Thursday, February 3, 2022

ਦਿੱਲੀ ਵਿਚ ਜਿਨਸੀ ਸ਼ੋਸ਼ਣ ਅਤੇ ਸੋਸ਼ਲ ਮੀਡਿਆ

ਗੱਲ 28 ਜਨਵਰੀ 2022 ਦੀ ਹੈ ਜਦੋਂ ਪਹਿਲੀ ਵੀਰ ਇਹ ਖ਼ਬਰ ਪੜ੍ਹੀ ਸੀ ਦਿੱਲੀ ਵਿਚ ਹੋਈ ਘਟਨਾ ਬਾਰੇ । ਇਕ 20 ਸਾਲ ਦੀ ਵਿਆਹੀ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ, ਉਸਦੇ ਕੇਸ ਕੱਟੇ ਗਏ, ਜੁੱਤੀਆਂ ਦਾ ਹਾਰ ਉਸਦੇ ਗੱਲ ਵਿਚ ਪਾਇਆ ਗਿਆ, ਅਤੇ ਉਸਨੂੰ ਕਲੋਨੀ ਦੇ ਵਿਚ ਘੁਮਾਇਆ ਗਿਆ । (ਇਕ ਵੀਡੀਉ ਦੇ ਵਿਚ ਇਹ ਮੈਂ ਦੇਖਿਆ ਹੈ । ਕੋਲ ਖੜੇ ਲੋਕ ਹਟਾਉਣ ਦੀ ਬਜਾਇ ਦੇਖ ਰਹੇ ਸੀ । ਕਿਧਰ ਨੂੰ ਜਾ ਰਹੀ ਹੈ ਮਨੁੱਖਤਾ ।) ਖ਼ਬਰ ਦੇ ਮੁਤਾਬਕ ਤਿੰਨ ਸਾਲ ਪਹਿਲਾਂ ਲੜਕੀ ਅਤੇ ਲੜਕੇ ਦਾ ਇਕੋ ਗੋਤ ਹੋਣ ਕਰਕੇ ਦੋਨਾਂ ਪਰਿਵਾਰਾਂ ਵੱਲੋਂ ਵਿਆਹ ਨਹੀਂ ਹੋਣ ਦਿੱਤਾ ਗਿਆ, ਫਿਰ ਲੜਕੀ ਦਾ ਕਿਸੇ ਹੋਰ ਲੜਕੇ ਨਾਲ ਵਿਆਹ ਕਰ ਦਿੱਤਾ ਗਿਆ । ਹੁਣ ਉਸ ਲੜਕੀ ਦੇ ਦੋ ਸਾਲ ਦੀ ਲੜਕੀ ਹੈ, ਪਰ ਉਹ ਲੜਕਾ ਫਿਰ ਵੀ ਉਸਦਾ ਪਿੱਛਾ ਕਰਦਾ ਰਿਹਾ । ਪਿਛਲੇ ਸਾਲ ਉਸ ਲੜਕੇ ਨੇ ਨਵੰਬਰ ਦੇ ਵਿਚ ਆਤਮਹੱਤਿਆ ਕਰ ਲਈ ਸੀ, ਜਿਸਦੇ ਲਈ ਲੜਕੇ ਵਾਲਾ ਪਰਿਵਾਰ ਲੜਕੀ ਨੂੰ ਜ਼ਿੰਮੇਵਾਰ ਦੱਸਦਾ ਹੈ, ਜਿਸ ਕਰਕੇ ਇਹ ਘਟਨਾ ਵਾਪਰੀ ।

ਕਿਸੇ ਦੀ ਇੱਜ਼ਤ ਤੇ ਹੱਥ ਪਾਉਣਾ ... ਇਸ ਤੋਂ ਵੱਧ ਕੋਈ ਸ਼ਰਮਨਾਕ ਅਤੇ ਘਟੀਆ ਗੱਲ ਨਹੀਂ ਹੋ ਸਕਦੀ । ਮੈਂ ਇਹ ਸਮਝਣ ਤੋਂ ਬਿਲਕੁਲ ਅਸਮਰਥ ਹਾਂ ਕਿ ਕੋਈ ਕਿਸ ਕਾਰਣ ਇਹ ਹਰਕਤ ਕਰ ਸਕਦਾ ਹੈ । ਪੰਜਾਬੀ ਦੇ ਵਿਚ ਤਾਂ ਇਹ ਕਹਾਵਤ ਬਹੁਤ ਮਸ਼ਹੂਰ ਹੈ ਕਿ ਧੀਆਂ ਅਤੇ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ । ਇਕ ਉਹ ਸਮਾਂ ਸੀ ਜਦੋਂ ਕਿਸੇ ਵੱਲ ਅੱਖ ਚੁੱਕ ਕੇ ਦੇਖਣਾ ਵੀ ਮਾੜਾ ਸਮਝਿਆ ਜਾਂਦਾ ਸੀ, ਹੁਣ ਦੇ ਸਮੇਂ ਦੇ ਵਿਚ ਤਾਂ ਸਾਰੀਆਂ ਹੱਦਾਂ ਹੀ ਪਾਰ ਹੋ ਗਈਆਂ ਨੇ ।

