ਮਨਜਿੰਦਰ ਸਿੰਘ ਸਿਰਸਾ, ਜਿਸਨੂੰ ਮੈਂ ਕਿਸੇ ਸਮੇਂ ਤੇ ਇਹ ਕਿਹਾ ਸੀ ਕਿ ਇਹੋ ਜਿਹੋ ਲੀਡਰ ਅਕਾਲੀ ਦਲ ਦੀ ਹਾਈ ਕਮਾਂਡ ਦੇ ਵਿਚ ਹੋਣੇ ਚਾਹੀਦੇ ਨੇ, ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ । ਇਸਦਾ ਕੀ ਕਾਰਣ ਹੈ ਉਨ੍ਹਾਂ ਨੇ ਉਜਾਗਰ ਨਹੀਂ ਕੀਤਾ ਬਸ ਇਹ ਕਿਹਾ ਹੈ ਕਿ ਨਿਜੀ ਕਾਰਣਾਂ ਕਰਕੇ ਅਸਤੀਫ਼ਾ ਦਿੱਤਾ ਹੈ । ਇਕ ਵੀਡੀਓ ਦੇ ਰੂਪ ਦੇ ਵਿਚ ਵੀ ਇਹ ਸਾਹਮਣੇ ਆਇਆ ।
ਇਸ ਤੋਂ ਵੀ ਅੱਗੇ ਜੋ ਉਨ੍ਹਾਂ ਕੀਤਾ ਉਹ ਹੈ ਬੀ.ਜੇ.ਪੀ ਨਾਲ ਹੱਥ ਮਿਲਾਉਣਾ । ਅਕਾਲੀ ਦਲ ਦੇ ਦਲਜੀਤ ਚੀਮੇ ਨੇ ਕਿਹਾ ਕਿ ਇਹ ਉਨ੍ਹਾਂ ਨੇ ਦਬਾਅ ਅਧੀਨ ਆ ਕੇ ਕੀਤਾ ਕਿਉਂਕਿ ਉਨ੍ਹਾਂ ਤੇ ਕੇਸ ਦਰਜ਼ ਕੀਤਾ ਗਿਆ ਹੈ । ਸਿਰਸਾ ਜੋ ਬਾਦਲਾਂ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਰਿਹਾ, ਅੱਜ ਉਨ੍ਹਾਂ ਦੇ ਹੀ ਖ਼ਿਲਾਫ਼ ਹੋ ਗਿਆ ।
ਇੱਦਾਂ ਹੋ ਸਕਦਾ ਹੈ ਕਿ ਸਿਰਸੇ ਨੂੰ ਬੀ.ਜੇ.ਪੀ ਪੰਜਾਬ ਦੇ ਮੁੱਖ-ਮੰਤਰੀ ਦੇ ਰੂਪ ਵਿਚ ਲੈ ਕੇ ਆਵੇ 2022 ਦੀਆਂ ਚੋਣਾਂ ਵੇਲੇ । ਭਾਰਤ ਦੇ ਦੂਜੇ ਰਾਜਾਂ ਦੇ ਵਿਚ ਰਾਜਾਂ ਨਾਲ ਸੰਬੰਧਤ ਲੋਕਾਂ ਨੂੰ ਹੀ ਇਨ੍ਹਾਂ ਨੇ ਮੁੱਖ-ਮੰਤਰੀ ਦੇ ਰੂਪ ਦੇ ਵਿਚ ਚੁਣਿਆ ਹੈ । ਹਾਂ, ਇਨ੍ਹਾਂ ਦਾ ਮੁੱਦਾ ਰਾਸ਼ਟਰਵਾਦ ਅਤੇ ਹਿੰਦੂਤਵ ਦੀਆਂ ਨੀਤੀਆਂ ਨਾਲ ਸੰਬੰਧਤ ਰਿਹਾ ਹੈ । ਹੁਣ ਤਾਂ ਇੰਝ ਲੱਗ ਰਿਹਾ ਹੈ ਕਿ ਹਰ ਕੋਈ ਪਾਰਟੀ ਆਪਣੀਆਂ ਵੋਟਾਂ ਦੇ ਲਈ ਹਿੰਦੂਤਵ ਦਾ ਏਜੰਡਾ ਲੈ ਕੇ ਆ ਰਹੀ ਹੈ । ਕਾਂਗਰਸ ਵੀ ਸੁਨੀਲ ਜਾਖੜ ਲਈ ਕੁਝ ਲੈ ਕੇ ਆ ਰਹੀ ਹੈ । ਵੈਸੇ ਸ਼ਾਇਦ ਇੱਦਾਂ ਨਾ ਹੋਵੇ, ਪਰ ਕੀ ਪਤਾ ਸੁਨੀਲ ਜਾਖੜ ਨੂੰ ਹੀ ਮੁੱਖ-ਮੰਤਰੀ ਜਾਂ ਫਿਰ ਉਪ-ਮੁੱਖ ਮੰਤਰੀ ਦੇ ਰੂਪ ਦੇ ਵਿਚ ਕਾਂਗਰਸ ਪੱਤਾ ਖੇਡੇ ਹਿੰਦੂਆਂ ਦੀਆਂ ਵੋਟਾਂ ਲੈਣ ਦੇ ਲਈ ।
ਇਸੇ ਤਰ੍ਹਾਂ ਜੇਕਰ 1966 ਤੋਂ ਬਾਅਦ ਦੇਖਿਆ ਜਾਵੇ ਤਾਂ ਪੰਜਾਬ ਦਾ ਮੁੱਖ-ਮੰਤਰੀ ਸਿਰਫ਼ ਤੇ ਸਿਰਫ਼ ਇਕ ਸਿੱਖ ਦਿੱਖ ਵਾਲਾ ਬੰਦਾ ਜਾਂ ਬੀਬੀ ਹੀ ਰਹੀ ਹੈ । ਚਾਹੇ ਸਿੱਖੀ ਵਾਲੇ ਕੋਈ ਵੀ ਕੰਮ ਨਾ ਕਰਦਾ ਹੋਵੇ ਉਹ ਬੰਦਾ, ਪਰ ਫਿਰ ਵੀ ਕਿਸੇ ਸਿੱਖ ਦਿਸਣ ਵਾਲੇ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾਇਆ ਗਿਆ ਹੈ । ਹੁਣ ਸ਼ਾਇਦ ਇਹ ਬਦਲ ਜਾਵੇ, ਵੈਸੇ ਆਸਾਰ ਤਾਂ ਬਹੁਤ ਘੱਟ ਨੇ, ਪਰ ਸਮਾਂ ਹੀ ਦੱਸੇਗਾ ਕਿ ਕੀ ਹੁੰਦਾ ਹੈ ।
ਬੀ.ਜੇ.ਪੀ ਨੇ ਕੋਈ ਵੀ ਚਿਹਰਾ ਨਹੀਂ ਦੱਸਿਆ ਪੰਜਾਬ ਦੇ ਮੁੱਖ-ਮੰਤਰੀ ਦੇ ਲਈ । ਉਨ੍ਹਾਂ ਕੋਲ ਕੋਈ ਸਿੱਖ ਚਿਹਰਾ ਹੋਵੇ ਵੀ ਨਾ, ਤਾਈਂਓਂ ਸਿਰਸਾ ਆਇਆ ਹੋਵੇ? ਪਰ ਕਿਸੇ ਬੰਦੇ ਨੂੰ ਆਉਣ ਸਾਰ ਪਾਰਟੀ ਦੀ ਏਡੀ ਵੱਡੀ ਕੁਰਸੀ ਤੇ ਬਿਠਾਉਣਾ ਔਖਾ ਹੈ । ਪੰਜਾਬ ਦੀ ਰਾਜਨੀਤੀ ਸ਼ਾਇਦ ਇਹ ਔਖਿਆਈ ਵੀ ਸੌਖੀ ਕਰ ਦੇਵੇ । ਸਿਰਸੇ ਕੋਲ ਤਾਂ ਸਿੱਖਾਂ ਲਈ ਕੀਤੇ ਕੰਮ ਹੀ ਬਹੁਤੇ ਨੇ । ਜਿੰਨਾਂ ਸਿਰਸਾ ਸੋਸ਼ਲ ਮੀਡੀਏ ਤੇ ਰਿਹਾ ਹੈ ਸ਼ਾਇਦ ਹੀ ਕੋਈ ਹੋਰ ਅਕਾਲੀ ਆਗੂ ਰਿਹਾ ਹੋਵੇ । ਬੀ.