸ ਨੂੰ ਪੜ੍ਹਦੇ ਹਨ, ਨਾ ਹੀ ਗੁਰਬਾਣੀ ਨੂੰ,
ਨਾ ਹੀ ਖੋਜੀ ਵਿਦਵਾਨਾਂ ਨੂੰ, ਬਸ ਇਨ੍ਹਾਂ ਖ਼ੁਸ਼ਕ
ਗਿਆਨੀਆਂ ਨੂੰ ਸੁਣਕੇ ਸਿੱਖਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਕਿਹੜੀ ਹੀਰਿਆਂ ਦੀ ਖਾਣ ਹੱਥ ਦੇ
ਵਿਚ ਲੱਗ ਗਈ । ਫਿਰ ਇਸ ਕੋਲੇ ਨੂੰ ਹੀਰਾ ਸਮਝਣ ਦਾ ਯਤਨ ਕਰ ਰਹੇ ਲੋਕ ਨਾ ਸਿਰਫ਼ ਆਪਣਾ ਨੁਕਸਾਨ
ਕਰਦੇ ਹਨ ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਗ਼ਲਤ ਰਾਹ ਉੱਤੇ ਤੋਰਦੇ ਹਨ ।
ਮੈਂ ਅਜੇ ਇਨ੍ਹਾਂ ਲੋਕਾਂ ਵਲੋਂ ਪੈਦਾ ਕੀਤੇ
ਹੋਏ ਨੌਜਵਾਨਾਂ ਨੂੰ ਇਹ ਕਹਿੰਦੇ ਹੋਏ ਸੁਨਣਾ ਹੈ ਕਿ ਆਉ ਆਪਾਂ ਮਿਲਕੇ ਗੁਰਬਾਣੀ ਪੜ੍ਹੀਏ ਜਾਂ ਫਿਰ
ਗੁਰਮੰਤ੍ਰ ਦਾ ਅਭਿਆਸ ਕਰੀਏ । ਇਨ੍ਹਾਂ ਕਰਕੇ ਇਕ ਆਦਮੀ ਨੂੰ ਬਹੁਤ ਸੋਝੀ ਆ ਜਾਂਦੀ ਹੈ ।
ਗੁਰਮੰਤ੍ਰ ਦਾ ਅਭਿਆਸ ਹੋਵੇ ਜਾਂ ਫਿਰ ਗੁਰਬਾਣੀ ਗਾਉਣ ਦਾ, ਇਸ ਕਰਕੇ ਇਕ ਆਦਮੀ ਦੀ ਉਸ ਪਰਮਾਤਮਾ ਨਾਲ ਮਿਲਣ ਦੀ
ਕੋਸ਼ਿਸ਼ ਦੇ ਵਿਚ ਉਹ ਸਭ ਸਮਝਣ ਲੱਗ ਜਾਂਦਾ ਹੈ । ਉਸਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਗੁਰੂ ਜੋ
੧੫੨੬ ਬਿਕਰਮੀ ਨੂੰ ਇਸ ਧਰਤੀ ਤੇ ਆਇਆ ਸੀ ਉਹ ਇਕ ਆਮ ਇਨਸਾਨ ਵਾਂਙ ਭਗਤੀ ਕਰਨ ਆਇਆ ਸੀ ਜਾਂ ਫਿਰ
ਪਰਮਾਤਮਾ ਦਾ ਨਿਜ-ਸਰੂਪ ਸੀ ।
ਤੁਸੀਂ ਖ਼ੁਦ ਦੇਖ ਸਕਦੇ ਹੋ ਸੰਤ-ਮਹਾਤਮਾਂ
ਦੀਆਂ ਜੀਵਨੀਆਂ ਦੇ ਵਿਚ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਨੇ, ਉਨ੍ਹਾਂ ਨੂੰ ਗੁਰੂ
ਤੇ ਪਰਮਾਤਮਾ ਦੀ ਅਭੇਦਤਾ ਦਾ ਪਤਾ ਹੈ,
ਪਰ ਜੋ ਲੋਕ ਸਿਰਫ਼ ਗੱਲ ਤਰਕ ਤੇ ਰੱਖ ਦਿੰਦੇ ਨੇ ਬਿਨਾਂ
ਅਭਿਆਸ ਕੀਤੇ ਉਨ੍ਹਾਂ ਲਈ ਇਹ ਜਾਨਣਾ ਬਹੁਤ ਮੁਸ਼ਕਲ ਹੈ । ਇਸ ਲਈ ਮੈਂ ਪਹਿਲਾਂ ਕਿਹਾ ਕਿ ਅਭਿਆਸ