ਉੱਤਰ ਪ੍ਰਦੇਸ਼ ਦੀ ਇਕ ਖ਼ਬਰ ਪੜ੍ਹਨ ਨੂੰ ਮਿਲੀ ਸੀ 2015 ਦੀ ਕਿ ਇਕ ਖੱਪ ਪੰਚਾਇਤ ਨੇ ਦੋ ਭੈਣਾਂ ਦੇ ਜਿਨਸੀ ਸ਼ੋਸ਼ਣ ਕਰਨ ਦਾ ਹੁਕਮ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਭਰਾ ਇਕ ਵਿਆਹੀ ਹੋਈ ਔਰਤ ਦੇ ਨਾਲ ਭੱਜ ਗਿਆ ਸੀ, ਜਿਸਨੂੰ ਉਹ ਪਿਆਰ ਕਰਦਾ ਸੀ । ਪਿੰਡਾਂ ਦੇ ਵਿਚ ਪੰਚਾਇਤਾਂ ਹੋਣਾ ਆਮ ਜਿਹੀ ਗੱਲ ਹੈ, ਜੋ ਕਈ ਤਰ੍ਹਾਂ ਦੇ ਫ਼ੈਸਲੇ ਲੈਂਦੀਆਂ ਨੇ । ਪਰ ਇਹੋ ਜਿਹੇ ਫ਼ੈਸਲੇ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਨੇ ।

ਦਿੱਲੀ ਦੇ ਵਿਚ ਵਾਪਰੀ ਘਟਨਾ ਨੂੰ ਖ਼ਬਰ ਦੇ ਵਿਚ ਕਿਸੇ ਵੀ ਪ੍ਰਕਾਰ ਦਾ ਜਾਤੀ ਜਾਂ ਫਿਰ ਧਾਰਮਿਕ ਰੰਗ ਨਹੀਂ ਦਿੱਤਾ ਗਿਆ ਸੀ । ਇਸ ਘਟਨਾ ਬਾਰੇ ਚਾਨਣ 28 ਜਨਵਰੀ ਨੂੰ ਪਿਆ ਇਕ ਅਖਬਾਰ ਦੇ ਵਿਚ, ਪਰ ਇਹ ਘਟਨਾ 26 ਜਨਵਰੀ ਦੀ ਦੱਸੀ ਜਾਂਦੀ ਹੈ । ਸੋਸ਼ਲ ਮੀਡਿਏ ਤੇ ਇਸਨੂੰ ਇਕ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਕਿਹਾ ਜਾ ਰਿਹਾ ਹੈ ਕਿ ਉਹ ਲੜਕੀ ਸਿੱਖ ਸੀ । ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਇਸ ਬਾਰੇ ਆਪਣੀ 31 ਜਨਵਰੀ ਦੀ ਇਕ ਵਿਡੀਉ ਦੇ ਵਿਚ ਜ਼ਿਕਰ ਕੀਤਾ ਹੈ । ਪਰ ਉਨ੍ਹਾਂ ਨੇ ਲੜਕੀ ਦੇ ਧਰਮ ਦਾ ਕੋਈ ਜ਼ਿਕਰ ਨਹੀਂ ਕੀਤਾ । ਪਰ ਸ਼ਾਇਦ ਇਹ ਸਹੀ ਹੋਵੇ ਕਿ ਉਹ ਲੜਕੀ ਸਿੱਖ ਸੀ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਇਹ ਬਿਆਨ ਇਸ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ, ਜੇਕਰ ਉਨ੍ਹਾਂ ਨੇ ਸਿੱਧੇ ਤੌਰ ਤੇ ਇਸਦਾ ਜ਼ਿਕਰ ਨਹੀਂ ਵੀ ਕੀਤਾ । ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਕ ਵੀਡੀਉ ਦੇ ਵਿਚ ਇਹ ਦੇਖਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵੀ ਉਸ ਲੜਕੀ ਦੇ ਘਰ ਪਹੁੰਚਿਆ ਅਤੇ ਵੱਡੀ ਕ੍ਰਿਪਾਨ ਲੜਕੀ ਦੇ ਪਿਉ ਨੂੰ ਦਿੱਤੀ ।