ਜੇ.ਪੀ ਕੋਲ ਅਜਿਹਾ ਸਿੱਖ ਹੋਣਾ ਕਾਫ਼ੀ ਭਾਰੀ ਪੈ ਸਕਦਾ ਦੂਜਿਆਂ ਤੇ । ਇਕ ਹੋਰ ਕਾਰਣ ਜੋ ਲੱਗਦਾ ਹੈ ਕਿ ਉਸਨੂੰ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ ਉਹ ਹੈ ਉਸਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਲੜਨ ਤੋਂ ਨਾਂਹ ਕਰਨਾ । ਜੇਕਰ ਉਹ ਬੀ.ਜੇ.ਪੀ ਦੇ ਵਿਚ ਗਿਆ ਹੈ ਅਤੇ ਅਗਲੀਆਂ ਚੋਣਾਂ ਵੀ ਨਹੀਂ ਲੜ ਰਿਹਾ ਗੁਰਦੁਆਰਿਆਂ ਦੀਆਂ, ਫਿਰ ਆਇਆ ਕਿਸ ਕਰਕੇ ਬੀ.ਜੇ.ਪੀ ਦੇ ਵਿਚ? ਸਿਰਫ਼ ਤੇ ਸਿਰਫ਼ ਕੇਸ ਨਹੀਂ ਹੋ ਸਕਦੇ ਕਾਰਣ, ਕੁਝ ਮਿਲਦਾ ਹੋਵੇਗਾ ਤਦ ਹੀ ਇਹ ਫ਼ੈਸਲਾ ਲਿੱਤਾ ਹੋਵੇਗਾ ।
ਹੋਰ ਜਿਹੜਾ ਰਸਤਾ ਬੀ.ਜੇ.ਪੀ ਕੋਲ ਹੈ ਉਹ ਹੈ ਕੈਪਟਨ ਨਾਲ ਹੱਥ ਮਿਲਾਉਣਾ । ਪਰ ਕੀ ਕੈਪਟਨ ਹੱਥ ਮਿਲਾਉਣ ਤੋਂ ਬਾਅਦ ਕਿਸੇ ਹੋਰ ਨੂੰ ਮੁੱਖ-ਮੰਤਰੀ ਦੇ ਰੂਪ ਦੇ ਵਿਚ ਦੇਖ ਲਵੇਗਾ? ਯਾ ਫਿਰ ਬੀ.ਜੇ.ਪੀ ਵਿਚੋਂ ਜ਼ਿਆਦਾ ਲੋਕਾਂ ਨੂੰ ਕੈਬਨਿਟ ਦੇ ਵਿਚ ਲੈ ਲਵੇਗਾ ਅਤੇ ਆਪ ਮੁੱਖ-ਮੰਤਰੀ ਰਹੇਗਾ? ਇਹ ਸਮਾਂ ਹੀ ਦੱਸੇਗਾ । ਇਥੇ ਪੰਜਾਬ ਦੇ ਵਿਚ ਰਹਿੰਦੇ ਹਿੰਦੂਆਂ ਲਈ ਵੀ ਇਮਤਿਹਾਨ ਦੀ ਘੜੀ ਹੈ, ਕੀ ਉਹ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਜਾਂ ਫਿਰ ਬੀ.ਜੇ.ਪੀ ਦੇ ਰਾਮ ਮੰਦਰ ਪਿਛੇ ਲੱਗ ਸਭ ਕੁਝ ਭੁੱਲ ਜਾਣਗੇ ।
No comments:
Post a Comment