ਕਰਨ ਦੇ ਵਿਚ ਧਰਮ ਤੇ ਢੱਡਰੀ ਨੂੰ ਪਸੰਦ ਕਰਨ ਵਾਲੇ ਲੋਕ ਅਸਮਰਥ ਜਾਪਦੇ ਹਨ ।
ਸਿੱਖੀ ਦਾ ਮਾਰਗ ਜਿੰਨਾ ਅਸਾਨ ਹੈ ਓਨਾਂ
ਮੁਸ਼ਕਲ ਵੀ ਹੈ । ਅਸਾਨ ਇਸ ਕਰਕੇ ਕਿ ਗੁਰਬਾਣੀ ਪੜ੍ਹਨੀ ਹੈ ਤੇ ਗੁਰਮੰਤ੍ਰ ਦਾ ਅਭਿਆਸ ਕਰਨਾ ਹੈ; ਮੁਸ਼ਕਲ ਇਸ ਲਈ
ਕਿਉਂਕਿ ਇਹ ਕੋਈ ਅਸਾਨ ਤਰੀਕਾ ਨਹੀਂ ਹੈ,
ਅੰਮ੍ਰਿਤ ਵੇਲੇ ਉੱਠਣਾ, ਵਿਸ਼ੇ-ਵਿਕਾਰਾਂ ਤੇ
ਕਾਬੂ ਰੱਖਣਾ, ਗੁਰੂ ਲਈ ਆਦਰ ਹੋਣਾ, ਨਿਤਨੇਮ ਦੇ ਪੱਕੇ ਹੋਣਾ,
ਇਤਿਆਦਿ ਬਹੁਤ ਕਠਿਨ ਚੀਜ਼ਾਂ ਹਨ । ਜਾਣੇ-ਅਨਜਾਣੇ ਦੇ
ਵਿਚ ਆਪਣੇ ਤੋਂ ਬਹੁਤ ਭੁੱਲਾਂ ਹੋ ਜਾਂਦੀਆਂ ਹਨ । ਫਿਰ ਸਮਾਂ ਪਾ ਕਰ ਸਮਝ ਲੱਗਦਾ ਹੈ ਕਿ ਗ਼ਲਤੀ
ਕਿਥੇ ਤੇ ਕਿਵੇਂ ਹੋਈ ।
ਆਉ ਇਨ੍ਹਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ
। ਕਿਉਂਕਿ ਜੇਕਰ ਹੁਣ ਗੁਰਬਾਣੀ ਤੇ ਸਿੱਧੇ ਹਮਲੇ ਨਹੀਂ ਹੋ ਰਹੇ ਤਾਂ ਅਸਿੱਧੇ ਤੌਰ ਤੇ ਹਮਲਾ ਕਰਨ
ਦੇ ਲਈ ਇਨ੍ਹਾਂ ਖ਼ੁਸ਼ਕ ਗਿਆਨੀਆਂ ਵਲੋਂ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਨੇ, ਜਿਸ ਨਾਲ ਇਕ
ਇਨਸਾਨ ਤਰਕਵਾਦੀ ਤਾਂ ਬਣ ਸਕਦਾ ਹੈ, ਪਰ ਗੁਰਬਾਣੀ ਪ੍ਰਤੀ ਪ੍ਰੇਮ ਤੇ ਸ਼ਰਧਾ ਉਸਦੇ ਮਨ ਦੇ ਵਿਚ ਕਦੇ ਵੀ ਸਥਾਪਿਤ ਨਹੀਂ
ਹੋ ਸਕਦੀ । ਜੇ ਸ਼ਰਧਾ ਨਹੀਂ ਗੁਰਬਾਣੀ ਪ੍ਰਤੀ, ਗੁਰੂਆਂ ਪ੍ਰਤੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਰਫ਼ ਇਕ
ਮਾਰਗ-ਦਰਸ਼ਕ ਬਣਕੇ ਰਹਿ ਜਾਵੇਗੀ । ਜੋ ਖ਼ੁਦ ਖ਼ੁਦਾ ਦਾ ਰੂਪ ਹੈ ਬਾਣੀ, ਸ਼ਬਦ ਰੂਪ, ਉਹ ਫਿਰ ਬਸ ਇਕ ਆਮ
ਕਵਿਤਾ ਵਾਲੀ ਕਿਤਾਬ ਬਣ ਜਾਵੇਗੀ ।
No comments:
Post a Comment