ਪਰ ਗੱਲ ਇਥੇ ਧਰਮ ਦੀ ਬਿਲਕੁਲ ਵੀ ਨਹੀਂ ਹੈ । ਗੱਲ ਇਥੇ ਤਸ਼ੱਦਦ ਅਤੇ ਬਲਾਤਕਾਰ ਦੀ ਹੈ । ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੇਜਰੀਵਾਲ ਨੇ ਇਸ ਬਾਰੇ ਟਵੀਟ[1] ਵੀ ਕੀਤਾ ਸੀ । ਪਰ ਉਹ ਕੇਜਰੀਵਾਲ ਜੋ ਪੰਜਾਬ ਦੀ ਆਪਣੀ ਫੇਰੀ ਦੌਰਾਨ ਸ਼ਾਤੀ ਮਾਰਚ ਕੱਢ ਰਿਹਾ ਸੀ ਬੇਅਦਬੀ ਅਤੇ ਬੰਬ ਧਮਾਕੇ ਕਰਕੇ, ਇਸ ਬਾਰੇ ਉਸ ਨੇ ਸਿਰਫ਼ ਟਵੀਟ ਕਰਕੇ ਹੀ ਸਾਰ ਦਿੱਤਾ, ਅਤੇ ਨਾਲ ਹੀ 10 ਲੱਖ ਰੁਪਏ ਅਤੇ ਇਕ ਵਕੀਲ ਦੇਣ ਲਈ ਕਿਹਾ । ਪੰਜਾਬ ਦੇ ਵਿਚ ਵੋਟਾਂ ਨੇ ਇਸ ਕਰਕੇ ਕੁਝ ਕੁ ਲੋਕਾਂ ਨੂੰ ਲੁਭਾਉਣ ਦੇ ਲਈ ਇਹ ਮਾਰਚ ਕੱਢਿਆ ਗਿਆ ਸੀ ।

ਜਦੋਂ ਬਲਾਤਕਾਰ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਤਾਂ ਕੁਝ ਕੁ ਲੋਕ ਸਖ਼ਤ ਸਜਾਵਾਂ ਦੇਣ ਦੇ ਹੱਕ ਦੇ ਵਿਚ ਆ ਜਾਂਦੇ ਨੇ । ਸਖ਼ਤ ਸਜਾਵਾਂ, ਜਾਂ ਫਿਰ ਫਾਂਸੀ, ਦੇਣ ਨਾਲ ਗੁਨਾਹ ਨਹੀਂ ਰੁਕਦੇ । ਇਸ ਤਰ੍ਹਾਂ ਨਾਲ ਨਾ ਕਦੇ ਹੋਇਆ ਹੈ ਨਾ ਕਦੇ ਹੋਵੇਗਾ । ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਦਾ ਇਕੋ-ਇਕ ਤਰੀਕਾ ਹੈ ਕਿ ਲੋਕਾਂ ਨੂੰ ਦੂਜੇ ਲੋਕਾਂ ਲਈ ਹਮਦਰਦੀ ਰੱਖਣੀ ਚਾਹੀਦੀ ਹੈ । ਕਿਸੇ ਬੀਬੀ ਦੀ ਇੱਜ਼ਤ ਤੇ ਹੱਥ ਪਾਉਣਾ ਤਾਂ ਕਿਸੇ ਵੀ ਤਰੀਕੇ ਨਾਲ ਸਹੀ ਕਰਾਰ ਦਿੱਤਾ ਹੀ ਨਹੀਂ ਜਾ ਸਕਦਾ । ਜਿਵੇਂ ਕਿਸੇ ਸਮੇਂ ਤੇ ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਨੇ ਮੁੱਖ-ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਉਹ (ਮੁਸਲਿਮ) ਇਕ ਹਿੰਦੂ ਕੁੜੀ ਲੈ ਕੇ ਜਾਣਗੇ ਤਾਂ ਅਸੀਂ 100 ਮੁਸਲਿਮ ਕੁੜੀਆਂ ਲਿਆਵਾਂਗੇ, ਅਤੇ ਕਿਸੇ ਨੇ ਕਬਰਾਂ ਵਿਚੋਂ ਔਰਤਾਂ ਨੂੰ ਕੱਢ ਕੇ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਸੀ । ਜੇਕਰ ਰਾਜ ਕਰਨ ਵਾਲਿਆਂ ਦੀ ਹੀ ਅਜਿਹੀ ਮਾਨਸਿਕਤਾ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੋਵੇਗਾ ।

ਇਸ ਖ਼ਬਰ ਦੇ ਨਾਲ ਸਿੱਖ ਪੇਜਾਂ ਵਾਲਿਆਂ ਨੇ ਇਹ ਗੱਲ ਕੀਤੀ ਕਿ ਉਹ ਲੜਕੀ ਸਿੱਖ ਸੀ, ਉਸਦਾ ਗੈਂਗ-ਰੇਪ ਹੋਇਆ, ਅਤੇ ਫਿਰ ਉਸਨੇ ਖ਼ੁਦਕੁਸ਼ੀ ਕਰ ਲਈ । ਖ਼ੁਦਕੁਸ਼ੀ ਵਾਲੀ ਗੱਲ ਅਖ਼ਬਾਰਾਂ ਵੱਲੋਂ ਨਕਾਰੀ ਜਾ ਰਹੀ ਹੈ । ਪਰ ਪ੍ਰਸ਼ਨ ਇਹ ਹੈ ਕਿ ਇਹ ਖ਼ਬਰ ਆਈ ਕਿਥੋਂ ? ਕਿਸ ਨੇ ਇਹ ਖ਼ਬਰ ਘੜੀ ਅਤੇ ਪ੍ਰਚਾਰੀ ? ਇਹ ਹੋ ਸਕਦਾ ਹੈ ਕਿ ਭਾਵਨਾਵਾਂ ਦੇ ਵਿਚ ਆ ਕੇ ਕਈ ਪੇਜਾਂ ਵਾਲਿਆਂ ਨੇ ਦਵਾ-ਦਵ ਖ਼ਬਰ ਸ਼ੇਅਰ ਕਰ ਦਿੱਤੀ ਹੋਵੇ । ਪਰ ਜਿਸਨੇ ਵੀ ਇਹ ਖ਼ੁਦਕੁਸ਼ੀ ਵਾਲੀ ਖ਼ਬਰ ਲਿਖੀ, ਉਹ ਕਿਉਂ ਲਿਖੀ ? ਕੀ ਕਾਰਣ ਸੀ ? ਇਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਹੋ-ਜਿਹੀਆਂ ਖ਼ਬਰਾਂ ਕਈ ਵਾਰੀ ਦੰਗੇ ਵੀ ਕਰਾ ਸਕਦੀਆਂ ਨੇ । ਸੋ ਜੋ ਵੀ ਸਿੱਖ ਸੋਸ਼ਲ ਮੀਡਿਏ ਉਤੇ ਹਨ ਉਨ੍ਹਾਂ ਨੂੰ ਥੋੜ੍ਹਾ ਧਿਆਨ ਨਾਲ ਸਭ ਕੁਝ ਲਿਖਣਾ ਚਾਹੀਦਾ ਹੈ । ਸੋਸ਼ਲ ਮੀਡਿਏ ਨੇ ਆਪਾਂ ਨੂੰ ਕਾਫ਼ੀ ਅਜ਼ਾਦੀ ਦਿੱਤੀ ਹੈ, ਜਿਸਦਾ ਸੋਚ-ਸਮਝ ਕੇ ਇਸਤਮਾਲ ਕਰਨਾ ਚਾਹੀਦਾ ਹੈ ।

ਇਸ ਕੇਸ ਦੇ ਵਿਚ ਹੁਣ ਤੱਕ 11 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਨੇ, ਜਿਸ ਵਿਚ ਦੋ ਲੋਕ 18 ਸਾਲ ਤੋਂ ਘੱਟ ਨੇ ।

ਆਉ ਰਲ-ਮਿਲ ਕੇ ਹੋਕਾ ਦਈਏ ਕਿ ਕਿਸੇ ਬੀਬੀ ਦੀ ਇੱਜ਼ਤ ਉਤੇ ਹੱਥ ਪਾਉਣਾ ਸਭ ਤੋਂ ਵੱਡਾ ਗੁਨਾਹ ਹੈ ਅਤੇ ਇਹੋ-ਜਿਹੀ ਮਾਨਸਿਕਤਾ ਲੋਕਾਂ ਨੂੰ ਤਿਆਗਣੀ ਚਾਹੀਦੀ ਹੈ ।



[1] ये बेहद शर्मनाक है। अपराधियों की इतनी हिम्मत हो कैसे गई? केंद्रीय गृहमंत्री जी और उपराज्यपाल जी से मैं आग्रह करता हूँ कि पुलिस को सख़्त एक्शन लेने के निर्देश दें, क़ानून व्यवस्था पर ध्यान दें। दिल्लीवासी इस तरह के जघन्य अपराध और अपराधियों को किसी भी क़ीमत पर बर्दाश्त नहीं करेंगे।

No comments:

Post a Comment

Popular posts